ਬਰੈਂਪਟਨ/ਬਿਊਰੋ ਨਿਊਜ਼
ਵਿਸ਼ਵ ਦੀ ਪੂਰੀ ਪਰਿਕਰਮਾ ਦੇ ਪਾਂਧੀ ਅਤੇ ਅੰਤਰਰਾਸ਼ਟਰੀ ਪੱਤਰਕਾਰ, ਨਰਪਾਲ ਸਿੰਘ ਸ਼ੇਰਗਿੱਲ, ਅੱਜ ਕੱਲ੍ਹ ਕੈਨੇਡਾ ਦੇ ਪੂਰਬੀ ਤੱਟ ‘ਤੇ ਸਥਿਤ ਪੰਜਾਬੀਆਂ ਦੀ ਪ੍ਰਭਾਵਸ਼ਾਲੀ ਵਸੋਂ ਵਾਲੇ ਵਿਸ਼ਾਲ ਉਨਟਾਰੀਓ ਪ੍ਰਾਂਤ ਦੇ ਦੌਰੇ ‘ਤੇ ਹਨ, ਜਿਥੇ ਉਹ 7 ਜੂਨ ਨੂੰ ਹੋਣ ਵਾਲੀਆਂ ਪ੍ਰਾਂਤਿਕ ਚੋਣਾਂ ਵਿੱਚ ਇਥੇ ਵੱਸਦੇ ਭਾਰਤੀ ਮੂਲ ਦੇ ਲੱਖਾਂ ਪੰਜਾਬੀਆਂ ਦੀ ਦਿਲਚਸਪ ਭੂਮਿਕਾ ਅਤੇ ਉਹਨਾਂ ਦੀ ਪ੍ਰਾਪਤੀ ਬਾਰੇ ਗਹੁ ਨਾਲ ਵੇਖਦੇ ਅਤੇ ਵਿਚਾਰਦੇ ਵੇਖੇ ਜਾ ਰਹੇ ਹਨ। ਇਥੋਂ ਦੀਆਂ ਤਿੰਨੇ ਰਾਜਨੀਤਿਕ ਪਾਰਟੀਆਂ ਲਿਬਰਲ, ਪ੍ਰੋਗਰੈਸਿਵ, ਕੰਸਰਵੇਟਿਵ, ਨਿਊ ਡੈਮੋਕਰੇਟਿਵ ਪਾਰਟੀਆਂ ਵਿੱਚ ਅਨੇਕਾਂ ਪੰਜਾਬੀ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ।
1 ਜੂਨ ਤੋਂ 13 ਜੂਨ ਤੱਕ ਸ਼ੇਰਗਿੱਲ ਵਲੋਂ ਆਪਣੀ ਸਲਾਨਾ ਪ੍ਰਕਾਸ਼ਨਾ, ਸਮੁੰਦਰੋਂ ਪਾਰ ਦਾ ਪੰਜਾਬੀ ਸੰਸਾਰ (ਇੰਡੀਅਨਜ਼ ਅਬਰੌਡ ਐਂਡ ਪੰਜਾਬ ਇੰਪੈਕਟ) ਦੇ 21ਵੇਂ ਵਿਸ਼ੇਸ਼ ਗੁਰੂ ਨਾਨਕ ਦੇਵ ਜੀ ਐਡੀਸ਼ਨ-2019 ਲਈ ਇਥੇ ਵਸਦੇ ਪੰਜਾਬੀ ਅਤੇ ਸਿੱਖ ਜਗਤ ਦੀ ਪਰਿਕਰਮਾ ਕਰਕੇ ਆਪਣੇ ਭਾਰਤੀ ਮੂਲ ਸਮੂਹ ਪਾਠਕਾਂ ਨੂੰ ਖੋਜ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ। ਇਹ ਵੱਡੇ ਆਕਾਰੀ 550 ਪੰਨਿਆਂ ਦਾ 2019 ਅੰਕ ਵੀ ਹਰ ਸਾਲ ਵਾਂਗ 1 ਜਨਵਰੀ 2019 ਨੂੰ ਭਾਰਤ ਵਿੱਚ ਅਤੇ ਫਿਰ ਯੂ.ਕੇ., ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਜਾਰੀ ਕੀਤਾ ਜਾਵੇਗਾ।
ਲੰਘੇ ਐਤਵਾਰ 3 ਜੂਨ ਨੂੰ ਸੰਪਾਦਕ-ਪ੍ਰਕਾਸ਼ਕ ਸ਼ੇਰਗਿੱਲ ਵਲੋਂ ਉਨਟਾਰੀਓ ਦੇ ਸਭ ਤੋਂ ਵੱਡੇ 40 ਏਕੜ ਵਿੱਚ ਸਥਿਤ ਗੁਰੂਘਰ, ‘ਉਨਟਾਰੀਓ ਖਾਲਸਾ ਦਰਬਾਰ’ ਦੀ ਪਰਿਕਰਮਾ ਕੀਤੀ ਗਈ, ਜਿਥੇ ਗੁਰੂ ਘਰ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਸੱਲ ਵਲੋਂ ਪਿਆਰ ਅਤੇ ਸਤਿਕਾਰ ਨਾਲ ਸ਼ੇਰਗਿੱਲ ਨੂੰ ਗੁਰਦਵਾਰਾ ਸਾਹਿਬ ਦੀ ਇਮਾਰਤ ਦੇ ਸਾਰੇ ਹਾਲ ਵਿਖਾ ਕੇ ਹੋਰ ਕੀਤੇ ਜਾ ਰਹੇ ਵਿਕਾਸ ਅਤੇ ਵਾਧੇ ਬਾਰੇ ਗੱਲਬਾਤ ਕੀਤੀ ਗਈ। ਇਥੇ ਹੀ ਕੁਝ ਦੇਰ ਬਾਅਦ ਪੁੱਜੇ ਕੈਨੇਡਾ ਦੇ ਕਾਰਖਾਨੇਦਾਰ, ਵਿਸ਼ਵ ਸਿੱਖ ਸੰਸਥਾ ਕੈਨੇਡਾ ਦੇ ਮੁਢਲੇ ਪ੍ਰਧਾਨ ਅਤੇ ਵਿਦਵਾਨ ਲੇਖਕ ઠਗਿਆਨ ਸਿੰਘ ਸੰਧੂ ਵਲੋਂ ਆਪਣੀ ਅੰਗਰੇਜ਼ੀ ਵਿੱਚ ਨਵ-ਪ੍ਰਕਾਸ਼ਿਤ ਪੁਸਤਕ, ‘ਦੀ ਅਨਕੋਮਨ ਰੋਡ (The Uncommon Road) ਨਰਪਾਲ ਸਿੰਘ ਨੂੰ ਭੇਂਟ ਕੀਤੀ ਗਈ।
ਇਸ ਤੋਂ ਬਾਅਦ ਸ਼ੇਰਗਿੱਲ ਨੂੰ ਮਾਲਟਨ ਸਥਿਤ ‘ਪਰਵਾਸੀ’ ਪੰਜਾਬੀ ਅਤੇ ਅੰਗਰੇਜ਼ੀ ਸਪਤਾਹਕ ਤੇ ਪਰਵਾਸੀ ਰੇਡੀਓ ਦੇ ਮੁਖੀ ਰਜਿੰਦਰ ਸੈਣੀ, ਵਲੋਂ ਆਪਣਾ ਨਵਾਂ ਬਣ ਰਿਹਾ ਕੈਨੇਡਾ ਦਾ ਸਭ ਤੋਂ ਵੱਡਾ ਪੰਜਾਬੀ ਮੀਡੀਆ ਅਦਾਰਾ ਵਿਖਾਇਆ ਗਿਆ, ਜਿਥੇ ਉਨਟਾਰਓ ਦੀ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਕਨਵੀਨਰ ਜਗਦੇਵ ਸਿੰਘ ਨਿੱਜਰ, ਕੈਨੇਡੀਅਨ ਅਯੂਰਵੈਦਿਕ ਅਤੇ ਯੋਗ ਕਾਲਜ ਦੇ ਮੁੱਖੀ ਡਾ: ਹਰਿਸ਼ ਕੁਮਾਰ ਵਰਮਾ, ਭਾਰਤ ਤੋਂ ਕੈਨੇਡਾ ਦੇ ਦੌਰੇ ‘ਤੇ ਹੀ ਪੁੱਜੇ ਹੋਏ ਮੁਲਾਜ਼ਮ-ਕਾਮਾ ਜੱਥੇਬੰਦੀ ਦੇ ਪਟਿਆਲਾ ਸਥਿਤ ਪ੍ਰਧਾਨ ਹਰੀ ਸਿੰਘ ਟੌਹੜਾ ਅਤੇ ਹੋਰ ਪੰਜਾਬੀ ਵੀ ਸ਼ੇਰਗਿੱਲ ਨੂੰ ਮਿਲੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …