17.6 C
Toronto
Thursday, September 18, 2025
spot_img
Homeਕੈਨੇਡਾਫਾਦਰ ਟੌਬਿਨ ਕਲੱਬ ਦਾ ਅਜ਼ਾਦੀ ਦਿਵਸ ਤੇ ਤੀਆਂ

ਫਾਦਰ ਟੌਬਿਨ ਕਲੱਬ ਦਾ ਅਜ਼ਾਦੀ ਦਿਵਸ ਤੇ ਤੀਆਂ

ਬਰੈਂਪਟਨ/ਬਿਊਰੋ ਨਿਊਜ਼
ਠੰਢ ਵਿੱਚ ਠਰੂੰ ਠਰੂੰ ਕਰਦੇ ਸੀਨੀਅਰਾਂ ਨੂੰ ਗਰਮੀਆਂ ਦੀ ਰੁੱਤ ਖੁਸ਼ੀਆਂ, ਖੇੜੇ ਤੇ ਮਨੋਰੰਜਨ ਦੀਆਂ ਸੁਗਾਤਾਂ ਬਖਸ਼ਦੀ ਹੈ। ਪੈਨਸ਼ਨ ਪ੍ਰਾਪਤ ਸੀਨੀਅਰ ਅਜਿਹਾ ਕੋਈ ਮੌਕਾ ਖੁੰਝਣ ਨਹੀਂ ਦਿੰਦੇ ਜਿੱਥੋਂ ਉਹ ਖੁਸ਼ੀਆਂ ਪ੍ਰਾਪਤ ਕਰ ਸਕਣ। ਟੂਰ, ਮੇਲੇ ਤੇ ਸੀਨੀਅਰਾਂ ਦੇ ਪ੍ਰੋਗਰਾਮਾਂ ਦਾ ਹੜ੍ਹ ਆ ਜਾਂਦਾ ਹੈ। ਸੀਨੀਅਰਾਂ ਦਾ ਹਰੇਕ ਫੰਕਸ਼ਨ ਇੱਕ ਮੇਲਾ ਬਣ ਜਾਂਦਾ ਹੈ। ਫਾਦਰ ਟੌਬਿਨ ਸੀਨੀਅਰਜ਼ ਕਲੱਬ ਵਲੋਂ ਵੀ 26 ਅਗਸਤ ਨੂੰ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ ਗਿਆ ਅਤੇ ਤੀਆਂ ਦਾ ਤਿਉਹਾਰ ਵੀ ਮਨਾਇਆ ਗਿਆ।
ਚਾਹ ਪਾਣੀ, ਤਿਰੰਗਾ ਝੁਲਾਉਣ ਅਤੇ ਭਾਰਤ ਤੇ ਕੈਨੇਡਾ ਦੇ ਕੌਮੀ ਗੀਤਾਂ ਬਾਅਦ ਗੁਰਦੇਵ ਸਿੰਘ ਹੰਸਰਾਂ ਨੇ ਸਟੇਜ ਸੰਭਾਲਣ ਦੇ ਨਾਲ ਹੀ ਆਜ਼ਾਦੀ ਦਿਵਸ ਬਾਰੇ ਆਪਣੇ ਵੱਖਰੇ ਅੰਦਾਜ਼ ਵਿੱਚ ਭਾਰਤ ਦੀ ਆਜ਼ਾਦੀ ਦੀ ਜਦੋ-ਜਹਿਦ ਦਾ ਸੰਖੇਪ ਇਤਿਹਾਸ ਬਿਆਨ ਕੀਤਾ। ਪਿੰ: ਰਾਮ ਸਿੰਘ ਨੇ ਵਿੱਦਵਤਾਪੂਰਤ ਭਾਸ਼ਣ ਵਿੱਚ ਰਾਜਨੀਤਕ ਆਜਾਦੀ ਦੇ ਨਾਲ ਹੀ ਮਾਨਸਿਕ ਆਜ਼ਾਦੀ ਪਰਾਪਤ ਕਰਨ ਤੇ ਜੋਰ ਦਿੱਤਾ ਅਤੇ ਕਈ ਸਝਾਅ ਦਿੱਤੇ। ਪ੍ਰੋ: ਨਿਰਮਲ ਸਿੰਘ ਧਾਰਨੀ ਨੇ ਆਜਾਦੀ ਲਈ ਜੂਝਣ ਵਾਲੇ ਪੰਜਾਬੀਆਂ ਦੀ ਬਹਾਦਰੀ ਅਤੇ ਕੁਰਬਾਨੀਆਂ ਦੀ ਗੱਲ ਕੀਤੀ। ਕਮਿਊਨਿਟੀ ਦੇ ਨੁਮਾਇੰਦਿਆਂ ਐਮ ਪੀ ਰਾਜ ਗਰੇਵਾਲ, ਰੀਜਨਲ ਕੌਂਸਲਰ ਜੌਹਨ ਸਪਰੋਵਿਰੀ ਅਤੇ ਸਕੂਲ ਟਰੱਸਟੀ ਹਰਕੀਰਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਜਾਦੀ ਦਿਵਸ ਦੀ ਵਧਾਈ ਦਿੱਤੀ। ਅਜਮੇਰ ਪਰਦੇਸੀ, ਕੁਲਵੰਤ ਸਿੰਘ ਗੁੜੇ, ਬਲਰਾਜ ਚੀਮਾ, ਗੁਰਦੇਵ ਸਿੰਘ ਰੱਖੜਾਂ ਅਤੇ ਹਰਜੀਤ ਬੇਦੀ ਨੇ ਗੀਤਾਂ ਅਤੇ ਕਵਿਤਾਵਾਂ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਨ ਦੇ ਨਾਲ ਹੀ ਭਾਵਪੂਰਤ ਸੰਦੇਸ਼ ਦਿੱਤੇ। ਨਾਹਰ ਔਜਲਾ ਨੇ ਠਰਕੀ ਬਾਬਿਆਂ ਦੀ ਮਾਨਸਿਕਤਾ ਦਿਖਾਉਂਦੀ ਵਿਅੰਗਾਤਮਕ ਸਕਿੱਟ ਪੇਸ਼ ਕੀਤੀ।
ਇਸ ਪ੍ਰੋਗਰਾਮ ਤੋਂ ਬਾਦ ਭਜਨ ਕੌਰ ਡਡਵਾਲ, ਬਲਵਿੰਦਰ ਕੌਰ ਤੱਗੜ, ਸੁਰਿੰਦਰ ਕੌਰ ਪੂੰਨੀ ਅਤੇ ਅੰਮ੍ਰਿਤਪਾਲ ਚਾਹਲ ਦੀ ਅਗਵਾਈ ਵਿੱਚ ਤੀਆਂ ਦੇ ਸਬੰਧ ਵਿੱਚ ਬੀਬੀਆਂ ਦੁਆਰਾ ਗਿੱਧੇ ਅਤੇ ਬੋਲੀਆਂ ਦਾ ਪਿੜ ਬੱਝ ਗਿਆ। ਬੱਚੀਆਂ, ਮੁਟਿਆਂਰਾਂ ਅਤੇ ਸੀਨੀਅਰ ਬੀਬੀਆਂ ਨੇ ਬੋਲੀਆਂ ਅਤੇ ਗਿੱਧੇ ਦੀ ਹਨੇਰੀ ਲਿਆ ਦਿੱਤੀ। ਇੱਕ ਜਾਣੀ ਬੋਲੀ ਖਤਮ ਕਰਦੀ, ਦੂਜੀ ਚੁੱਕ ਲੈਂਦੀ। ਇਸ ਤਰ੍ਹਾਂ ਢਾਈ ਤਿੰਨ ਘੰਟੇ ਲਗਾਤਾਰ ਪਾਰਕ ਵਿੱਚ ਗਿੱਧੇ ਦਾ ਛਣਕਾਟਾ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਬੋਲੀਆਂ ਦੀਆਂ ਹੇਕਾਂ ਗੂੰਜਦੀਆਂ ਰਹੀਆਂ ਤੇ ਬੀਬੀਆਂ ਆਨੰਦ ਮਾਣਦੀਆਂ ਰਹੀਆਂ। ਤੀਆਂ ਨਾਲ ਮਹਿੰਦੀ ਦਾ ਗੁੜ੍ਹਾ ਸਬੰਧ ਹੋਣ ਕਰ ਕੇ ਚਾਅ ਨਾਲ ਮਹਿੰਦੀ ਲਵਾਉਣ ਦਾ ਕੰਮ ਵੀ ਚਲਦਾ ਰਿਹਾ।
ਅਜ਼ਾਦੀ ਦਿਵਸ ਤੇ ਹੋਰਨਾਂ ਤੋਂ ਬਿਨਾਂ ਜੰਗੀਰ ਸਿੰਘ ਸੈਂਭੀ, ਹਰਚੰਦ ਸਿੰਘ ਬਾਸੀ, ਬਖਸ਼ੀਸ਼ ਸਿੰਘ ਗਿੱਲ, ਬਲਵਿੰਦਰ ਬਰਾੜ, ਕਸ਼ਮੀਰਾ ਸਿੰਘ ਦਿਓਲ, ਅਮਰਜੀਤ ਸਿੰਘ ਅਤੇ ਚਰਨਜੀਤ ਢਿੱਲੋਂ ਹਾਜ਼ਰ ਸਨ। ਸਾਰਾ ਸਮਾਂ ਚਾਹ-ਪਾਣੀ ਅਤੇ ਖਾਣ ਪੀਣ ਚਲਦਾ ਰਿਹਾ। ਮਹਿਮਾਨਾਂ ਦੀ ਸੇਵਾ ਲਈ ਪਸ਼ੌਰਾ ਸਿੰਘ ਚਾਹਲ, ਮੁਖਤਿਆਰ ਸਿੰਘ ਗਰੇਵਾਲ, ਟਹਿਲ ਸਿੰਘ ਮੁੰਡੀ, ਇਕਬਾਲ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਬੋਪਾਰਾਏ ਵਾਲੰਟੀਅਰ ਦੇ ਤੌਰ ‘ਤੇ ਡਿਊਟੀ ਨਿਭਾ ਰਹੇ ਸਨ। ਸਾਬਕਾ ਪਰਧਾਨ ਕਰਤਾਰ ਸਿੰਘ ਚਾਹਲ ਸਾਰੇ ਪ੍ਰੋਗਰਾਮ ਵਿੱਚ ਰਹਿਨੁਮਾਈ ਕਰਦੇ ਨਜ਼ਰ ਆਏ। ਅੰਤ ਵਿੱਚ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਤੱਗੜ ਨੇ ਆਏ ਮਹਿਮਾਨਾਂ, ਪਤਵੰਤਿਆਂ ਅਤੇ ਸਮੂਹ ਕਲੱਬ ਮੈਂਬਰਾਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਇਸ ਨੂੰ ਸਫਲ ਬਣਾੳਣ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੀ ਹਮਦਰਦ ਟੀ ਵੀ ਅਤੇ ਜੀ ਟੀ ਵੀ ਦੇ ਚਮਕੌਰ ਮਾਛੀਕੇ ਵਲੋਂ ਕਵਰੇਜ਼ ਕੀਤੀ ਗਈ।

RELATED ARTICLES
POPULAR POSTS