ਬਰੈਂਪਟਨ/ਡਾ. ਝੰਡ : ਬਹੁ-ਪੱਖੀ ਸ਼ਖ਼ਸੀਅਤ ਉੱਘੇ ਪਥਾਲੋਜਿਸਟ ਡਾ. ਮਨਜੀਤ ਸਿੰਘ ਬੱਲ ਜਿਹੜੇ ਨਾ ਕੇਵਲ ਸਫ਼ਲ ਡਾਕਟਰ, ਅਧਿਆਪਕ, ਗਾਇਕ ਅਤੇ ਵਧੀਆ ਲੇਖਕ ਹੀ ਹਨ, ਸਗੋਂ ਇੱਕ ਚੰਗੇ ਫਿਲਮ-ਮੇਕਰ ਵੀ ਹਨ। ਉਨ੍ਹਾਂ ਦੀਆਂ ਸਿਹਤ ਸਬੰਧੀ ਜਾਗਰੂਕਤਾ ਅਤੇ ਕਵਿਤਾਵਾਂ, ਕਹਾਣੀਆਂ ਦੀਆਂ ਹੁਣ ਤੱਕ 11 ਪੁਸਤਕਾਂ ਆ ਚੁੱਕੀਆਂ ਹਨ ਅਤੇ ਉਨ੍ਹਾਂ ਨੇ ਦੋ ਫ਼ਿਲਮਾਂ ‘ਮੁਸੱਰਤ ਸਰਹੱਦੋਂ ਪਾਰ’ ਅਤੇ ‘ਝਾਂਜਰ ਵਿੱਦ ਔਸਟੀਓ ਸਾਰਕੋਮਾ’ ਬਣਾਈਆਂ ਹਨ।
ਬੀਤੇ ਸ਼ਨੀਵਾਰ 30 ਸਤੰਬਰ ਨੂੰ ਇਸ ਫ਼ਿਲਮ ਦੇ ਸ਼ੋਅ ਦਾ ਪ੍ਰਬੰਧ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਸਹਿਯੋਗ ਨਾਲ 2250 ਬੋਵੇਰਡ ਡਰਾਈਵ (ਈਸਟ) ਸਥਿਤ ‘ਹੋਮਲਾਈਫ਼ ਰਿਅਲਟੀ ਆਫ਼ਿਸ’ ਦੇ ਸੈਮੀਨਾਰ ਹਾਲ ਵਿਚ ਕੀਤਾ ਗਿਆ ਜਿੱਥੇ 50 ਤੋਂ ਵਧੀਕ ਦਰਸ਼ਕਾਂ ਨੇ ਇਸ ਦਾ ਅਨੰਦ ਮਾਣਿਆਂ ਅਤੇ ਨਾਲ ਦੀ ਨਾਲ ਕੈਂਸਰ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਫ਼ਿਲਮ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਡਾ. ਸੁਖਦੇਵ ਸਿੰਘ ਝੰਡ ਨੇ ਬਹੁ-ਪੱਖੀ ਸ਼ਖ਼ਸੀਅਤ ਡਾ. ਮਨਜੀਤ ਸਿੰਘ ਬੱਲ ਬਾਰੇ ਸੰਖੇਪ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਦਿਆਂ ਉਨ੍ਹਾਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕੀਤਾ ਜਿਨ੍ਹਾਂ ਆਪਣੇ ਜੀਵਨ ਅਤੇ ਮੁੱਖ ਪ੍ਰਾਪਤੀਆਂ ਬਾਰੇ ਦੱਸਦਿਆਂ ਹੋਇਆਂ ਸਲਾਈਡ-ਸ਼ੋਅ ਦੀ ਮਦਦ ਨਾਲ ਕੈਂਸਰ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਹੀ ਇਹ ਫੀਚਰ ਫ਼ਿਲਮ ਸ਼ੁਰੂ ਕਰ ਦਿੱਤੀ ਗਈ।
ਫ਼ਿਲਮ ਦੇ ਸ਼ੋਅ ਉਪਰੰਤ ਇਸ ਦੇ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਚੇਅਰਮੈਨ ਬਲਰਾਜ ਚੀਮਾ ਨੇ ਕਿਹਾ ਕਿ ਇਹ ਫ਼ਿਲਮ ਆਮ ਨਾਲੋਂ ਬਿਲਕੁਲ ਹੱਟਵੀਂ ਹੈ ਅਤੇ ਡਾ.ਮਨਜੀਤ ਸਿੰਘ ਬੱਲ ਨੇ ਇਸ ਉੱਪਰ ਬੜੀ ਮਿਹਨਤ ਕੀਤੀ ਹੈ। ਡਾ. ਸੁਖਦੇਵ ਝੰਡ ਦਾ ਕਹਿਣਾ ਸੀ ਉਨ੍ਹਾਂ ਨੇ ਬੀਮਾਰੀਆਂ ਨਾਲ ਸਬੰਧਿਤ ਇੱਕਾ-ਦੁੱਕਾ ਫਿਲਮਾਂ ਨੂੰ ਛੱਡ ਕੇ ਆਮ ਤੌਰ ‘ਤੇ ਡਾਕੂਮੈਂਟਰੀ ਫ਼ਿਲਮਾਂ ਹੀ ਵੇਖੀਆਂ ਹਨ ਅਤੇ ਇਹ ਫੀਚਰ ਫ਼ਿਲਮ ਕੈਂਸਰ ਸਬੰਧੀ ਜਾਗਰੂਕਤਾ ਵਿਚ ਨਿੱਗਰ ਵਾਧਾ ਕਰਦੀ ਹੈ। ਉਨ੍ਹਾਂ ਤੋਂ ਇਲਾਵਾ ਡਾ. ਹਰਦੀਪ ਸਿੰਘ ਅਟਵਾਲ, ਡਾ. ਭਰਪੂਰ ਸਿੰਘ, ਡਾ. ਬਬੀਤਾ, ‘ਸਰੋਕਾਰਾਂ ਦੀ ਆਵਾਜ਼’ ਦੇ ਸੰਪਾਦਕ ਹਰਬੰਸ ਸਿੰਘ ਅਤੇ ਕਈ ਹੋਰਨਾਂ ਨੇ ਫ਼ਿਲਮ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਾਜ਼ਰੀਨ ਵਿਚ ਡਾ.ਮਨਜੀਤ ਸਿੰਘ ਬੱਲ ਦੇ ਸਾਥੀਆਂ ਡਾ. ਅਮਰੀਕ ਸਿੰਘ ਜੱਜ ਤੇ ਡਾ.ਜਰਨੈਲ ਸਿੰਘ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਤਲਵਿੰਦਰ ਮੰਡ, ਇਕਬਾਲ ਬਰਾੜ, ਡਾ.ਜਗਮੋਹਨ ਸਿੰਘ ਸੰਘਾ ਤੇ ਸੁਰਜੀਤ ਕੌਰ ਤੋਂ ਇਲਾਵਾ ਇੰਜੀ. ਦਲਬੀਰ ਸਿੰਘ ਕੰਬੋਜ, ਅਵਤਾਰ ਸਿੰਘ ਬੈਂਸ, ਪਿਆਰਾ ਸਿੰਘ ਤੂਰ, ਮਹਿੰਦਰ ਸਿੰਘ ਵਾਲੀਆ, ਦਰਸ਼ਨ ਸਿੰਘ ਗਰੇਵਾਲ, ਸੁਰਿੰਦਰ ਸਿੰਘ ਸੰਧੂ, ਦਵਿੰਦਰ ਸਿੰਘ ਤੂਰ, ਭੁਪਿੰਦਰ ਕੌਰ ਬਾਠ, ਬਲਬੀਰ ਕੌਰ ਅਤੇ ਹੋਰ ਕਈਆਂ ਸਮੇਤ 50 ਤੋਂ ਵਧੇਰੇ ਦਰਸ਼ਕ ਮੌਜੂਦ ਸਨ।
ਅਖ਼ੀਰ ਵਿਚ ‘ਸਰੋਕਾਰਾਂ ਦੀ ਆਵਾਜ’ ਵੱਲੋਂ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦਿਤ ਪੁਸਤਕ ‘ਕਾਮਾਗਾਟਾਮਾਰੂ ਜਹਾਜ਼ ਦਾ ਇਤਿਹਾਸਕ ਸੱਚ’ ਇਸ ਦੀ ਟੀਮ ਦੇ ਮੈਂਬਰਾਂ ਹਰਬੰਸ ਸਿੰਘ, ਡਾ.ਹਰਦੀਪ ਸਿੰਘ ਅਟਵਾਲ ਅਤੇ ਦਵਿੰਦਰ ਸਿੰਘ ਤੂਰ ਵੱਲੋਂ ਡਾ.ਮਨਜੀਤ ਸਿੰਘ ਬੱਲ ਨੂੰ ਭੇਂਟ ਕੀਤੀ ਗਈ। ਡਾ. ਬੱਲ ਨੇ ਵੀ ਆਪਣੀਆਂ ਪੁਸਤਕਾਂ ਦਾ ਇੱਕ ਸੈੱਟ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਨੂੰ ਭੇਂਟ ਕੀਤਾ।
Home / ਕੈਨੇਡਾ / ਡਾ. ਮਨਜੀਤ ਬੱਲ ਦੀ ਕੈਂਸਰ ਜਾਗਰੂਕਤਾ ਸਬੰਧੀ ਫੀਚਰ ਫ਼ਿਲਮ ‘ਝਾਂਜਰ ਵਿੱਦ ਔਸਟੀਓਸਾਰਕੋਮਾ’ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕੀਤੀਆਂ
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …