ਬਰੈਂਪਟਨ/ਡਾ. ਝੰਡ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਆਪਣੇ ਅਕਤੂਬਰ ਮਹੀਨੇ ਦੇ ਸਮਾਗ਼ਮ ਵਿੱਚ ਉੱਘੀ ਗ਼ਜ਼ਲਗੋ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਹਿਮ ਅਹੁਦੇਦਾਰ ਡਾ. ਗੁਰਚਰਨ ਕੌਰ ਕੋਛੜ ਨਾਲ ਸਫ਼ਲ ਰੂ-ਬਰੂ ਕਰਵਾਇਆ। ਇਹ ਸਮਾਗ਼ਮ ਪਿਛਲੇ ਸਮਾਗ਼ਮਾਂ ਵਾਂਗ ‘ਹੋਮਲਾਈਫ਼ ਰਿਅਲਟੀ ਆਫ਼ਿਸ’ ਦੇ ਮੀਟਿੰਗ ਹਾਲ ਵਿੱਚ 16 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਹੋਇਆ। ਸਮਾਗ਼ਮ ਦੀ ਸ਼ੁਰੁਆਤ ਇਕਬਾਲ ਬਰਾੜ ਦੀਂ ਸੁਰੀਲੀ ਆਵਾਜ਼ ਵਿੱਚ ਗਾਈ ਹੋਈ ਮੈਡਮ ਕੋਛੜ ਦੀ ਗ਼ਜ਼ਲ ‘ਭੁਲਾ ਕੇ ਸੱਭ ਗਿਲ੍ਹੇ-ਸ਼ਿਕਵੇ ਆ ਕਰੀਏ ਦੋਸਤੀ ਮੁੜ ਤੋਂ, ਇਹ ਮੇਲਾ ਚਾਰ ਦਿਨ ਦਾ ਹੈ ਨਾ ਮਿਲਣੀ ਜ਼ਿੰਦਗੀ ਮੁੜ ਤੋਂ’ ਦੇ ਨਾਲ ਕੀਤੀ ਗਈ, ਜਿਸ ਦਾ ਸ਼ਿਅਰ ‘ਇਹੋ ਮੇਰੀ ਦੁਆ ਹੈ ਇਸ ਤਰ੍ਹਾਂ ਹਾਲਾਤ ਹੋ ਜਾਵਣ, ਕਰੇ ਭੁੱਲ ਕੇ ਨਾ ਕੋਈ ਅੰਨਦਾਤਾ ਖ਼ੁਦਕਸ਼ੀ ਮੁੜ ਤੋਂ’ ਸਰੋਤਿਆਂ ਨੂੰ ਬੇਹੱਦ ਭਾਵੁਕ ਕਰ ਗਿਆ। ਉੱਘੀ-ਕਵਿੱਤਰੀ ਸੁਰਜੀਤ ਕੌਰ ਨੇ ਮੈਡਮ ਕੋਛੜ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਅਧਿਆਪਕ ਰਹੇ ਹਨ ਅਤੇ ਹੁਣ ਤੱਕ ਆਪਣੀਆਂ ਗ਼ਜ਼ਲਾਂ ਅਤੇ ਆਰਟੀਕਲਾਂ ਦੀਆਂ 9 ਪੁਸਤਕਾਂ ਪੰਜਾਬੀ ਪਾਠਕਾਂ ਨੂੰ ਭੇਂਟ ਕਰ ਚੁੱਕੇ ਹਨ ਜਿਸ ਕਰਕੇ ਉਨ੍ਹਾਂ ਨੂੰ ਕਈ ਇਨਾਮ ਮਿਲ ਚੁੱਕੇ ਹਨ ਜਿਨ੍ਹਾਂ ਵਿੱਚ ਸਟੇਟ ਐਵਾਰਡ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਹੱਥੋਂ ਪ੍ਰਾਪਤ ਹੋਇਆ ਨੈਸ਼ਨਲ ਐਵਾਰਡ ਵੀ ਸ਼ਾਮਲ ਹਨ।
ਇਸ ਮੌਕੇ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਉਨ੍ਹਾਂ ਬਾਰੇ ਬੋਲਦਿਆਂ ਕਿਹਾ ਕਿ ਗੁਰਚਰਨ ਕੋਛੜ ਇੱਕ ਵਧੀਆ ਲੇਖਿਕਾ ਹਨ ਅਤੇ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਕੋਈ ਫ਼ਰਕ ਨਹੀਂ ਹੈ। ਉਨ੍ਹਾਂ ਨੇ ਆਪਣੇ ਤਾਜ਼ੇ ਲਿਖੇ ਦੋ ‘ਦੋਹੇ’ ਵੀ ਮੈਡਮ ਕੋਛੜ ਨੂੰ ਸਮਰਪਿਤ ਕੀਤੇ। ਉੱਘੇ ਗ਼ਜ਼ਲਗੋ ਪ੍ਰੋ. ਮਹਿੰਦਰਦੀਪ ਦਾ ਕਹਿਣਾ ਸੀ ਕਿ ਗ਼ਜ਼ਲ ਲਿਖਣ ਲਈ ਤਿੰਨ ਅਹਿਮ-ਨੁਕਤਿਆਂ ਦੀ ਜ਼ਰੂਰਤ ਹੈ- ਸ਼ਬਦ-ਭੰਡਾਰ, ਜਜ਼ਬਾਤ ਤੇ ਅਰੂਜ਼, ਅਤੇ ਗੁਰਚਰਨ ਕੋਛੜ ਕੋਲ ਇਹ ਤਿੰਨੇ ਹੀ ਹਨ। ਪ੍ਰੋ. ਰਾਮ ਸਿੰਘ ਨੇ ਗੁਰਚਰਨ ਕੋਛੜ ਨੂੰ ‘ਸੱਤ ਸੁਰਾਂ ਦਾ ਸੰਗਮ’ ਕਰਾਰ ਦਿੰਦਿਆਂ ਉਨ੍ਹਾਂ ਦੀ ਬਹੁ-ਪੱਖੀ ਸ਼ਖਸੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨਗੀ-ਮੰਡਲ ਵਿੱਚ ਗੁਰਚਰਨ ਕੌਰ ਕੋਛੜ ਤੋਂ ਇਲਾਵਾ ਸਭਾ ਦੇ ਸੀਨੀਅਰ ਮੈਂਬਰ ਕਰਨ ਅਜਾਇਬ ਸਿੰਘ ਸੰਘਾ ਅਤੇ ਸਰਬਜੀਤ ਕੌਰ ਕਾਹਲੋਂ ਸ਼ਾਮਲ ਸਨ। ਸਮਾਗ਼ਮ ਦੇ ਇਸ ਸੈਸ਼ਨ ਦੀ ਕਾਰਵਾਈ ਸੁਖਦੇਵ ਸਿੰਘ ਝੰਡ ਨੇ ਨਿਭਾਈ। ਸਮਾਗ਼ਮ ਦੇ ਦੂਸਰੇ ਸੈਸ਼ਨ ਵਿੱਚ ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਤਲਵਿੰਦਰ ਮੰਡ ਨੇ ਸੱਭ ਤੋਂ ਪਹਿਲਾਂ ਗ਼ਜ਼ਲਗੋ ਬਲਰਾਜ ਧਾਲੀਵਾਲ ਨੂੰ ਮੰਚ ‘ਤੇ ਆਉਣ ਦੀ ਦਾਅਵਤ ਦਿੱਤੀ ਜਿਨ੍ਹਾਂ ਨੇ ਆਪਣੀ ਖ਼ੂਬਸੂਰਤ ਗ਼ਜ਼ਲ ਨਾਲ ਸਰੋਤਿਆਂ ਦਾ ਦਿਲ ਮੋਹਿਆ। ਉਪਰੰਤ, ਵਾਰੋ-ਵਾਰੀ ਸੁਖਿੰਦਰ, ਪਰਮ ਸਰਾਂ, ਬਲਜੀਤ ਧਾਲੀਵਾਲ, ਗਿਆਨ ਸਿੰਘ ਦਰਦੀ, ਲਖਬੀਰ ਸਿੰਘ ਤਹਿਸੀਲਦਾਰ, ਹਰਜੀਤ ਬੇਦੀ, ਜੋਗਿੰਦਰ ਸਿੰਘ ਅਣਖੀਲਾ, ਕੈਲਾਸ਼ ਮਹੰਤ, ਪ੍ਰੋ. ਜਗੀਰ ਸਿੰਘ ਕਾਹਲੋਂ, ਪ੍ਰੋ. ਮਹਿੰਦਰਦੀਪ ਗਰੇਵਾਲ, ਸੁਰਜੀਤ ਕੌਰ, ਹਰਭਜਨ ਕੌਰ ਗਿੱਲ ਤੇ ਸੁਰਿੰਦਰ ਸ਼ਰਮਾ ਨੇ ਆਪਣੀਆਂ ਕਵਿਤਾਵਾਂ ਨਾਲ ਵਧੀਆ ਕਾਵਿ-ਰੰਗ ਬੰਨ੍ਹਿਆ। ਪ੍ਰੋਗਰਾਮ ਦਾ ਸਿਖ਼ਰ ਪਰਮਜੀਤ ਗਿੱਲ ਦਾ ਗੀਤ ‘ਪਰਦੇਸੀਂ ਵੱਸਣ ਵਾਲਿਓ ਵੇ, ਇੱਕ ਮਿੱਟੀ ਆਪਣੀ ਭੁੱਲਿਓ ਨਾ, ਇੱਕ ਚੇਤੇ ਆਪਣੀ ਮਾਂ ਰੱਖਣਾ’ ਇਕਬਾਲ ਬਰਾੜ ਦਾ ਗਾਇਆ ਗੀਤ ‘ਕੱਲ੍ਹ ਵਤਨਾਂ ਦਾ ਆਇਆ ਸੁਪਨਾ, ਅੱਧੀ ਰਾਤ ਪਹਿਰ ਦੇ ਤੜਕੇ’ ਅਤੇ ਸੁਖਮਿੰਦਰ ਰਾਮਪੁਰੀ ਦਾ ਗੀਤ ‘ਨਿੱਕਾ ਜਿਹਾ ਜੀਆ ਭਾਵੇਂ ਅੜੀਆਂ ਕਰੇ, ਬੜੀ ਜ਼ਿਦ ਵੀ ਕਰੇ, ਬੜਾ ਜ਼ਿੱਚ ਵੀ ਕਰੇ, ਓਹਦੀ ਇੱਕੋ ਗੱਲ ਮਾੜੀ, ਰਾਤੀਂ ਮੁੜੇ ਨਾ ਘਰੇ’ ਸਨ, ਜਿਨ੍ਹਾਂ ਸਰੋਤਿਆਂ ਕੋਲੋਂ ਭਰਪੂਰ ਤਾੜੀਆਂ ਲਈਆਂ। ਸਰੋਤਿਆਂ ਵਿੱਚ ਮਹਿੰਦਰ ਸਿੰਘ ਵਾਲੀਆ, ਸੁਰਿੰਦਰ ਸਿੰਘ ਸੰਧੂ, ਮਲੂਕ ਸਿੰਘ ਕਾਹਲੋਂ, ਹਰਜਿੰਦਰ ਸਿੰਘ ਜੌਲੀ, ਬੇਅੰਤ ਸਿੰਘ ਬਿਰਦੀ, ਲਖਬੀਰ ਸਿੰਘ ਗਰੇਵਾਲ, ਬਿਕਰਮਜੀਤ ਸਿੰਘ ਗਿੱਲ, ਜੇ.ਪੀ. ਸਿੰਘ ਸਮੇਤ ਕਈ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਨੇ ਕਰਵਾਇਆ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਛੜ ਨਾਲ ਰੂ-ਬ-ਰੂ
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …