Breaking News
Home / ਕੈਨੇਡਾ / ਹਾਈ ਸਪੀਡ ਰੇਲ ਯੋਜਨਾ ਮਾਮਲੇ ‘ਚ ਬਰੈਂਪਟਨ ਦੇ ਕਾਊਂਸਲਰ ਨਰਾਜ਼

ਹਾਈ ਸਪੀਡ ਰੇਲ ਯੋਜਨਾ ਮਾਮਲੇ ‘ਚ ਬਰੈਂਪਟਨ ਦੇ ਕਾਊਂਸਲਰ ਨਰਾਜ਼

ਬਰੈਂਪਟਨ : ਬਰੈਂਪਟਨ ਕਾਊਂਸਲ ਨੇ ਪ੍ਰੀਮੀਅਰ ਕੈਥਲੀਨ ਵਿੰਨ ‘ਤੇ ਆਰੋਪ ਲਗਾਇਆ ਹੈ ਕਿ ਉਸਦੀ ਸਰਕਾਰ ਨੇ ਟੋਰਾਂਟੋ ਅਤੇ ਵਿੰਡਸਰ ਨੂੰ ਹਾਈ ਰੇਲ ਨਾਲ ਜੋੜਨ ਦੀ ਕਹੀ ਗੱਲ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਇਹ ਬਰੈਂਪਟਨ ਲਈ ਬਹੁਤ ਨੁਕਸਾਨ ਵਾਲੀ ਗੱਲ ਹੈ। ਰੀਜ਼ਨਲ ਕਾਊਂਸਲਰ ਏਲੀਨ ਮੂਰੀ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਸਰਕਾਰ ਫਲਾਂ ਵਿਚੋਂ ਰਸ ਕੱਢਣ ਦਾ ਯਤਨ ਕਰ ਰਹੀ ਹੈ, ਪਰ ਅਖੀਰ ਵਿਚ ਸਿਰਫ ਕੁਝ ਫਲਾਂ ਦੇ ਛਿਲਕੇ ਹੀ ਬਚਣਗੇ। ਕਾਊਂਸਲ ਦੀ ਬੈਠਕ ਵਿਚ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਯੋਜਨਾ ਬਣਾਈ ਸੀ ਕਿ 2015 ਤੱਕ ਹਾਈ ਸਪੀਡ ਰੇਲ ਨੂੰ ਲਾਂਚ ਕਰ ਦਿੱਤਾ ਜਾਵੇਗਾ ਅਤੇ ਇਸ ‘ਤੇ ਅੰਦਾਜ਼ਨ 20 ਬਿਲੀਅਨ ਡਾਲਰ ਦਾ ਖਰਚ ਆਵੇਗਾ। ਜਦਕਿ ਹੁਣ ਤੱਕ ਕੁਝ ਨਹੀਂ ਹੋਇਆ ਹੈ। ਦਰਅਸਲ ਸਰਕਾਰ ਨੇ ਉਹਨਾਂ ਪ੍ਰੋਜੈਕਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਹੁਣ ਬੰਦ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਵਿਚ ਇਹ ਪ੍ਰੋਜੈਕਟ ਵੀ ਸ਼ਾਮਲ ਹੈ। ਅਜਿਹੇ ਵਿਚ ਕੈਨੇਡਾ ਦੇ 9ਵੇਂ ਸਭ ਤੋਂ ਵੱਡੇ ਸ਼ਹਿਰ ਨੂੰ ਇਕ ਵਾਰ ਫਿਰ ਤੋਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਮੂਰੀ ਨੇ ਕਿਹਾ ਕਿ ਉਹਨਾਂ ਦੇ ਸ਼ਹਿਰ ਵਾਸੀ ਵੀ ਬਿਹਤਰ ਸਹੂਲਤਾਂ ਦੇ ਹੱਕਦਾਰ ਹਨ ਅਤੇ ਉਹਨਾਂ ਨੂੰ ਇਸ ਤੋਂ ਦੂਰ ਨਹੀਂ ਰੱਖਿਆ ਜਾ ਸਕਦਾ ਹੈ। ਮੇਅਰ ਲਿੰਡਾ ਜੈਫਰੀ ਨੇ ਇਸ ਮਾਮਲੇ ਵਿਚ ਕਿਹਾ ਕਿ ਇਹ ਐਲਾਨ ਸ਼ਹਿਰ ਲਈ ਰਾਹਤ ਹੈ। ਸ਼ਹਿਰ ਪਹਿਲਾਂ ਹੀ ਪੀਅਰਸਨ ਏਅਰਪੋਰਟ ਅਤੇ ਮਾਲਟਨ ਗੋ ਸਟੇਸ਼ਨ, ਮਿਸੀਸਾਗਾ ਦੇ ਨੇੜੇ ਹੈ ਅਤੇ ਅਜਿਹੇ ਵਿਚ ਬਰੈਂਪਟਨ ਨਿਵੇਸ਼ ਲਈ ਹੋਰ ਵੀ ਆਕਰਸ਼ਕ ਸ਼ਹਿਰ ਬਣ ਜਾਂਦਾ ਹੈ। ਪਰ ਮੂਰੀ ਦਾ ਕਹਿਣਾ ਹੈ ਕਿ ਰਾਜ ਸਰਕਾਰ ਬਰੈਂਪਟਨ ਦੇ ਪ੍ਰੋਜੈਕਟਾਂ ਨਾਲ ਸਬੰਧਤ ਫਾਈਲਾਂ ਨੂੰ ਠੰਡੇ ਬਸਤੇ ਵਿਚ ਪਾ ਰਹੀ ਹੈ। ਅਜਿਹੇ ਵਿਚ ਬਰੈਂਪਟਨ ਕਾਊਂਸਲ ਇਸ ਮਾਮਲੇ ‘ਤੇ ਚੁੱਪੀ ਧਾਰ ਕੇ ਨਹੀਂ ਬੈਠ ਸਕਦੀ। ਦਰਅਸਲ ਇਸ ਪੂਰੇ ਮਾਮਲੇ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਰਿਹਾ ਹੈ। ਇਸ ਨੂੰ ਲੈ ਕੇ ਵਾਤਾਵਰਣ ਨਾਲ ਸਬੰਧਤ ਮਾਮਲੇ ਵੀ ਉਠਦੇ ਰਹੇ ਹਨ। ਇਸ ਐਲਾਨ ਦੇ ਤਹਿਤ ਗਯੂਲਿਫ, ਕਿਚਨਰ, ਵਾਟਰਲੂ, ਲੰਡਨ ਅਤੇ ਚੈਥਮ ਆਦਿ ਵਿਚ ਕਈ ਸਟਾਪ ਤੋਂ ਬਾਅਦ ਹਾਈ ਸਪੀਡ ਟ੍ਰੇਨ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨੂੰ ਕੁਨੈਕਟ ਕਰਦੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …