ਬੀ.ਸੀ. ‘ਚ ਘੱਟ-ਗਿਣਤੀ ਸਰਕਾਰ ਬਣਨੀ ਤੈਅ
ਸਰੀ/ ਬਿਊਰੋ ਨਿਊਜ਼ : ਬ੍ਰਿਟਿਸ਼ ਕੋਲੰਬੀਆ ‘ਚ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਬੇਹੱਦ ਉਲਝਣਾਂ ‘ਚ ਫ਼ਸੀ ਕੋਰਟੇਨਕੋਮਾਕਸ ਸੀਟ ਜਿੱਤ ਲਈ ਹੈ। ਇਸ ਸੀਟ ਲਈ ਆਖ਼ਰੀ ਗਿਣਤੀ ਤੋਂ ਬਾਅਦ ਐਨ.ਡੀ.ਪੀ. ਦੀ ਉਮੀਦਵਾਰ ਰੋਨਾਰੇ ਨੇ ਲਿਬਰਲ ਪਾਰਟੀ ਦੇ ਜਿਮ ਬੇਨਿੰਗਰ ਨੂੰ 189 ਵੋਟਾਂ ਨਾਲ ਹਰਾ ਦਿੱਤਾ ਹੈ। ਹੁਣ ਬੀ.ਸੀ. ‘ਚ ਲਿਬਰਲ ਪਾਰਟੀ ਦੇ ਕੋਲ 43 ਅਤੇ ਐਨ.ਡੀ.ਪੀ.ਦੇ ਕੋਲ 41 ਸੀਟਾਂ ਹਨ ਅਤੇ ਗਰੀਨ ਪਾਰਟੀ ਦੇ ਕੋਲ ਤਿੰਨ ਸੀਟਾਂ ਹਨ। ਸੂਬੇ ਵਿਚ 44 ਸੀਟਾਂ ਜਿੱਤਣ ਵਾਲੀ ਪਾਰਟੀ ਹੀ ਸਰਕਾਰ ਬਣਾ ਸਕਦੀ ਹੈ। ਲਿਬਰਲ ਪਾਰਟੀ ਨੇ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕਰ ਦਿੱਤਾ ਹੈ। ਹਾਲਾਂਕਿ ਐਨ.ਡੀ.ਪੀ.ਵੀ ਗਰੀਨ ਪਾਰਟੀ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੀ ਤਿਆਰੀ ਵਿਚ ਹੈ।ઠઠ ਇਸ ਸਬੰਧੀ ਬੀ.ਸੀ. ਲਿਬਰਲ ਆਗੂ ਅਤੇ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਕਿਹਾ ਕਿ 43 ਜੇਤੂ ਐਮ.ਐਲ.ਏਜ਼ ਦੇ ਨਾਲ ਅਸੰਬਲੀ ਵਿਚ ਅਸੀਂ ਸਭ ਤੋਂ ਵੱਡੀ ਪਾਰਟੀ ਵਜੋਂ ਸਥਾਪਿਤ ਹੋਏ ਹਾਂ ਅਤੇ ਸਰਕਾਰ ਬਣਾਉਣ ਲਈ ਅਸੀਂ ਆਪਣੇ ਹਿੱਤ ਨੂੰ ਨਿਭਾਉਣ ਦਾ ਫ਼ੈਸਲਾ ਕੀਤਾ ਹੈ। ਉਥੇ ਐਨ.ਡੀ.ਪੀ.ਆਗੂ ਜਾਨ ਹਾਰਗਨ ਦਾ ਕਹਿਣਾ ਹੈ ਕਿ ਬੀ.ਸੀ.ਦੇ 60 ਫ਼ੀਸਦੀ ਵੋਟਰਾਂ ਨੇ ਸਰਕਾਰ ਵਿਚ ਬਦਲਾਓ ਲਈ ਵੋਟ ਦਿੱਤੀ ਹੈ। ਉਧਰ, ਗਰੀਨ ਪਾਰਟੀ ਆਗੂ ਐਂਡਰਿਊ ਵੀਵਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਇਹ ਯਕੀਨੀ ਬਣਾਵੇਗੀ ਕਿ ਬ੍ਰਿਟਿਸ਼ ਕੋਲੰਬੀਆ ਨੂੰ ਇਕ ਸਥਿਰ ਅਤੇ ਮਜਬੂਤ ਸਰਕਾਰ ਮਿਲੇ। ਦੱਸਿਆ ਜਾ ਰਿਹਾ ਹੈ ਕਿ ਲਿਬਰਲ ਅਤੇ ਐਨ.ਡੀ.ਪੀ. ਦੇ ਲੋਕ ਲਗਾਤਾਰ ਵੱਖੋ-ਵੱਖਰੇ ਗਰੀਨ ਪਾਰਟੀ ਨਾਲ ਮੁਲਾਕਾਤ ਕਰਕੇ ਆਪਣੇ ਲਈ ਸਮਰਥਨ ਮੰਗ ਰਹੇ ਹਨ। ਗਰੀਨ ਪਾਰਟੀ ਨੇ ਅਜੇ ਆਪਣਾ ਪੱਖ ਸਪੱਸ਼ਟ ਨਹੀਂ ਕੀਤਾ। ਗਰੀਨ ਪਾਰਟੀ ਨੇ ਚੋਣ ਮੁਹਿੰਮ ਦੌਰਾਨ ਵਰਤਮਾਨ ਫ਼ਾਇਨਾਂਸ ਸਿਸਟਮ ‘ਚ ਬਦਲਾਓ ਲਈ ਜ਼ੋਰ ਦਿੱਤਾ, ਜਿਸ ਵਿਚ ਵੱਡੀਆਂ ਕੰਪਨੀਆਂ, ਯੂਨੀਅਨਾਂ ਅਤੇ ਲੋਕਾਂ ਤੋਂ ਭਾਰੀ-ਭਰਕਮ ਰਾਜਨੀਤਕ ਦਾਨ ਲਿਆ ਜਾਂਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …