Breaking News
Home / Special Story / ਤੁਰ ਗਿਆ… ਪੰਜਾਬੀ ਗਾਇਕੀ, ਸਫੇਦ ਚਾਦਰ ਕੁਰਤੇ ਅਤੇ ਸ਼ਮਲੇ ਵਾਲੀ ਪੱਗ ਨਾਲ ਪਹਿਚਾਣ ਬਣਾਉਣ ਵਾਲਾ ਸਰਦੂਲ ਸਿਕੰਦਰ

ਤੁਰ ਗਿਆ… ਪੰਜਾਬੀ ਗਾਇਕੀ, ਸਫੇਦ ਚਾਦਰ ਕੁਰਤੇ ਅਤੇ ਸ਼ਮਲੇ ਵਾਲੀ ਪੱਗ ਨਾਲ ਪਹਿਚਾਣ ਬਣਾਉਣ ਵਾਲਾ ਸਰਦੂਲ ਸਿਕੰਦਰ

1991 ਵਿਚ ਐਲਬਮ ‘ਹੁਸਨਾ ਦੇ ਮਾਲਕੋ’ ਨੇ ਰਚਿਆ ਸੀ ਇਤਿਹਾਸ
50 ਲੱਖ ਤੋਂ ਜ਼ਿਆਦਾ ਵਿਕੀਆਂ ਸਨ ਕੈਸਿਟਾਂ
ਫਤਹਿਗੜ੍ਹ ਸਾਹਿਬ : ਸਰਦੂਲ ਸਿਕੰਦਰ ਪੰਜਾਬੀ ਗਾਇਕੀ ਦਾ ਵੱਡਾ ਨਾਮ ਹੈ। ਉਨ੍ਹਾਂ ਦੇ ਜੀਵਨ ਵਿਚ ਵੱਡੇ ਉਤਰਾਅ ਚੜ੍ਹਾਅ ਵੀ ਰਹੇ ਹਨ। ਘਰ ਦੀ ਗਰੀਬੀ ਵਿਚੋਂ ਉਠੇ, ਗਾਇਕੀ ਦੀ ਆਵਾਜ਼ ਨਾਲ ਰੇਡੀਓ ਅਤੇ ਟੈਲੀਵੀਜ਼ਨ ਵਿਚ ਆਪਣਾ ਨਾਮ ਦੁਨੀਆ ਭਰ ਵਿਚ ਚਮਕਾਇਆ। ਉਹ ਅਜਿਹੇ ਗਾਇਕ ਅਤੇ ਸੰਗੀਤਕਾਰ ਸਨ, ਜੋ ਪੰਜਾਬੀ ਭਾਸ਼ਾ ਦੇ ਲੋਕ ਅਤੇ ਪੋਪ ਸੰਗੀਤ ਨਾਲ ਜੁੜੇ ਸਨ। ਕਈ ਪੰਜਾਬੀ ਫਿਲਮਾਂ ਵਿਚ ਅਦਾਕਾਰੀ ਕੀਤੀ। ‘ਜੱਗਾ ਡਾਕੂ’ ਫਿਲਮ ਵਿਚ ਸਰਦੂਲ ਦੇ ਰੋਲ ਨੂੰ ਬਹੁਤ ਪਸੰਦ ਕੀਤਾ ਗਿਆ। ਉਸ ਵਿਚ ਗਾਇਕੀ ਦਾ ਦਮ ਏਨਾ ਸੀ ਕਿ ਦੁਨੀਆ ਦਾ ਕੋਈ ਅਜਿਹਾ ਦੇਸ਼ ਨਹੀਂ ਹੋਵੇਗਾ, ਜਿੱਥੇ ਸਰਦੂਲ ਦੀ ਆਵਾਜ਼ ਨਹੀਂ ਗੂੰਜੀ ਹੋਵੇਗੀ।
ਸਰਦੂਲ ਸਿਕੰਦਰ ਦੀ 1980 ਦੇ ਦਹਾਕੇ ਦੀ ਸ਼ੁਰੂਆਤ ਵਿਚ ‘ਰੋਡਵੇਜ਼ ਦੀ ਲਾਰੀ’ ਐਲਬਮ ਦੁਨੀਆ ਭਰ ਵਿਚ ਚਰਚਾ ‘ਚ ਰਹੀ ਸੀ। ਇਸ ਵਿਚ ਸਰਦੂਲ ਨੇ ਪ੍ਰਸਿੱਧ ਪੰਜਾਬੀ ਗਾਇਕ ਯਮਲਾ ਜੱਟ, ਗੁਰਦਾਸ ਮਾਨ ਅਤੇ ਹੰਸਰਾਜ ਹੰਸ ਆਦਿ ਦੀ ਆਵਾਜ਼ ਖੁਦ ਨਕਲ ਨਾਲ ਕੀਤੀ ਸੀ। ਸਾਲ 1991 ਵਿਚ ਉਸਦੀ ਐਲਬਮ ‘ਹੁਸਨਾ ਦੇ ਮਾਲਕੋ’ ਨੇ ਪ੍ਰਸਿੱਧੀ ਦਾ ਇਤਿਹਾਸ ਰਚਿਆ ਸੀ। ਇਸ ਐਲਬਮ ਦੀ ਦੁਨੀਆ ਭਰ ਵਿਚ 50 ਲੱਖ ਤੋਂ ਜ਼ਿਆਦਾ ਕੈਸਟਾਂ ਵਿਕੀਆਂ ਸਨ ਅਤੇ ਹੁਣ ਵੀ ਇਹ ਗੀਤ ਬਹੁਤ ਸੁਣਿਆ ਜਾ ਰਿਹਾ ਹੈ।
ਹੰਢਾਈ ਬੜੀ ਗਰੀਬੀ
ਸਰਦੂਲ ਸਿਕੰਦਰ ਭਾਵੇਂ ਦੌਲਤ ਤੇ ਸ਼ੋਹਰਤ ਪੱਖੋਂ ਬੁਲੰਦੀਆਂ ‘ਤੇ ਪਹੁੰਚ ਗਿਆ ਸੀ, ਪਰ ਉਸ ਨੇ ਅਜਿਹੇ ਸਮੇਂ ਵੀ ਵੇਖੇ ਸਨ, ਜਦੋਂ ਅੱਤ ਦੀ ਗਰੀਬੀ ਸੀ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਇਕ ਪਾਸੇ ਸਾਡੇ ਘਰੇ ਸੱਥਰ ਵਿਛਿਆ ਹੋਇਆ ਸੀ, ਰੋਣ-ਧੋਣ ਚੱਲ ਰਿਹਾ ਸੀ ਤੇ ਦੂਜੇ ਪਾਸੇ ਅਸੀਂ ਤਿੰਨੋਂ ਭਰਾ ਸਾਈਕਲਾਂ ‘ਤੇ ਢੋਲਕੀਆਂ ਲੱਦ ਕੇ ਗਾਉਣ ਜਾ ਰਹੇ ਸਾਂ, ਸਾਈ ਫੜੀ ਹੋਈ ਸੀ। ਉਸ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਅਜਿਹਾ ਮੁਕਾਮ ਹਾਸਲ ਕੀਤਾ ਕਿ ਦੌਲਤ ਤੇ ਸ਼ੋਹਰਤ ਪੱਖੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ। ਜ਼ਿੰਦਗੀ ਭਰ ਉਹ ਮਿਹਨਤੀ ਜਜ਼ਬੇ ਵਾਲੇ ਰਹੇ।
ਸਰਦੂਲ ਦੇ ਇਲਾਜ ਦਾ ਖਰਚਾ ਤਾਰੇਗੀ ਸਰਕਾਰ
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਗਾਇਕ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸਰਦੂਲ ਸਿਕੰਦਰ ਦੇ ਹਸਪਤਾਲ ਦੇ 10 ਲੱਖ ਰੁਪਏ ਦੇ ਬਕਾਏ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਦੂਲ ਸਿਕੰਦਰ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਪੰਜਾਬੀ ਗਾਇਕੀ ਲਈ ਵੱਡਾ ਘਾਟਾ ਦੱਸਿਆ ਹੈ। ਸੁਖਬੀਰ ਬਾਦਲ ਤੇ ਦੇਸ਼-ਵਿਦੇਸ਼ ਦੇ ਦਰਜਨਾਂ ਆਗੂਆਂ, ਗਾਇਕਾਂ, ਗੀਤਕਾਰਾਂ, ਫ਼ਿਲਮੀ ਅਦਾਕਾਰਾਂ, ਸੰਗੀਤਕਾਰਾਂ, ਸੰਗੀਤ ਕੰਪਨੀਆਂ, ਪੰਜਾਬੀ ਲਿਖਾਰੀ ਸਭਾ ਰਾਮਪੁਰ, ਪੰਜਾਬੀ ਸਾਹਿਤ ਤੇ ਸੱਭਿਆਚਾਰਕ ਮੰਚ ਖੰਨਾ ਤੇ ਹੋਰ ਅਨੇਕਾਂ ਸਾਹਿਤਕ ਜਥੇਬੰਦੀਆਂ ਨੇ ਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਚਰਨਜੀਤ ਅਹੂਜਾ ਕੋਲੋਂ ਸੰਗੀਤ ਸਿੱਖ ਕੇ ਗਾਇਕੀ ਦੀ ਦੁਨੀਆ ‘ਚ ਛਾ ਗਏ ਸਨ ‘ਸੁਰਾਂ ਦੇ ਸਿਕੰਦਰ’ ਸਰਦੂਲ
ਸਰਦੂਲ ਨੂੰ 5 ਸਾਲ ਪਹਿਲਾਂ ਕਿਡਨੀ ਦੀ ਸਮੱਸਿਆ ਆਈ ਤਾਂ ਉਹ ਟੁੱਟਣ ਲੱਗ ਪਏ ਸਨ। ਉਸਦੀ ਹਮਸਫਰ ਅਮਰ ਨੂਰੀ ਨੇ ਆਪਣੀ ਕਿਡਨੀ ਟਰਾਂਸਪਲਾਂਟ ਕਰਵਾ ਕੇ ਉਸਦੀ ਆਵਾਜ਼ ਨੂੰ ਬੁਲੰਦ ਰੱਖਿਆ। ਇਸ ਤੋਂ ਬਾਅਦ ਵਿਚ ਸਰਦੂਲ ਅਤੇ ਨੂਰੀ ਕਈ ਮੰਚਾਂ ‘ਤੇ ਇਕੱਠੇ ਵੀ ਦਿਸੇ।
ਪਿਤਾ ਵੀ ਬਾਂਸ ਦੀ ਛੜੀ ਨਾਲ ਤਬਲਾ ਵਜਾਉਣ ਵਿਚ ਮਾਹਿਰ ਸਨ
ਸਰਦੂਲ ਸਿਕੰਦਰ ਦਾ ਜਨਮ 1961 ਵਿਚ ਪਿੰਡ ਖੇੜੀ ਨੌਧ ਸਿੰਘ (ਫਤਹਿਗੜ੍ਹ ਸਾਹਿਬ) ਵਿਚ ਹੋਇਆ ਸੀ। ਸਰਦੂਲ ਪਹਿਲੀ ਵਾਰ 1980 ਵਿਚ ਟੀਵੀ ਅਤੇ ਰੇਡੀਓ ‘ਤੇ ਰੋਡਵੇਜ਼ ਦੀ ਲਾਰੀ ਐਲਬਮ ਵਿਚ ਦਿਸੇ ਸਨ। ਪੰਜਾਬੀ ਗਾਇਕੀ ਵਿਚ ਸਫੇਦ ਚਾਦਰ ਕੁਰਤੇ ਅਤੇ ਸ਼ਮਲੇ ਵਾਲੀ ਪੱਗ ਉਸਦੀ ਪਹਿਚਾਣ ਹੀ ਬਣ ਗਈ। ਸਰਦੂਲ ਦੇ ਪਿਤਾ ਮਰਹੂਮ ਸਾਗਰ ਮਸਤਾਨਾ ਇਕ ਪ੍ਰਸਿੱਧ ਤਬਲਾ ਵਾਦਕ ਸਨ। ਉਹ ਇਕ ਪਤਲੀ ਬਾਂਸ ਦੀ ਛੜੀ ਨਾਲ ਤਬਲਾ ਵਜਾਉਣ ਦੇ ਮਾਹਿਰ ਸਨ। ਸਰਦੂਲ ਨੇ 27 ਐਲਬਮ ਦਿੱਤੀਆਂ ਹਨ। ਸਰਦੂਲ ਚਰਨਜੀਤ ਅਹੂਜਾ ਕੋਲੋਂ ਸੰਗੀਤ ਸਿੱਖ ਕੇ ਗਾਇਕੀ ਦੇ ਖੇਤਰ ਵਿਚ ਆਏ ਸਨ।
‘ਜੱਗਾ ਡਾਕੂ’ ਵਿਚ ਪੁਲਿਸ ਇੰਸਪੈਕਟਰ ਦੇ ਕਿਰਦਾਰ ਨੂੰ ਸਾਰਿਆ ਨੇ ਸਰਾਹਿਆ
ਗੀਤ ਸੰਗੀਤ ਦੇ ਖੇਤਰ ਤੋਂ ਇਲਾਵਾ ਸਰਦੂਲ ਨੇ ਫਿਲਮਾਂ ਵਿਚ ਵੀ ਹੱਥ ਅਜਮਾਇਆ ਹੈ। ਐਕਟਿੰਗ ਦੀ ਅਤੇ ਪਲੇਅ ਬੈਕ ਸਿੰਗਰ ਦੇ ਤੌਰ ‘ਤੇ ਯੋਗਦਾਨ ਦਿੱਤਾ। ਫਿਲਮੀ ਦੁਨੀਆ ਵਿਚ ਸਭ ਤੋਂ ਪਹਿਲਾਂ 1991 ਵਿਚ ਆਈ ਉਸਦੀ ਫਿਲਮ ‘ਜੱਗਾ ਡਾਕੂ’ ਵਿਚ ਪੁਲਿਸ ਇੰਸਪੈਕਟਰ ਦਾ ਰੋਲ ਨਿਭਾਇਆ ਅਤੇ 2014 ਵਿਚ ਆਈ ਫਿਲਮ ‘ਪੁਲਿਸ ਇਨ ਪਾਲੀਵੁੱਡ’ ਵਿਚ ਵੀ ਬਤੌਰ ਕਲਾਕਾਰ ਅਦਾਕਾਰੀ ਕੀਤੀ।
ਸਰਦੂਲ ਸਿਕੰਦਰ ਨੂੰ ਸਪੁਰਦ-ਏ-ਖ਼ਾਕ ਕਰਨ ਲਈ ਸਰਪੰਚ ਨੇ ਜ਼ਮੀਨ ਕੀਤੀ ਦਾਨ
ਭਗਵੰਤ ਮਾਨ ਤੇ ਗੁਰਦਾਸ ਮਾਨ ਸਣੇ ਵੱਡੀ ਗਿਣਤੀ ‘ਚ ਸੰਗੀਤ ਨੂੰ ਪਿਆਰ ਕਰਨ ਵਾਲਿਆਂ ਨੇ ਸਰਦੂਲ ਨੂੰ ਦਿੱਤੀ ਸ਼ਰਧਾਂਜਲੀ
ਖੰਨਾ/ਬਿਊਰੋ ਨਿਊਜ਼ : ਉਦੋਂ ਬਹੁਤ ਵੱਡੀ ਧਾਰਮਿਕ ਮਿਸਾਲ ਦੇਖਣ ਨੂੰ ਮਿਲੀ ਜਦੋਂ ਸਰਦੂਲ ਸਿਕੰਦਰ ਦੀ ਦੇਹ ਨੂੰ ਸਪੁਰਦ-ਏ-ਖ਼ਾਕ ਕਰਨ ਲਈ ਪਿੰਡ ਖੇੜੀ ਨੌਧ ਸਿੰਘ ਦੇ ਸਰਪੰਚ ਰੁਪਿੰਦਰ ਸਿੰਘ ਰਮਲਾ ਨੇ ਆਪਣੀ ਜ਼ਮੀਨ ਦਾਨ ਦਿੱਤੀ। ਇਸ ਮੌਕੇ ਉਨ੍ਹਾਂ ਆਪਣੀ ਜ਼ਮੀਨ ਵਿਚੋਂ ਖੜ੍ਹੀ ਫ਼ਸਲ ਕੱਟਵਾ ਕੇ ਇਹ ਜ਼ਮੀਨ ਦਿੱਤੀ ਹੈ। ਸਰਪੰਚ ਰਮਲਾ ਨੇ ਕਿਹਾ ਕਿ ਸਰਦੂਲ ਇਸ ਪਿੰਡ ਦਾ ਜੰਮਪਲ ਸੀ ਤੇ ਉਸ ਨੇ ਦੇਸ਼ਾਂ-ਵਿਦੇਸ਼ਾਂ ਵਿਚ ਇਸ ਪਿੰਡ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜਲਦ ਹੀ ਪਿੰਡ ਵਿਚ ਉਨ੍ਹਾਂ ਦੀ ਸ਼ਾਨਦਾਰ ਯਾਦਗਾਰ ਉਸਾਰੀ ਜਾਵੇਗੀ, ਜਿਥੇ ਹਰ ਸਾਲ ਉਨ੍ਹਾਂ ਦੀ ਯਾਦ ‘ਚ ਸੰਗੀਤ ਸੰਮੇਲਨ ਕਰਵਾਇਆ ਜਾਵੇਗਾ। ਧਿਆਨ ਰਹੇ ਕਿ ਸਰਦੂਲ ਸਿਕੰਦਰ ਦਾ ਲੰਘੇ ਕੱਲ੍ਹ ਦਿਹਾਂਤ ਹੋ ਗਿਆ ਸੀ। ਸਰਦੂਲ ਨੂੰ ਸ਼ਰਧਾਂਜਲੀ ਦੇਣ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਪ੍ਰਧਾਨ ਭਗਵੰਤ ਮਾਨ, ਗੁਰਦਾਸ ਮਾਨ, ਜਸਵੀਰ ਜੱਸੀ ਸਣੇ ਕਈ ਕਲਾਕਾਰ ਅਤੇ ਬਹੁਤ ਵੱਡੀ ਗਿਣਤੀ ਵਿਚ ਸੰਗੀਤ ਨੂੰ ਪਿਆਰ ਕਰਨ ਵਾਲੇ ਪਹੁੰਚੇ ਹੋਏ ਸਨ। ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਰਸਮ-ਰਿਵਾਜਾਂ ਪੂਰੀਆਂ ਕਰਕੇ ਪਿੰਡ ਖੇੜੀ ਨੌਧ ਸਿੰਘ ਵਿਖੇ ਸਪੁਰਦ ਏ ਖਾਕ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਕਲਾਕਾਰ ਅਤੇ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕ ਹਾਜ਼ਰ ਸਨ।
ਧਾਰਮਿਕ ਗਾਇਕੀ ‘ਚ ਵੀ ਵੱਡਾ ਨਾਂ
ਸਰਦੂਲ ਨੇ ਧਾਰਮਿਕ ਗਾਇਕੀ ਦੇ ਖੇਤਰ ‘ਚ ਵੀ ਬਡ ਨਾਮਣਾ ਖੱਟਿਆ। ‘ਦੇ ਚਰਨਾਂ ਦਾ ਪਿਆਰ, ਮਾਏ ਨੀਂ ਮੈਨੂੰ ਰੱਖ ਲੈ ਸੇਵਾਦਾਰ’, ‘ਝੋਲੀ ਤੂੰ ਫੈਲਾ ਤਾਂ ਸਹੀ’, ‘ਹੋਏ ਨਾ ਦੀਦਾਰ’, ‘ਜੋਤਾਂ ਦਾ ਲਿਸ਼ਕਾਰਾ’, ਸ਼ਿਵਾ ਦਾ ਡਮਰੂ ਵੱਜਦਾ’ ਉਨ੍ਹਾਂ ਦੀਆਂ ਬਹੁਤ ਚਰਚਿਤ ਰਹੀਆਂ ਭੇਂਟਾਂ ਹਨ। ‘ਖ਼ਾਲਸੇ ਦੀ ਚੜ੍ਹਦੀ ਕਲਾ’, ‘ਬਾਬਾ ਨਾਨਕ’, ‘ਪੰਥ ਖਾਲਸਾ’, ‘ਸੀਸਾਂ ਦੇ ਵਣਜਾਰੇ’ ਉਸ ਦੇ ਪ੍ਰਸਿੱਧ ਧਾਰਮਿਕ ਗੀਤ ਹਨ।
ਅਮਰ ਨੂਰੀ ਨਾਲ ਮੇਲ, ਬਣੇ ਜ਼ਿੰਦਗੀ ਭਰ ਦੇ ਸਾਥੀ
ਦੀਦਾਰ ਸੰਧੂ ਸਮੇਤ ਪੰਜਾਬ ਦੇ ਕਈ ਨਾਮੀ ਗਾਇਕਾਂ ਨਾਲ ਗੀਤ ਗਾ ਚੁੱਕੀ ਅਮਰ ਨੂਰੀ ਨਾਲ ਸਰਦੂਲ ਸਿਕੰਦਰ ਨੂੰ ਪਹਿਲੀ ਵਾਰ ਸਟੇਜ ‘ਤੇ ਗਾਉਣ ਦਾ ਮੌਕਾ ਮਿਲਿਆ। ਇਸ ਮੌਕੇ ਉਨ੍ਹਾਂ ਨੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗੀਤ ‘ਕਾਲੀ ਮੱਸਿਆ ਦੀ ਰਾਤ’ ਗਾਇਆ। ਲੋਕਾਂ ਨੇ ਉਦੋਂ ਸੁਣ ਕੇ ਕਿਹਾ ਕਿ ਲੱਗਦਾ ਨਹੀਂ ਕਿ ਤੁਸੀਂ ਪਹਿਲੀ ਵਾਰ ਗਾ ਰਹੇ ਹੋ। ਇੱਥੋਂ ਹੀ ਦੋਵਾਂ ਦੀ ਮੁਹੱਬਤ ਦੀ ਨੀਂਹ ਰੱਖੀ ਗਈ। ਉਦੋਂ ਦੋਵੇਂ ਇਕ ਦੂਜੇ ਨੂੰ ਜਾਣਦੇ ਨਹੀਂ ਸਨ। ਅਸਲ ਵਿਚ ਸਰਦੂਲ ਦੇ ਪਿਤਾ ਸਾਗਰ ਮਸਤਾਨਾ ਤੇ ਨੂਰੀ ਦੇ ਪਿਤਾ ਰੋਸ਼ਨ ਸਾਗਰ ਦੋਵੇਂ ਪੱਗਵੱਟ ਭਰਾ ਸਨ। ਇਕ ਦਿਨ ਉਹ ਪਿੰਡ ਖੇੜੀ ਨੌਧ ਸਿੰਘ ਵਿਚ ਗੀਤਾਂ ਲਈ ਰਿਆਜ਼ ਕਰ ਰਹੇ ਸਨ ਤਾਂ ਸਰਦੂਲ ਸਿਕੰਦਰ ਨੇ ਕਾਗਜ਼ ‘ਤੇ ਲਿਖ ਕੇ ਆਪਣੀ ਦਿਲ ਦੀ ਗੱਲ ਕਹਿ ਦਿੱਤੀ ਕਿ ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ? ਇਸਦੇ ਜਵਾਬ ਵਿਚ ਨੂਰੀ ਨੇ ਰੱਬ ਦਾ ਨਾਮ ਲਿਖ ਕੇ ਕਾਗਜ਼ ਦਾ ਟੁਕੜਾ ਫੜਾ ਦਿੱਤਾ, ਪਰ ਬਾਅਦ ਵਿਚ ਲਿਖ ਕੇ ਆਪਣਾ ਜਵਾਬ ਇਉਂ ਦਿੱਤਾ ‘ਖੰਨੇ ਦਾ ਜੋ ਮੁੰਡਾ ਸਰਦੂਲ ਹੈ, ਕਬੂਲ ਹੈ, ਕਬੂਲ ਹੈ, ਕਬੂਲ ਹੈ’। ਇਸ ਤੋਂ ਬਾਅਦ 1988 ਵਿਚ ਦੋਵਾਂ ਦੀ ਐਲਬਮ ‘ਭਾਈਏ ਗਿੱਧੇ ਵਿਚ ਨੱਚ ਲੈ’ ਆਈ, ਜਿਸ ਵਿਚ ਉਨ੍ਹਾਂ ਦੇ ਸੋਲੋ ਗੀਤ ਸਨ। ਇਸ ਤੋਂ ਬਾਅਦ ਆਈ ਕੈਸੇਟ ‘ਰੀਲਾਂ ਦੀ ਦੁਕਾਨ’ ਵਿਚ ਦੋਵਾਂ ਦੇ ਦੋਗਾਣੇ ਰਿਕਾਰਡ ਹੋਏ। 30 ਜਨਵਰੀ 1993 ਨੂੰ ਦੋਵਾਂ ਨੇ ਵਿਆਹ ਕਰਵਾ ਲਿਆ। ਨੂਰੀ ਨਾਲ ਉਸਦਾ ਦੋਗਾਣਾ ‘ਹੱਸਦੀ ਦੇ ਫੁੱਲ ਕਿਰਦੇ’ ਬਹੁਤ ਹੀ ਜ਼ਿਆਦਾ ਮਕਬੂਲ ਹੋਇਆ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …