Breaking News
Home / ਕੈਨੇਡਾ / ਰੈਡ ਵਿੱਲੋ ਕਲੱਬ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਹੋਈ

ਰੈਡ ਵਿੱਲੋ ਕਲੱਬ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਹੋਈ

ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਦੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਪਹਿਲੀ ਜੂਨ ਨੂੰ ਰੈੱਡ ਵਿੱਲੋ ਸਕੂਲ ਵਿੱਚ ਕਲੱਬ ਦੀ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਮੈਂਬਰਾਂ ਦੀ ਚਾਹ ਪਾਣੀ ਨਾਲ ਸੇਵਾ ਕੀਤੀ ਗਈ। ਜਿਸ ਦੀ ਜਿੰਮੇਵਾਰੀ ਅਮਰਜੀਤ ਸਿੰਘ, ਸ਼ਿਵਦੇਵ ਸਿੰਘ ਰਾਏ, ਬਲਵੰਤ ਸਿੰਘ ਕਲੇਰ, ਮਾ: ਕੁਲਵੰਤ ਸਿੰਘ ਅਤੇ ਬੀਬੀਆਂ ਵਿੱਚੋਂ ਮਹਿੰਦਰ ਪੱਡਾ, ਚਰਨਜੀਤ ਰਾਏ, ਪਰਕਾਸ਼ ਕੌਰ, ਬਲਜੀਤ ਗਰੇਵਾਲ ਅਤੇ ਬਲਜੀਤ ਸੇਖੋਂ ਨੇ ਨਿਭਾਈ।
ਸਭ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਕਲੱਬ ਦੀ ਚੜ੍ਹਦੀ ਕਲਾ ਲਈ ਸਾਥ ਦੇਣ ਦਾ ਧੰਨਵਾਦ ਕੀਤਾ। ਇਸ ਉਪਰੰਤ ਨਿਰਮਲਾ ਪਰਾਸ਼ਰ ਨੇ ਸਮਾਜ ਵਿੱਚ ਪਿਤਾ ਦੇ ਮਹੱਤਵ ਨੂੰ ਦਰਸਾਉਂਦੀ ਬਹੁਤ ਹੀ ਭਾਵਪੂਰਤ ਕਵਿਤਾ, ਸ਼ਿਵਦੇਵ ਰਾਏ ਨੇ ਸਮਾਜ ਦੇ ਵਿਕਾਸ ਵਿੱਚ ਕਿਤਾਬਾਂ ਅਤੇ ਹੁੱਨਰ ਦਾ ਯੋਗਦਾਨ ਅਤੇ ਭਾਗੂ ਭਾਈ ਲੈਡ ਨੇ ਅਜੋਕੇ ਇਨਸਾਨ ਵਿੱਚ ਹੋ ਰਹੀ ਨਾਂਹ ਪੱਖੀ ਤਬਦੀਲੀ ਬਾਰੇ ਕਵਿਤਾਵਾਂ ਪੇਸ਼ ਕੀਤੀਆਂ।
ਕਾਰਵਾਈ ਨੂੰ ਅੱਗੇ ਤੋਰਦਿਆਂ ਪਰਮਜੀਤ ਬੜਿੰਗ ਨੇ ਕਲੱਬ ਦੇ ਵਿਧਾਨ ਦੀਆਂ ਮੁੱਖ ਮਦਾਂ ਦੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਉਦੇਸ਼ਾਂ ਜਿਵੇਂ ਸੀਨੀਅਰਜ਼ ਦੀ ਭਲਾਈ, ਮਨੋਰੰਜਨ, ਖੇਡਾਂ ਅਤੇ ਅੰਗਰੇਜ਼ੀ ਨਾ ਜਾਣਨ ਵਲੇ ਮੈਂਬਰਾਂ ਦੀ ਸਹਾਇਤਾ ਆਦਿ ਦਾ ਜ਼ਿਕਰ ਕੀਤਾ। ਬਰੈਂਪਟਨ ਦਾ 55 ਸਾਲ ਤੋਂ ਉੱਪਰ ਦਾ ਵਸਨੀਕ ਕਲੱਬ ਦਾ ਮੈਂਬਰ ਬਣ ਸਕਦਾ ਹੈ। ਉਹਨਾਂ ਕਿਹਾ ਕਿ ਜਨਰਲ ਬਾਡੀ ਸਭ ਤੋਂ ਸੁਪਰੀਮ ਹੈ ਅਤੇ ਉਹ ਕਿਸੇ ਵੀ ਅਹੁਦੇਦਾਰ ਨੂੰ ਵਾਪਸ ਬੁਲਾ ਸਕਦੀ ਹੈ। ਵਿਧਾਨ ਮੁਤਾਬਕ ਪ੍ਰਧਾਨ ਦੋ ਟਰਮਾਂ ਤੋਂ ਵੱਧ ਅਹੁਦੇ ਤੇ ਨਹੀਂ ਰਹਿ ਸਕਦਾ। ਇਹਨਾਂ ਸਾਰੇ ਮਤਿਆਂ ਦੀ ਸਾਰੇ ਮੈਂਬਰਾਂ ਹੱਥ ਖੜ੍ਹੇ ਕਰ ਕੇ ਪਰੋੜ੍ਹਤਾ ਕੀਤੀ। ਵਿਧਾਨ ਦੀ ਪ੍ਰਧਾਨਗੀ ਲਈ ਦੋ ਟਰਮਾਂ ਦੀ ਧਾਰਾ ਉਹਨਾਂ ਪ੍ਰਧਾਨਾਂ ਦੇ ਰਾਸ ਨਹੀਂ ਆਈ ਜੋ ਸਾਰੀ ਉਮਰ ਹੀ ਪ੍ਰਧਾਨ ਬਣੇ ਰਹਿਣਾ ਚਾਹੁੰਦੇ ਹਨ। ਸਿੱਟੇ ਵਜੋਂ ਆਪਣੀ ਇੱਛਾ ਨੂੰ ਪੱਠੇ ਪਾਉਣ ਲਈ ਨਵੇਂ ਕਲੱਬਾਂ ਦੀ ਸਥਾਪਨਾ ਕਰ ਲੈਂਦੇ ਹਨ। ਅਜਿਹਾ ਦੋ ਵਾਰ ਰੈੱਡ ਵਿੱਲੋ ਕਲੱਬ ਵਿੱਚ ਹੀ ਨਹੀਂ ਬਰੈਂਪਟਨ ਦੀਆਂ ਹੋਰ ਕਲੱਬਾਂ ਵਿੱਚ ਵੀ ਵਾਪਰ ਚੁੱਕਾ ਹੈ। ਪ੍ਰੋ: ਬਲਵੰਤ ਸਿੰਘ ਕੈਸ਼ੀਅਰ ਦੇ ਨਿੱਜੀ ਰੁਝੇਵੇਂ ਕਾਰਨ ਹਾਜ਼ਰ ਨਾ ਹੋਣ ਕਰ ਕੇ ਹਿਸਾਬ ਕਿਤਾਬ ਦੀ ਸੰਖੇਪ ਜਾਣਕਾਰੀ ਦਿੱਤੀ ਗਈ। ਵਿਚਾਰ ਵਟਾਂਦਰੇ ਦੌਰਾਨ ਮੈਂਬਰਾਂ ਨੇ ਬੱਸਾਂ ਵਿੱਚ ਸੀਟਾਂ ਦੀ ਅਲਾਟਮੈਂਟ ਕਰਨ ਬਾਰੇ ਮਹੱਤਵਪੂਰਨ ਸੁਝਾਅ ਦਿੱਤੇ ਜਿਨ੍ਹਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਗਲਾ ਟੂਰ 17 ਜੂਨ ਨੂੰ ਪੀਟਰਬਰੋਅ ਜਾਵੇਗਾ ਇਸ ਵਾਸਤੇ 10 ਜੂਨ ਤੱਕ ਨਾਂ ਰਜਿਸਟਰ ਕਰਵਾਉਣ ਦੀ ਬੇਨਤੀ ਕੀਤੀ ਗਈ। ਟੂਰ ਲਈ ਬੱਸਾਂ ਦੀ ਰਵਾਨਗੀ ਠੀਕ ਸੱਤ ਵਜੇ ਰੈੱਡ ਵਿੱਲੋ ਪਾਰਕ ਵਿੱਚੋਂ ਹੋਵੇਗੀ।
ਤਰਕਸ਼ੀਲ ਸੁਸਾਇਟੀ ਵਲੋਂ ਬਹੁ-ਚਰਚਿਤ ਫਿਲਮ ‘ਚੰਮ’ ਦੇ 10 ਜੂਨ ਨੂੰ ਗਰੈਂਡ ਤਾਜ ਬੈਕੁਅਟ ਹਾਲ ਵਿੱਚ 2:00 ਤੋਂ 5:00 ਵਜੇ ਤੱਕ ਕਰਵਾਏ ਜਾ ਰਹੇ ਸ਼ੋਅ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਮੈਂਬਰਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਬੇਨਤੀ ਕੀਤੀ ਗਈ। ਮੀਟਿੰਗ ਦੇ ਅੰਤ ਵਿੱਚ ਸਾਰੇ ਮੈਂਬਰਾਂ ਦੀ ਇੱਕ ਵਾਰ ਫਿਰ ਚਾਹ ਪਾਣੀ ਨਾਲ ਸੇਵਾ ਕੀਤੀ ਗਈ। ਸਟੇਜ ਵਲੋਂ ਵਾਲੰਟੀਅਰਜ਼ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …