ਬਰੈਂਪਟਨ/ਡਾ.ਝੰਡ : ਲੰਘੇ ਐਤਵਾਰ 3 ਜੂਨ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਵਾਲੰਟੀਅਰਾਂ ਅਤੇ ਇਸ ਦੇ ਨਾਲ ਜੁੜੀ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਦੀ ਮੀਟਿੰਗ ਗੋਰਮੀਡੋਜ਼ ਕਮਿਊਨਿਟੀ ਸੈਂਟਰ ਦੇ ਹਾਲ ਨੰ:1 ਵਿਚ ਬਾਅਦ ਦੁਪਹਿਰ ਇਕ ਵਜੇ ਹੋਈ। ਮੀਟਿੰਗ ਵਿਚ 20 ਮਈ ਨੂੰ ਹੋਏ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਈਵੈਂਟ ਦੀ ਵਿਸਥਾਰ-ਪੂਰਵਕ ਸਮੀਖਿਆ ਕੀਤੀ ਗਈ। ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਦੇ ਈਵੈਂਟ ਨੂੰ ਸਫ਼ਲਤਾ-ਪੂਰਵਕ ਸਿਰੇ ਚੜ੍ਹਾਉਣ ਲਈ ਫ਼ਾਊਂਡੇਸ਼ਨ ਸਾਰੇ ਵਾਲੰਟੀਅਰਾਂ, ਸਮੱਰਥਕਾਂ ਅਤੇ ਸਮੁੱਚੇ ਪੰਜਾਬੀ ਮੀਡੀਆ ਦਾ ਧੰਨਵਾਦ ਕਰਨ ਲਈ ਬੁਲਾਈ ਗਈ ਇਸ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਕੋਲੋਂ ਇਸ ਦੇ ਬਾਰੇ ‘ਫ਼ੀਡ-ਬੈਕ’ ਲਿਆ ਗਿਆ। ਈਵੈਂਟ ਦੌਰਾਨ ਰਹਿ ਗਈਆਂ ਕਮੀਆਂ-ਪੇਸ਼ੀਆਂ ਨੂੰ ਦੂਰ ਕਰਨ ਅਤੇ ਇਸ ਨੂੰ ਆਉਂਦੇ ਸਾਲਾਂ ਵਿਚ ਹੋਰ ਸਫ਼ਲ ਬਨਾਉਣ ਲਈ ਹਾਜ਼ਰ ਵਾਲੰਟੀਅਰਾਂ ਅਤੇ ਸਹਿਯੋਗੀਆਂ ਕੋਲੋਂ ਲਿਖਤੀ ਸੁਝਾਆਂ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਮੀਟਿੰਗ ਦੇ ਆਯੋਜਕਾਂ ਨੇ ਪਾਵਰ-ਪੁਆਇੰਟ ਦੀ ਸਹਾਇਤਾ ਨਾਲ ਇਸ ਛੇਵੇਂ ਇੰਸਪੀਰੇਸ਼ਨਲ ਸਟੈੱਪਸ ਦੇ ਵੱਖ-ਵੱਖ ਪਹਿਲੂਆਂ ਉੱਪਰ ਰੌਸ਼ਨੀ ਵੀ ਪਾਈ।
ਹਰੇਕ ਟੇਬਲ ਉੱਪਰ ਬੈਠੇ ਹੋਏ ਮੈਂਬਰਾਂ ਨੇ ਆਪਣੇ ਸੁਝਾਅ ਦਿੱਤੇ ਗਏ ਕਾਗ਼ਜਾਂ ਉੱਪਰ ਕਲਮ-ਬੰਦ ਕੀਤੇ ਅਤੇ ਉਨ੍ਹਾਂ ਵਿੱਚੋਂ ਇਕ ਜਾਂ ਦੋ ਮੈਂਬਰਾਂ ਨੇ ਇਹ ਸਾਰਿਆਂ ਦੇ ਸਾਹਮਣੇ ਪੇਸ਼ ਕੀਤੇ।
ਇਨ੍ਹਾਂ ਸੁਝਾਆਂ ਵਿਚ ਇਹ ਗੱਲ ਉੱਭਰ ਕੇ ਆਈ ਕਿ ਹਰ ਸਾਲ ਇਸ ਈਵੈਂਟ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਇਸ ਦੇ ਮੁਕਾਬਲੇ ਵਾਲੰਟੀਅਰਾਂ ਦੀ ਗਿਣਤੀ ਲੱਗਭੱਗ ਓਨੀ ਕੁ ਹੀ ਹੈ। ਉਦਾਹਰਣ ਵਜੋਂ, ਪਿਛਲੇ ਸਾਲ ਇਸ ਈਵੈਂਟ ਵਿਚ ਰਜਿਸਟਰ ਹੋਏ ਦੌੜਨ/ਤੁਰਨ ਵਾਲਿਆਂ ਦੀ ਗਿਣਤੀ 610 ਸੀ ਜੋ ਇਸ ਸਾਲ ਵੱਧ ਕੇ 762 ਹੋ ਗਈ ਪਰ ਵਾਲੰਟੀਅਰਾਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਹੋਇਆ। ਮੀਟਿੰਗ ਵਿਚ ਗੁਰਲੀਨ ਕੌਰ ਧਾਲੀਵਾਲ, ਨਿਮਰਤ ਕੌਰ ਭੰਗੂ, ਸਨੀ ਸਿੰਘ ਸੰਧਰ, ਸਰਪ੍ਰੀਤ ਖਹਿਰਾ, ਸੈਂਡੀ ਗਰੇਵਾਲ, ਹਰਮਨ ਦੁਲੇ, ਪ੍ਰਭਲੀਨ ਜੈਸਵਾਲ, ਗੁਰਵਿੰਦਰ ਬਰਾੜ, ਅਮਨਜੀਤ ਢਿੱਲੋਂ, ਕੁਲਵੀਰ ਥਿੰਦ, ਗੁਰਲੀਨ ਸਿੱਧੂ ਅਤੇ ਉਨ੍ਹਾਂ ਦੇ ਹੋਰ ਬਹੁਤ ਸਾਰੇ ਸਾਥੀਆਂ ਵੱਲੋਂ ਨਿਭਾਈਆਂ ਗਈਆਂ ਵੱਖ-ਵੱਖ ਡਿਊਟੀਆਂ ਦੀ ਸਰਾਹਨਾ ਕੀਤੀ ਗਈ।
ਮੀਟਿੰਗ ਵਿੱਚ ਜਿੱਥੇ ਵੱਖ-ਵੱਖ ਗੁਰਦੁਆਰਾਂ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਕੂਲੀ ਵਿਦਿਆਰਥੀਆਂ ਦੀ ਵਧੇਰੇ ਸ਼ਮੂਲੀਅਤ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ, ਉੱਥੇ ਮਾਲਟਨ ਗੁਰੂਘਰ ਤੋਂ ਡਿਕਸੀ ਗੁਰੂਘਰ ਤੱਕ ਹੋਣ ਵਾਲੀ 5 ਕਿਲੋਮੀਟਰ ਦੌੜ/ਵਾਕ ਜਿਸ ਵਿਚ ਸੱਭ ਤੋਂ ਵਧੇਰੇ ਦੌੜਾਕ ਰਜਿਸਟਰ ਹੋਏ ਸਨ, ਦੌਰਾਨ ਏਅਰਪੋਰਟ ਰੋਡ ਅਤੇ ਡਿਕਸੀ ਰੋਡ ਦੇ ਸਾਈਡ-ਵਾਕ ਉੱਪਰ ਦੌੜਾਕਾਂ/ਤੁਰਨ ਵਾਲਿਆਂ ਦੀ ਵਧੇਰੇ ਭੀੜ ਹੋਣ ਬਾਰੇ ਵੀ ਗੰਭਰਿਤਾ ਨਾਲ ਵਿਚਾਰ ਕੀਤਾ ਗਿਆ ਅਤੇ ਇਸ ਸਬੰਧੀ ਸੁਝਾਅ ਇਹ ਸਾਹਮਣੇ ਆਇਆ ਕਿ ਘੱਟੋ-ਘੱਟ ਇਸ 5 ਕਿਲੋਮੀਟਰ ਰੂਟ ਉੱਪਰ ਉਸ ਸਮੇਂ ਦੌੜਾਕਾਂ ਦਾ ਵਧੇਰੇ ਰਸ਼ ਹੋਣ ਕਾਰਨ ਸੜਕ ਦੇ ਇਕ ਪਾਸੇ ਦਾ ਟਰੈਫ਼ਿਕ ਰੋਕਣ ਲਈ ਪ੍ਰਸਾਸ਼ਨ ਨੂੰ ਬੇਨਤੀ ਕੀਤੀ ਜਾਏ। ਫ਼ੈੱਡਰੇਸ਼ਨ ਦੀ ਫ਼ੂਡ ਕਮੇਟੀ ਵੱਲੋਂ ਡਿਕਸੀ ਗੁਰੂਘਰ ਦੀ ਮੈਨੇਜਮੈਂਟ ਨਾਲ ਤਿੰਨ-ਚਾਰ ਹਫਤੇ ਪਹਿਲਾਂ ਸੰਪਰਕ ਕੀਤਾ ਜਾਏ ਤਾਂ ਜੋ ਇਸ ਦੇ ਲਈ ਹੋਰ ਸੁਚੱਜਾ ਪ੍ਰਬੰਧ ਕੀਤਾ ਜਾ ਸਕੇ। ਏਸੇ ਤਰ੍ਹਾਂ ਇਸ ਈਵੈਂਟ ਵਿਚ ਸ਼ਾਮਲ ਹੋਣ ਵਾਲਿਆਂ ਅਤੇ ਦਰਸ਼ਕਾਂ ਦੀ ਗਿਣਤੀ ਹੋਰ ਵਧਾਉਣ ਦੀ ਕੋਸ਼ਿਸ਼ ਕਰਨ, ਆਰਜ਼ੀ ਪਖ਼ਾਨਿਆਂ ਦਾ ਵਧੇਰੇ ਇੰਤਜ਼ਾਮ ਕਰਨ ਸਮੇਤ ਕਈ ਹੋਰ ਕੀਮਤੀ ਸੁਝਾਅ ਪ੍ਰਾਪਤ ਹੋਏ ਜਿਨ੍ਹਾਂ ਨੂੰ ਨਾਲੋ-ਨਾਲ ਨੋਟ ਕੀਤਾ ਗਿਆ ਅਤੇ ਇਨ੍ਹਾਂ ਨੂੰ ਅਗਲੇ ਸਾਲ ਅਪਨਾਉਣ ਲਈ ਪੂਰੀ ਕੋਸ਼ਿਸ਼ ਕਰਨ ਦਾ ਯਕੀਨ ਦਿਵਾਇਆ ਗਿਆ।
ਮੀਟਿੰਗ ਵਿਚ ਟੀ.ਪੀ.ਏ.ਆਰ. ਕਲੱਬ ਦੇ ਸੰਚਾਲਕ ਸੰਧੂਰਾ ਸਿੰਘ ਬਰਾੜ ਆਪਣੇ ਸਾਥੀਆਂ ਹਰਭਜਨ ਸਿੰਘ ਗਿੱਲ, ਜੈਪਾਲ ਸਿੰਘ ਸਿੱਧੂ, ਧਿਆਨ ਸਿੰਘ, ਕੁਲਦੀਪ ਸਿੰਘ, ਈਸ਼ਰ ਸਿੰਘ, ਕੇਸਰ ਸਿੰਘ ਬੜੈਚ ਤੇ ਹੋਰਨਾਂ ਸਮੇਤ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਡੀਆ ਵੱਲੋਂ ਕੁਲਵੀਰ ਸਿੰਘ ਥਿੰਦ ਅਤੇ ਡਾ. ਸੁਖਦੇਵ ਸਿੰਘ ਝੰਡ ਨੇ ਇਸ ਵਿਚ ਸ਼ਮੂਲੀਅਤ ਕੀਤੀ। ਅਖ਼ੀਰ ਵਿਚ ਹਰਦੇਵ ਸਮਰਾ ਵੱਲੋਂ ਸਮੂਹ ਵਾਲੰਟੀਅਰਾਂ ਅਤੇ ਸਹਿਯੋਗੀਆਂ ਦਾ ਇਸ ਮੀਟਿੰਗ ਵਿਚ ਆਉਣ ਲਈ ਧੰਨਵਾਦ ਕੀਤਾ ਗਿਆ।
Home / ਕੈਨੇਡਾ / ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਵਾਲੰਟੀਅਰਾਂ ਨੇ ਕੀਤੀ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਦੀ ਸਵੈ-ਪੜਚੋਲ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …