Breaking News
Home / ਕੈਨੇਡਾ / ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਮਾਸਟਰ ਦਾਤਾਰ ਸਿੰਘ ਦੇ ਬੇਵਕਤ ਅਕਾਲ-ਚਲਾਣੇ ‘ਤੇ ਭਾਵ-ਭਿੰਨੀ ਸ਼ਰਧਾਂਜਲੀ

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਮਾਸਟਰ ਦਾਤਾਰ ਸਿੰਘ ਦੇ ਬੇਵਕਤ ਅਕਾਲ-ਚਲਾਣੇ ‘ਤੇ ਭਾਵ-ਭਿੰਨੀ ਸ਼ਰਧਾਂਜਲੀ

ਬਰੈਂਪਟਨ/ਡਾ. ਝੰਡ : ਅਧਿਆਪਕ ਜੱਥੇਬੰਦੀ ‘ਡੈਮੋਕਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਬਾਨੀ ਪ੍ਰਧਾਨ ਅਤੇ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਮਾਸਟਰ ਦਾਤਾਰ ਸਿੰਘ ਦੀ ਅੰਮ੍ਰਿਤਸਰ ਵਿਖੇ ਹੋਈ ਬੇਵਕਤ ਮੌਤ ‘ਤੇ ਕੈਨੇਡਾ ਦੀ ‘ਫ਼ਾਰਮਜ਼ ਸਪੋਰਟ ਕੋਆਰਡੀਨੇਸ਼ਨ ਕਮੇਟੀ, ਓਨਟਾਰੀਓ ਨਾਲ ਸਬੰਧਿਤ ਸਾਹਿਤਕ ਅਤੇ ਸਮਾਜ-ਸੇਵੀ ਜੱਥੇਬੰਦੀਆਂ ਵੱਲੋਂ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ। ਇਨ੍ਹਾਂ ਨਾਲ ਸਬੰਧਿਤ ਆਗੂਆਂ ਵੱਲੋਂ ਇਸ ਨੂੰ ਕਿਸਾਨੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕੋਆਰਡੀਨੇਸ਼ਨ ਕਮੇਟੀ ਦੇ ਇਕ ਆਗੂ ਨੇ ਦੱਸਿਆ ਕਿ ਆਖ਼ਰੀ ਮੰਦਭਾਗੇ ਸਮੇਂ ਮਾਸਟਰ ਦਾਤਾਰ ਸਿੰਘ ਅੰਮ੍ਰਿਤਸਰ ਦੇ ‘ਵਿਰਸਾ ਵਿਹਾਰ ਸੈਮੀਨਾਰ-ਹਾਲ’ ਵਿਖੇ ਹੋ ਰਹੇ ਕਿਸਾਨ ਸਮਾਗਮ ਵਿਚ ਬੁਲਾਰੇ ਵਜੋਂ ਹਾਜ਼ਰ ਸਨ ਅਤੇ ਆਪਣਾ ਭਾਸ਼ਣ ਸਮਾਪਤ ਕਰਨ ਤੋਂ ਕੁਝ ਮਿੰਟਾਂ ਬਾਅਦ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜੋ ਜਾਨ-ਲੇਵਾ ਸਾਬਤ ਹੋਇਆ। ਉਨ੍ਹਾਂ ਦੱਸਿਆ ਕਿਆਪਣੀ ਅਧਿਆਪਕ ਨੌਕਰੀ ਦੌਰਾਨ ਮਾਸਟਰ ਦਾਤਾਰ ਸਿੰਘ ਨੇ ਡੀ.ਟੀ.ਐੱਫ਼. ਨਾਮੀ ਅਧਿਆਪਕਾਂ ਦੀ ਜੱਥੇਬੰਦੀ ਖੜ੍ਹੀ ਕੀਤੀ ਜਿਸ ਦੇ ਪ੍ਰਧਾਨ ਦੇ ਤੌਰ ‘ਤੇ ਉਹ ਮੁਲਾਜ਼ਮਾਂ ਅਤੇ ਜਮਹੂਰੀ ਹੱਕਾਂ ਲਈ ਲਗਾਤਾਰ ਲੜਦੇ ਰਹੇ ਅਤੇ ਆਪਣੀ ਸੇਵਾ-ਮੁਕਤੀ ਤੋਂ ਬਾਅਦ ਕਿਸਾਨ ਲਹਿਰ ਵਿਚ ਮੁੜ ਸਰਗ਼ਰਮ ਹੋ ਗਏ। ਇਸ ਸਮੇਂ ਉਹ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸਨ ਅਤੇ ਦਿੱਲੀ ਵਿਖੇ ਚੱਲ ਰਹੇ 32 ਕਿਸਾਨ ਜੱਥੇਬੰਦੀਆਂ ਵਾਲੇ ਕਿਸਾਨ ਮੋਰਚੇ ਦੇ ਸਿਰਕੱਢ ਆਗੂ ਸਨ। ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿਚ ਸ਼ਾਮਲ ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਦੇ ਦਵਿੰਦਰ ਸਿੰਘ ਤੂਰ, ਅਲਾਇੰਸ ਆਫ਼ ਪ੍ਰੌਗਰੈੱਸਿਵ ਕੈਨੇਡੀਅਨਜ਼ ਦੇ ਸ਼ਮਸ਼ਾਦ ਇਲਾਹੀ ਸ਼ਮਸ ਤੇ ਹਰਪ੍ਰਮਿੰਦਰ ਗ਼ਦਰੀ, ਪਰਵਾਸੀ ਪੰਜਾਬ ਪੈੱਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰੋ. ਜਗੀਰ ਸਿੰਘ ਕਾਹਲੋਂ, ਮਹਿਲਾ ਸੰਗਠਨ ‘ਦਿਸ਼ਾ’ ਦੇ ਕੰਵਲਜੀਤ ਕੌਰ ਢਿੱਲੋਂ, ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸੁਰਜੀਤ ਸਹੋਤਾ, ਪੀਪਲਜ਼ ਆਲਟਰਨੇਟ ਮੀਡੀਆ ਦੇ ਡਾ. ਹਰਦੀਪ ਸਿੰਘ ਅਟਵਾਲ, ਜੀਟੀਏ ਵੈੱਸਟ ਕਲੱਬ ਦੇ ਹਰਿੰਦਰ ਹੁੰਦਲ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਲੂਕ ਸਿੰਘ ਕਾਹਲੋਂ, ਪੰਜਾਬੀ ਕਲਮਾਂ ਦੇ ਕਾਫ਼ਲੇ ਦੇ ਕੁਲਵਿੰਦਰ ਖਹਿਰਾ ਅਤੇ ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਹਰਜੀਤ ਸਿੰਘ ਗਿੱਲ ਨੇ ਸਾਥੀ ਦਾਤਾਰ ਸਿੰਘ ਦੇ ਸਦੀਵੀ ਵਿਛੋੜੇ ਉੱਪਰ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਦੀ ਬੇਸ਼ੁਮਾਰ ਲੋਕ-ਪੱਖੀ ਘਾਲਣਾਵਾਂ ਦੀ ਭਰਪੂਰ ਸਰਾਹਨਾ ਕੀਤੀ ਗਈ।

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …