ਬਰੈਂਪਟਨ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ (ਪੁੱਬਪਾ) ਅਤੇ ਉਨਟਾਰੀਓ ਫਰੈਂਡਜ਼ ਕਲੱਬ ਵਲੋਂ ਨੈਤਿਕਤਾ ਵਿਸ਼ੇ ‘ਤੇ ਭਾਸ਼ਣ ਮੁਕਾਬਲੇ 10 ਜੂਨ 2018 ਐਤਵਾਰ ਨੂੰ ਸ਼ਾਮ 2 ਵਜੇ ਤੋਂ 5 ਵਜੇ ਤੱਕ ਕਰਵਾਏ ਜਾ ਰਹੇ ਹਨ। ਭਾਸ਼ਣ ਮੁਕਾਬਲਿਆਂ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ। ਇਨ੍ਹਾਂ ਮੁਕਾਬਲਿਆਂ ਨੂੰ ਪੰਜ ਗੁੱਟਾਂ ਵਿਚ ਵੰਡਿਆ ਗਿਆ ਹੈ। ਜਿਨ੍ਹਾਂ ਵਿਚ ਉਮਰ ਦੇ ਹਿਸਾਬ ਨਾਲ 9 ਸਾਲ ਤੱਕ ਦੇ ਬੱਚੇ, 11 ਸਾਲ ਤੱਕ ਦੇ ਬੱਚੇ, 14 ਸਾਲ ਤੱਕ ਦੇ ਬੱਚੇ, 18 ਸਾਲ ਤੱਕ ਦੇ ਬੱਚੇ ਅਤੇ 25 ਸਾਲ ਤੱਕ ਦੇ ਨੌਜਵਾਨ ਸ਼ਾਮਲ ਹਨ। ਭਾਸ਼ਣ ਮੁਕਾਬਲਿਆਂ ਦੇ ਮੁੱਖ ਪ੍ਰਬੰਧਕ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਭਾਗ ਲੈਣ ਵਾਲੇ ਸਾਰੇ ਬੁਲਾਰਿਆਂ ਨੂੰ ਸਰਟੀਫਿਕੇਟ ਅਤੇ ਹਰ ਗਰੁੱਪ ਦੇ ਪਹਿਲੇ, ਦੂਜੇ ਅਤੇ ਤੀਜੇ ਦਰਜੇ ‘ਤੇ ਆਉਣ ਵਾਲੇ ਜੇਤੂਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦਿੱਤੇ ਜਾਣਗੇ। ਇਸ ਮੁਕਾਬਲੇ ਲਈ ਪ੍ਰਬੰਧਕੀ ਟੀਮ ਦੇ ਕੁਆਰਡੀਨੇਟਰ ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਬੱਚਿਆਂ ਦੇ ਨਾਲ ਨਾਲ ਮਾਂ ਬਾਪ ਵਿਚ ਵੀ ਭਾਰੀ ਉਤਸ਼ਾਹ ਹੈ। ਪੰਜਾਬੀ ਭਾਈਚਾਰੇ ਵਲੋਂ ਦਿਲਚਸਪੀ ਲਈ ਜਾ ਰਹੀ ਹੈ। ਭਾਸ਼ਣ ਮੁਕਾਬਲੇ ਪੰਜਾਬੀ ਵਿਚ ਹੋਣਗੇ। ਇਸ ਮੌਕੇ ਰਵਿੰਦਰ ਸਿੰਘ ਪ੍ਰਧਾਨ, ਨਿਰਵੈਰ ਸਿੰਘ ਅਰੋੜਾ, ਸੰਤੋਖ ਸਿੰਘ ਸੰਧੂ, ਡਾ. ਰਮਨੀ ਬਤਰਾ, ਸਰਦੂਲ ਸਿੰਘ ਥਿਆੜਾ, ਸਮੁੱਚੀ ਪੁੱਬਪਾ ਟੀਮ ਅਤੇ ਓਂਟਾਰੀਓ ਫਰੈਂਡਜ਼ ਕਲੱਬ ਦੇ ਮੈਂਬਰਜ਼ ਹਾਜਰ ਸਨ। ਇਨ੍ਹਾਂ ਭਾਸ਼ਣ ਮੁਕਾਬਲਿਆਂ ਵਿਚ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਹਮਿਲਟਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਜੀ ਸਹਿਯੋਗ ਦੇ ਰਹੇ ਹਨ। ਉਨਟਾਰੀਓ ਦੀ ਸਮੁੱਚੀ ਮੀਡੀਆ ਟੀਮ ਜਿਨ੍ਹਾਂ ਵਿਚ ਅਜੀਤ ਵੀਕਲੀ, ਏ.ਟੀ.ਐਨ., ਹਲਚਲ ਰੇਡੀਓ, ਹਮਦਰਦ ਵੀਕਲੀ, ਜੱਗਬਾਣੀ, ਸਾਂਝਾ ਪੰਜਾਬ, ਪਰਵਾਸੀ, ਮਾਲਵਾ ਨਿਊਜ਼, ਚੜ੍ਹਦੀਕਲਾ ਟੀ.ਵੀ., ਸੀ.ਸੀ.ਐਸ. ਨੈਟਵਰਕ, ਪੰਜਾਬ ਸਟਾਰ, ਟੈਗ ਟੀ.ਵੀ., ਪੰਜਾਬੀ ਪੋਸਟ, ਗਾਉਂਦਾ ਪੰਜਾਬ, ਏਕਮ ਰੇਡੀਓ ਟੀ.ਵੀ., ਮਹਿਕ ਰੇਡੀਓ ਐਂਡ ਟੀ.ਵੀ. ਅਤੇ ਹੋਰ ਬਹੁਤ ਸਾਰੇ ਮੀਡੀਆਕਾਰ ਤਹਿ ਦਿਲੋਂ ਸਹਿਯੋਗ ਦੇ ਰਹੇ ਹਨ। ਇਸ ਭਾਸ਼ਣ ਮੁਕਾਬਲੇ ਨੂੰ Brampton City, Toss, Immigration Inc, Dimond Insurence Group ਅਤੇ ਭੁਪਿੰਦਰ ਸਿੰਘ ਬਾਜਵਾ ਨੇ ਈਵੈਂਟ ਸਪਾਂਸਰ ਕੀਤਾ ਹੈ। ਮਿਤੀ 27 ਮਈ 2018 ਨੂੰ ਇਸ ਭਾਸ਼ਣ ਮੁਕਾਬਲੇ ਦੇ ਓਰੀਐਂਟੇਸ਼ਨ ਪ੍ਰੋਗਰਾਮ ਵਿਚ ਬੱਚਿਆਂ ਅਤੇ ਮਾਪਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਸੀ। ਇਹ ਭਾਸ਼ਣ ਮੁਕਾਬਲੇ ਪੰਜਾਬੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਅਤੇ ਸਾਡੇ ਬੱਚਿਆਂ ਵਿਚ ਭਾਸ਼ਣ ਕਲਾ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਏ ਜਾ ਰਹੇ ਹਨ। ਇਨ੍ਹਾਂ ਭਾਸ਼ਣ ਮੁਕਾਬਲਿਆਂ ਨਾਲ ਜਿਥੇ ਬੱਚਿਆਂ ਵਿਚ ਨੈਤਿਕਤਾ ਪ੍ਰਫੁੱਲਿਤ ਹੋਵੇਗੀ, ਉਥੇ ਹੀ ਉਹ ਭਵਿੱਖ ਵਿਚ ਚੰਗੇ ਸ਼ਹਿਰੀ ਬਣ ਸਕਣਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …