ਬਰੈਂਪਟਨ/ਡਾ.ਝੰਡ
ਬੀਤੇ ਐਤਵਾਰ 19 ਜੂਨ ਨੂੰ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮਹੀਨਾਵਾਰ ਸਮਾਗ਼ਮ ਵਿੱਚ ਇਕਬਾਲ ਰਾਮੂਵਾਲੀਆ ਦੀ ਸਵੈ-ਜੀਵਨੀ ਦੇ ਦੂਸਰੇ ਭਾਗ ‘ਬਰਫ਼ ‘ਚ ਉੱਗਦਿਆਂ’ ਉੱਪਰ ਸੰਜੀਦਾ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਘੇ ਪੰਜਾਬੀ ਆਲੋਚਕ ਜਸਬੀਰ ਕਾਲਰਵੀ ਨੇ ਵਿਦਵਤਾ-ਭਰਪੂਰ ਪਰਚਾ ‘ਗੰਢਾਂ ‘ਚ ਲਿਪਟੀ ਵਰਣਮਾਲਾ’ ਪੇਸ਼ ਕੀਤਾ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਡਾ. ਵਰਿਆਮ ਸਿੰਘ ਸੰਧੂ, ਵੈਨਕੂਵਰ ਤੋਂ ਸੁਰਿੰਦਰ ਧੰਜਲ, ਇੰਗਲੈਂਡ ਤੋਂ ਸਾਥੀ ਲੁਧਿਆਣਵੀ, ਲਾਹੌਰ ਤੋਂ ਪ੍ਰੋ. ਆਸ਼ਿਕ ਰਹੀਲ ਤੇ ਬਲਰਾਜ ਚੀਮਾ ਸ਼ਾਮਲ ਸਨ। ਜਸਬੀਰ ਕਾਲਰਵੀ ਨੇ ਆਪਣੇ ਪੇਪਰ ਵਿੱਚ ਇਸ ਸਵੈ-ਜੀਵਨੀ ਨੂੰ ਇਕਬਾਲ ਰਾਮੂੰਵਾਲੀਆ ਦੇ ਅਨੁਭਵ ਤੋਂ ਅਭਿ-ਵਿਅੱਕਤੀਤਵ ਦਾ ਸਫ਼ਰ ਬਿਆਨਦਿਆਂ ਹੋਇਆਂ ਇਸ ਨੂੰ ਅਨੋਖੇ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਦ੍ਰਿਸ਼ਟਾਂਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਲੇਖਕ ਦੀ ਪਰਿਵਾਰ ਸਮੇਤ ਇੱਥੇ ਕੈਨੇਡਾ ਵਿੱਚ ਆ ਕੇ ਇੱਥੇ ਸਥਾਪਤੀ ਲਈ ਸੰਘਰਸ਼ ਦੀ ਕਹਾਣੀ ਹੈ। ਪੁਸਤਕ ਵਿੱਚ ਵਰਤੀ ਗਈ ਸ਼ਬਦਾਵਲੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਇਸ ਵਿੱਚ ਘੜੇ ਗਏ ਨਵੇਂ ਸ਼ਬਦਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।
ਬਹਿਸ ਨੂੰ ਅੱਗੇ ਤੋਰਦਿਆਂ ਕੁਲਜੀਤ ਮਾਨ ਨੇ ਕਿਹਾ ਕਿ ਜੋ ਵੀ ਕਿਤਾਬ ਅਸੀਂ ਪੜ੍ਹਦੇ ਹਾਂ, ਉਹ ਉਸ ਦੀ ਧੜਕਣ ਹੁੰਦੀ ਹੈ ਕਿਉਂਕਿ ਇਹ ਜ਼ਰੂਰੀ ਹੈ ਕਿ ਪਾਠਕ ਉਸ ਨੂੰ ਪੜ੍ਹਦਿਆਂ ਕੀ ਤੇ ਕਿਵੇਂ ਮਹਿਸੂਸ ਕਰਦਾ ਹੈ ਅਤੇ ਇਕਬਾਲ ਦੀ ਇਹ ਸਵੈ-ਜੀਵਨੀ ਪੜ੍ਹਦਿਆਂ ਉਹ ਇਸ ਨੂੰ ਪੂਰੀ ਤਰ੍ਹਾਂ ਮਾਣਦਾ ਹੈ। ਡਾ. ਸੁਖਦੇਵ ਸਿੰਘ ਝੰਡ ਨੇ ਪੁਸਤਕ ਨੂੰ ਰਾਮੂੰਵਾਲੀਏ ਦੇ ਜੀਵਨ ਦਾ ਦੂਸਰਾ ਪੜਾਅ ਕਹਿੰਦਿਆਂ ਇਸ ਨੂੰ ਉਸ ਦੇ ਕੈਨੇਡਾ ਵਿੱਚ ਮੁੱਢਲੇ ਦਿਨਾਂ ਦਾ ਸੰਘਰਸ਼ ਕਿਹਾ। ਉੱਘੇ ਇਮੀਗਰੇਸ਼ਨ ਕਨਸਲਟੈਂਟ ਰਾਜਪਾਲ ਸਿੰਘ ਹੋਠੀ ਨੇ ਇਕਬਾਲ ਰਾਮੂੰਵਾਲੀਏ ਨੂੰ ਪੁਸਤਕ ਦੀ ਵਧਾਈ ਦਿੰਦਿਆਂ ਹੋਇਆਂ ਉਸ ਨੂੰ ਇੱਕ ਵਧੀਆ ਸਲਾਹਕਾਰ ਦੱਸਿਆ ਪਰ ਨਾਲ ਹੀ ਕਿਹਾ ਕਿ ਉਹ ਕਈਆਂ ਗੱਲਾਂ ‘ਤੇ ਅੜ ਵੀ ਜਾਂਦਾ ਹੈ। ਵੈਨਕੂਵਰ ਤੋਂ ਉਚੇਚੇ ਤੌਰ ‘ਤੇ ਆਏ ਇਕਬਾਲ ਦੇ ਦੋਸਤ ਸੁਰਿੰਦਰ ਧੰਜਲ ਜਿਨ੍ਹਾਂ ਨੇ ਉਸ ਦੀਆਂ 12 ਪੁਸਤਕਾਂ ਵਿੱਚੋਂ 4 ਦੇ ਮੁੱਖ-ਬੰਧ ਲਿਖੇ ਹਨ, ਨੇ ਕਿਹਾ ਕਿ ਇਸ ਲੇਖਕ ਵਿੱਚ ਮਾਸੂਮੀਅਤ ਹੈ, ਸ਼ਰਾਰਤ ਨਹੀਂ। ਪ੍ਰਿੰਸੀਪਲ ਸਰਵਣ ਸਿੰਘ ਨੇ ਇਸ ਨੂੰ ਨਿਵੇਕਲੀ ਵਾਰਤਕ ਕਰਾਰ ਦਿੰਦਿਆਂ ਇਸ ਵਿਚਲੇ ਨਵੇਂ ਅਲੰਕਾਰਾਂ ਅਤੇ ਨਵੇਂ ਬਿੰਬਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਕੰਪਿਊਟਰ ਦੇ ਧਨੰਤਰ ਕ੍ਰਿਪਾਲ ਸਿੰਘ ਪੰਨੂ, ‘ਪਰਵਾਸੀ’ ਦੇ ਮੁੱਖ ਸੰਪਾਦਕ ਰਜਿੰਦਰ ਸੈਣੀ ਅਤੇ ਪ੍ਰੋ.ਆਸ਼ਿਕ ਰਹੀਲ ਨੇ ਲੇਖਕ ਨੂੰ ਇਸ ਵਧੀਆ ਰਚਨਾ ਲਿਆਉਣ ‘ਤੇ ਵਧਾਈ ਪੇਸ਼ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ। ਡਾ. ਵਰਿਆਮ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਕਬਾਲ ਦੀਆਂ ਸਵੈ-ਜੀਵਨੀ ਦੀਆਂ ਦੋਹਾਂ ਪੁਸਤਕਾਂ ਦੇ ਨਾਂ ਬੜੇ ਵੱਖਰੀ ਕਿਸਮ ਦੇ ਹਨ। ਲੰਡਨ ਤੋਂ ਆਏ ਸਾਥੀ ਲੁਧਿਆਣਵੀ ਨੇ ਲੇਖਕਾਂ ਵਿਚਲੀ ਕਲਮੀ-ਰਿਸ਼ਤੇਦਾਰੀ ਅਤੇ ਨਸਲਵਾਦ ਨਾਲ ਲੜਦਿਆਂ ਇੰਗਲੈਂਡ ਵਿੱਚ ਗੁਜ਼ਾਰੇ 54 ਸਾਲ ਦੌਰਾਨ ਸਰੀਰਕ ਅਤੇ ਮਾਨਸਿਕ ਸੰਘਰਸ਼ ਝੱਲਦਿਆਂ ਪੰਜਾਬੀ ਬੋਲੀ ਪ੍ਰਤੀ ਸੁਹਿਰਦਤਾ ਦੀ ਗੱਲ ਕੀਤੀ। ਇਕਬਾਲ ਰਾਮੂੰਵਾਲੀਆ ਨੇ ਬੁਲਾਰਿਆਂ ਅਤੇ ਆਏ ਸਮੂਹ-ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰੋ. ਹਰਦਿਆਲ ਸਿੰਘ, ਛੋਟੇ ਭਰਾ ਰਛਪਾਲ ਰਾਮੂੰਵਾਲੀਏ ਅਤੇ ਪਿਆਰਾ ਸਿੰਘ ਪੰਨੂੰ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਜੇਕਰ ਇਹ ਵਿਅੱਕਤੀ ਉਨ੍ਹਾਂ ਦੇ ਜੀਵਨ ਵਿੱਚ ਨਾ ਆਉਂਦੇ ਤਾਂ ਇਸ ਪੁਸਤਕ ਦਾ ਜਨਮ ਨਹੀਂ ਸੀ ਹੋਣਾ। ਬਲਰਾਜ ਚੀਮਾ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਹੋਇਆਂ ਇਕਬਾਲ ਨਾਲ ਆਪਣੀ ‘ਅਨਈਜ਼ੀ-ਫਰੈਂਡਸ਼ਿਪ’ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਵਿਚਕਾਰ ਕਈ ਗੱਲਾਂ ‘ਤੇ ਸਹਿਮਤੀ ਨਾ ਹੁੰਦਿਆਂ ਹੋਇਆਂ ਵੀ ਉਹ ਵਧੀਆ ਦੋਸਤ ਬਣੇ ਰਹੇ। ਸਮਾਗ਼ਮ ਦੇ ਇਸ ਭਾਗ ਦਾ ਸੰਚਾਲਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਕੀਤਾ ਗਿਆ। ਸਮਾਗ਼ਮ ਦੇ ਦੂਸਰੇ ਭਾਗ ਵਿੱਚ ਹੋਏ ਕਵੀ-ਦਰਬਾਰ ਵਿੱਚ ਜਿੱਥੇ ਪਰਮਜੀਤ ਢਿੱਲੋਂ, ਇਕਬਾਲ ਬਰਾੜ, ਸੁਰਿੰਦਰ ਧੰਜਲ ਤੇ ਰਿੰਟੂ ਭਾਟੀਆ ਨੇ ਆਪਣੀਆਂ ਮਧੁਰ ਆਵਾਜ਼ਾਂ ਵਿੱਚ ਗੀਤ ਅਤੇ ਗ਼ਜਲਾਂ ਪੇਸ਼ ਕੀਤੀਆਂ, ਉੱਥੇ ਸਾਥੀ ਲੁਧਿਆਣਵੀ, ਡਾ. ਬਲਜਿੰਦਰ ਸੇਖੋਂ, ਮਕਸੂਦ ਚੌਧਰੀ, ਡਾ. ਜਗਮੋਹਨ ਸੰਘਾ, ਜਸਬੀਰ ਕਾਲਰਵੀ, ਪੰਕਜ ਸ਼ਰਮਾ ਤੇ ਸੈਂਡੀ ਗਿੱਲ ਨੇ ਖ਼ੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ। ਇਸ ਭਾਗ ਵਿੱਚ ਮੰਚ ‘ਤੇ ਕ੍ਰਿਪਾਲ ਸਿੰਘ ਪੰਨੂ, ‘ਪਰਵਾਸੀ’ ਸਮੂਹ ਦੇ ਰਜਿੰਦਰ ਸੈਣੀ, ਅਬਦੁਲ ਬਾਸਤ ਕਮਰ ਤੇ ਪੂਰਨ ਸਿੰਘ ਪਾਂਧੀ ਬਿਰਾਜਮਾਨ ਸਨ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਕਰਤਾਰ ਮਾਨ ਦਾ ਨਾਵਲ ‘ਭਾਂਬੜ’ ਲੋਕ-ਅਰਪਿਤ ਕੀਤਾ ਗਿਆ। ਇਸ ਮੌਕੇ ਪੂਰਨ ਸਿੰਘ ਪਾਂਧੀ ਨੇ ਨਾਵਲ ਅਤੇ ਇਸ ਦੇ ਲੇਖਕ ਕਰਤਾਰ ਮਾਨ ਬਾਰੇ ਮੁੱਢਲੀ ਜਾਣਕਾਰੀ ਦਿੱਤੀ।
ਸਭਾ ਵੱਲੋਂ ਸਾਥੀ ਲੁਧਿਆਵੀ ਨੂੰ ਸਨਮਾਨ-ਚਿੰਨ੍ਹ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੂਸਰੇ ਭਾਗ ਦਾ ਮੰਚ-ਸੰਚਾਲਨ ਮਲੂਕ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ। ਅਖ਼ੀਰ ਵਿੱਚ ਤਲਵਿੰਦਰ ਮੰਡ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ।
ਹਾਜ਼ਰੀਨ ਵਿੱਚ ਪਿਆਰਾ ਸਿੰਘ ਤੂਰ, ਸੁਰਿੰਦਰ ਸਿੰਘ ਸੰਧੂ, ਮਹਿੰਦਰ ਸਿੰਘ ਵਾਲੀਆ, ਰਘਵੀਰ ਸਿੰਘ ਚਾਹਲ, ਰਛਪਾਲ ਗਿੱਲ, ਲਖਬੀਰ ਸਿੰਘ ਕਾਹਲੋਂ, ਦਰਸ਼ਨ ਸਿੰਘ ਗਰੇਵਾਲ, ਹਰਜੀਤ ਗਿੱਲ, ਹਰਜੀਤ ਬਾਜਵਾ, ਸੁਖਦੇਵ ਧਾਲੀਵਾਲ, ਪ੍ਰਿੰ. ਗੁਰਦੀਪ ਸਿੰਘ ਰੰਧਾਵਾ, ਬਲਬੀਰ ਸਿੰਘ ਗਿੱਲ, ਹਰਨੇਕ ਸਿੰਘ ਗਿੱਲ, ਸੁਰਿੰਦਰ ਸ਼ਰਮਾ, ਪਵਨ ਚੰਹੋਤਰਾ, ਡਾ. ਕ੍ਰਿਸ਼ਨ ਚੰਦ, ਸੁਰਜੀਤ ਕੌਰ, ਸਰਬਜੀਤ ਕਾਹਲੋਂ, ਜਤਿੰਦਰ ਰੰਧਾਵਾ, ਕੁਲਦੀਪ ਕੌਰ ਗਿੱਲ, ਪ੍ਰਕਾਸ਼ ਕੌਰ ਆਦਿ ਸ਼ਾਮਲ ਸਨ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ‘ਬਰਫ਼ ‘ਚ ਉਗਦਿਆਂ’ ਉਤੇ ਹੋਈ ਭਾਵ-ਪੂਰਤ ਗੋਸ਼ਟੀ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …