Breaking News
Home / ਕੈਨੇਡਾ / ਨਾਟਕ ‘ਰਾਂਝੇ ਦਾ ਪੀ.ਆਰ. ਕਾਰਡ’ ਨੇ ਪਾਈਆਂ ਖ਼ੂਬ ਢਿੱਡੀਂ-ਪੀੜਾਂ

ਨਾਟਕ ‘ਰਾਂਝੇ ਦਾ ਪੀ.ਆਰ. ਕਾਰਡ’ ਨੇ ਪਾਈਆਂ ਖ਼ੂਬ ਢਿੱਡੀਂ-ਪੀੜਾਂ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਡਾਕਟਰ ਕਹਿੰਦੇ ਹਨ, ਮਨੁੱਖ ਨੂੰ ਤੰਦਰੁਸਤ ਰਹਿਣ ਲਈ ਹੱਸਣਾ ਜ਼ਰੂਰੀ ਹੈ ਪਰ ਅੱਜ ਦੀ ਰੁਝੇਵਿਆਂ ਅਤੇ ਟੈੱਨਸ਼ਨ ਭਰੀ ਜ਼ਿੰਦਗੀ ਵਿਚ ਇਸ ਦੇ ਲਈ ਕਿਸੇ ਕੋਲ ਵਿਹਲ ਹੀ ਨਹੀਂ ਹੈ। ਇਸ ਦੇ ਨਾਲ ਹੀ ਕਿਸੇ ਨੂੰ ਹਸਾ ਸਕਣਾ ਤਾਂ ਬਹੁਤ ਹੀ ਵੱਡੀ ਗੱਲ ਹੈ। ਇਸ ਮੰਤਵ ਨੂੰ ਮੁੱਖ ਰੱਖਦਿਆਂ ਹੋਇਆਂ ਬੀਤੇ ਐਤਵਾਰ 27 ਅਗਸਤ ਨੂੰ ਟੋਰਾਂਟੋ ਦੇ ਉੱਘੇ ਰੰਗ-ਕਰਮੀ ਜਸਪਾਲ ਢਿੱਲੋਂ ਵੱਲੋਂ ਨਿਰਦੇਸ਼ਤ ਨਾਟਕ ‘ਇਸ਼ਕ-ਰੀਮਿਕਸ: ਰਾਂਝੇ ਦਾ ਪੀ. ਆਰ. ਕਾਰਡ’ ਬਰੈਮਲੀ ਪੀਅਰਸਨ ਲਾਇਬ੍ਰੇਰੀ ਸਥਿਤ ਥੀਏਟਰ ਵਿਚ ਖੇਡਿਆ ਗਿਆ ਜਿਸ ਵਿਚ ਲੱਗਭੱਗ ਦੋ ਘੰਟੇ ਦੀ ਪੇਸ਼ਕਸ਼ ਦੌਰਾਨ ਸੈਂਕੜੇ ਨਾਟਕ-ਪ੍ਰੇਮੀਆਂ ਨੂੰ ਕਲਾਕਾਰਾਂ ਨੇ ਹਸਾ-ਹਸਾ ਕੇ ਦੋਹਰਾ ਕਰ ਛੱਡਿਆ। ਨਿਵੇਕਲੇ ਵਿਸ਼ੇ ਨੂੰ ਲੈ ਕੇ ਦਵਿੰਦਰ ਗਿੱਲ ਵੱਲੋਂ ਲਿਖਿਆ ਗਿਆ ਇਹ ਨਾਟਕ ਹਰ ਵਿੰਗੇ-ਟੇਢੇ ਢੰਗਾਂ ਤਰੀਕਿਆਂ ਨਾਲ ਕੈਨੇਡਾ ਵਿਚ ਆਉਣ ਵਾਲੇ ਚਾਹਵਾਨਾਂ ਦੀ ਦਿਲੀ-ਇੱਛਾ ਨੂੰ ਬੜੇ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕਰਦਾ ਹੈ।
ਨਾਟਕ ਵਿਚ ਅੱਜ ਦਾ ‘ਮਾਡਰਨ ਰਾਂਝਾ’ ਇਕ ਜਮਾਇਕਨ ਲੜਕੀ ਨਾਲ ਨਕਲੀ ਵਿਆਹ ਕਰਵਾ ਕੇ ਕੈਨੇਡਾ ਦੀ ਪੀ. ਆਰ. ਹਾਸਲ ਕਰ ਲੈਂਦਾ ਹੈ ਅਤੇ ਫਿਰ ਪੰਜਾਬ ਜਾ ਕੇ ਆਪਣੀ ‘ਹੀਰ’ ਨੂੰ ਕੈਨੇਡਾ ਲਿਆਉਣ ਦਾ ਚਾਹਵਾਨ ਹੈ। ਏਸੇ ਦੌਰਾਨ ਉਸ ਦੀ ਮੁਲਾਕਾਤ ਉੱਥੇ ‘ਮਾਡਰਨ ਮਿਰਜ਼ੇ’ ਨਾਲ ਹੁੰਦੀ ਹੈ ਜੋ ਹੁਣ ਤੀਰ-ਕਮਾਨ ਦੀ ਥਾਂ ਹਮੇਸ਼ਾ ਡੱਬ ਵਿਚ ਭਰਿਆ ਹੋਇਆ ਪਿਸਤੌਲ ਰੱਖਦਾ ਹੈ ਅਤੇ ‘ਮਿਰਜ਼ਾ-ਸਾਹਿਬਾਂ’ ਦੇ ਪੀਲੂ ਦੇ ਕਿੱਸੇ ਦੇ ਪੁਰਾਣੇ ਮਿਰਜ਼ੇ ਵਾਂਗ ਖ਼ੂਬ ਫੜ੍ਹਾਂ ਮਾਰਦਾ ਹੈ। ਗੱਲਾਂ-ਗੱਲਾਂ ਵਿਚ ਹੀ ਰਾਂਝੇ ਦੀ ਇੱਛਾ ‘ਹੀਰ’ ਦੀ ਬਜਾਏ ‘ਸਾਹਿਬਾਂ’ ਨਾਲ ਇਸ਼ਕ ਲੜਾਉਣ ਦੀ ਹੋ ਜਾਂਦੀ ਹੈ ਅਤੇ ਉਹ ਉਸ ਨੂੰ ਵਿਆਹ ਕੇ ਆਪਣੇ ਨਾਲ ਕੈਨੇਡਾ ਲਿਜਾਣ ਦੀ ‘ਆਫ਼ਰ’ ਪੇਸ਼ ਕਰਦਾ ਹੈ ਜਿਸ ਦੇ ਬਾਰੇ ਜਦੋਂ ਮਿਰਜ਼ੇ ਨੂੰ ਪਤਾ ਲੱਗਦਾ ਹੈ ਤਾਂ ਉਹ ਸਾਹਿਬਾਂ ਦੇ ਘਰ ਜਾ ਕੇ ਉਸ ਦੇ ਬਾਪ ਖ਼ੀਵੇ ਖ਼ਾਨ ਤੇ ਭਰਾ ਸ਼ਮੀਰ ਜੋ ਆਪ ਵੀ ਕੈਨੇਡਾ ਜਾਣ ਦੇ ਲਾਲਚ-ਹਿਤ ਸਾਹਿਬਾਂ ਨੂੰ ਰਾਝੇ ਨਾਲ ਵਿਆਹੁਣ ਲਈ ਰਜ਼ਾਮੰਦ ਹੋ ਜਾਂਦੇ ਹਨ, ਨਾਲ ਖ਼ੂਬ ‘ਖੜਦੁੰਭ’ ਮਚਾਉਂਦਾ ਹੈ ਅਤੇ ਉੱਥੇ ਪਹੁੰਚੇ ਹੋਏ ਰਾਂਝੇ ਨਾਲ ਵੀ ਦੋ-ਦੋ ਹੱਥ ਕਰਦਾ ਹੈ। ਇੱਥੇ ਹੀ ਸਾਹਿਬਾਂ ਨੂੰ ਆਪਣੀ ‘ਗ਼ਲਤੀ’ ਦਾ ਅਹਿਸਾਸ ਹੁੰਦਾ ਹੈ ਜੋ ਅਸਲ ਵਿਚ ਮਿਰਜ਼ੇ ਨੂੰ ਹੀ ਪਿਆਰ ਕਰਦੀ ਹੈ ਅਤੇ ਮਿਰਜ਼ਾ ਵੀ ਉਸ ਨੂੰ ਅੰਤਾਂ ਦਾ ਪਿਆਰ ਕਰਦਾ ਹੈ। ਅਖ਼ੀਰ ਵਿਚ ਉਹ ਔਰਤਾਂ ਦੇ ਹੱਕ ਵਿਚ ਵਧੀਆ ਜਿਹੇ ਡਾਇਲਾਗ ਬੋਲ ਕੇ ਅੱਜਕੱਲ੍ਹ ਦੀਆਂ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਨੇਕ-ਸਲਾਹਾਂ ਦਿੰਦੀ ਹੈ ਅਤੇ ਇੱਥੇ ਹੀ ਨਾਟਕ ਦਾ ਅੰਤ ਹੁੰਦਾ ਹੈ।
ਵੇਖਣ ਨੂੰ ਨਾਟਕ ਦੀ ਇਹ ਕਹਾਣੀ ‘ਹੀਰ-ਰਾਂਝੇ’ ਤੇ ‘ਮਿਰਜ਼ਾ-ਸਾਹਿਬਾਂ’ ਦੀਆਂ ਪ੍ਰੇਮ-ਕਹਾਣੀਆਂ ਦਾ ਨਿਰਾ ਮਾਡਰਨ ‘ਰੀ-ਮਿਕਸ’ ਹੀ ਜਾਪਦੀ ਹੈ ਪਰ ਇਸ ਵਿਚ ਪੇਸ਼ ਕੀਤੇ ਗਏ ਕਿਰਦਾਰਾਂ ਦੇ ਦਿਲਚਸਪ ਡਾਇਲਾਗ ੁਅਤੇ ਉਨ੍ਹਾਂ ਦੀ ਅੱਜ ਦੀ ਅੱਜ ਦੇ ਜੀਵਨ ਵਿਚ ਤੇਜ਼ੀ ਨਾਲ ਹੋ ਰਹੀ ‘ਗਲੋਬਲਾਈਜ਼ੇਸ਼ਨ ਨਾਲ ਨੇੜਤਾ’ ਦਰਸ਼ਕਾਂ ਨੂੰ ਹਸਾ-ਹਸਾ ਕੇ ਉਨ੍ਹਾਂ ਦੇ ਢਿੱਡੀਂ ਪੀੜਾਂ ਪਾਉਂਦੀ ਹੈ। ਲੱਗਭੱਗ ਦੋ ਘੰਟੇ ਦੇ ਇਸ ਨਾਟਕ ਦੌਰਾਨ ਕਈ ਵੀ ਪਲ ਐਸਾ ਨਹੀਂ ਆਇਆ ਜਿੱਥੇ ਦਰਸ਼ਕ ਹੱਸਣ ਲਈ ਮਜਬੂਰ ਨਾ ਹੋਏ ਹੋਣ। ਬੈਕਾਂ ਤੇ ਆੜ੍ਹਤੀਆਂ ਦੇ ਕਰਜਿਝਆਂ ਵਿਚ ਤਿਰ ਤੋਂ ਪੈਰਾਂ ਤੱਕ ਡੁੱਬੇ ਹੋਏ ਜੱਟਾਂ ਦੀ ਫ਼ੋਕੀ ਟੌਹਰ ਅਤੇ ਧੌਣ ਵਿਚ ਗੱਡੇ ਹੋਇਆ ‘ਜੱਟਪੁਣੇ ਦਾ ਤੱਕਲੇ’ ਦੀ ਤਰਜਮਾਨੀ ਮਿਰਜ਼ੇ ਦੇ ਰੂਪ ਵਿਚ ਜਸਪਾਲ ਢਿੱਲੋਂ ਵੱਲੋਂ ਬਾਖ਼ੂਬੀ ਕੀਤੀ ਗਈ ਹੈ। ਨਾਟਕ ਦੇ ਨਿਰਦੇਸ਼ਕ ਦੇ ਨਾਲ ਨਾਲ ‘ਅੱਜ ਦੇ ਮਿਰਜ਼ੇ’, ਹੀਰ ਦੇ ਚਾਚੇ ‘ਕੈਦੋਂ’ ਅਤੇ ਇਸ ਦੇ ਨਾਲ ਹੀ ਉਸ ਦੇ ਵੱਲੋਂ ਟਰੈਵਲ ਏਜੰਟ/ਪ੍ਰਾਪਰਟੀ ਡੀਲਰ ਅਤੇ ਮੈਰਿਜ ਬਿਓਰੋ ਦੇ ਮਾਲਕ ਦੇ ਰੋਲ ਬੇਹੱਦ ਸਫ਼ਲਤਾ-ਪੂਰਵਕ ਨਿਭਾਏ ਗਏ ਹਨ।
ਇਸ ਤੋਂ ਪਹਿਲਾਂ ਨਾਟਕ ਦੇ ਸ਼ੁਰੂ ਵਿਚ ‘ਵਾਰਸ ਸ਼ਾਹ’ ਦੇ ਰੂਪ ਵਿਚ ਉਸ ਦੇ ਵੱਲੋਂ ਰਾਂਝੇ ਦੀ ਕੈਨੇਡਾ ਵਿਚਲੀ ‘ਬੇਸਮੈਂਟ’ ਵਿਚ ਲੁੱਢਣ ਦੇ ਨਾਲ ਕੀਤੀ ਗਈ ਕਾਮੇਡੀ ਸ਼ਾਇਰੀ ਵੀ ਦਰਸ਼ਕਾਂ ਨੂੰ ਖ਼ੂਬ ਹਸਾਉਂਦੀ ਹੈ ਜਿਸ ਤੋਂ ਰਾਂਝੇ ਸਮੇਤ ਉਨ੍ਹਾਂ ਨੂੰ ਵੀ ਮਕਾਨ-ਮਾਲਕਣ ਦੀਆਂ ਖ਼ੂਬ ਝਿੜਕਾਂ ਸਹਿਣੀਆਂ ਪੈਂਦੀਆਂ ਹਨ। ਨਾਟਕ ਦੇ ਬਾਕੀ ਪਾਤਰਾਂ ‘ਸਾਹਿਬਾਂ’ ਅਤੇ ‘ਸੂਤਰਧਾਰ’ ਵਜੋਂ ਥੀਏਟਰ ਦੀ ਹੰਢੀ-ਵਰਤੀ ਕਲਾਕਾਰ ਲਵਲੀਨ ਅਤੇ ‘ਹੀਰ’ ਵਜੋਂ ਨਵੀਂ ਜਿਹੀ ਕਲਾਕਾਰ ਬੇਬੀ ਦਿਓਲ ਵੱਲੋਂ ਆਪਣੀਆਂ ਭੂਮਿਕਾਵਾਂ ਬਹੁਤ ਵਧੀਆ ਨਿਭਾਈਆਂ ਗਈਆਂ ਹਨ। ਹੀਰ ਦੀ ਮਾਂ ਵਜੋਂ ਕੁਲਦੀਪ ਗਰੇਵਾਲ ਅਤੇ ‘ਰਾਂਝੇ’ ਤੇ ‘ਚੂਚਕ’ ਵਜੋਂ ਕੁਝ ਹੀ ਸਮਾਂ ਪਹਿਲਾਂ ਪੰਜਾਬ ਤੋਂ ਆਏ ਸਾਫ਼ਟ-ਇੰਜੀਨੀਅਰਰਿੰਗ ਦਾ ਕੋਰਸ ਕਰ ਰਹੇ ਵਿਦਿਆਰਥੀ ਕਲਾਕਾਰਾਂ ਨੇ ਆਪਣੇ ਰੋਲਾਂ ਨਾਲ ਪੂਰਾ ਇਨਸਾਫ਼ ਕੀਤਾ ਹੈ। ਇੰਜ ਹੀ, ਬਾਬਾ ਗੋਹਲੂ ਨਾਥ ਦੇ ਰੋਲ ਵਿਚ ਇਕ ਨੌਜਵਾਨ ਕਲਾਕਾਰ ਵੱਲੋਂ ਅੱਜ ਦੇ ‘ਬਾਬਿਆਂ’ ਦੇ ਕਿਰਦਾਰਾਂ ਤੇ ਕਰਤੂਤਾਂ ਉੱਪਰ ਡੂੰਘੀ ਚੋਟ ਮਾਰੀ ਗਈ ਹੈ ਜਿਹੜੇ ਨੌਜਵਾਨ ਮੁੰਡੇ-ਕੁੜੀਆਂ ਵਾਂਗ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਆਉਣ ਦੇ ਬੇਹੱਦ ਇੱਛਕ ਹਨ ਅਤੇ ਇੱਥੇ ਵੀ ਉਹ ਆਪਣੇ ਡੇਰੇ ਜਮਾਉਣਾ ਚਾਹੁੰਦੇ ਹਨ। ਅੱਜਕੱਲ੍ਹ ਪੰਜਾਬ ਤੋਂ ਕਈ ਲੜਕੇ ਤੇ ਲੜਕੀਆਂ ਕਲਾਕਾਰਾਂ ਵਜੋਂ ਵੀ ਵਿਦੇਸ਼ਾਂ ਵਿਚ ਜਾਣਾ ਚਾਹੁੰਦੇ ਹਨ ਅਤੇ ਕਈ ਹੋਰ ਬਹੁਤ ਸਾਰੇ ਜਾਇਜ਼-ਨਾਜਾਇਜ਼ ਤਰੀਕਿਆਂ ਨਾਲ ਵੀ। ਇਨ੍ਹਾਂ ਬਾਰੇ ਵੀ ਵੱਖ-ਵੱਖ ਪਾਤਰਾਂ ਵੱਲੋਂ ਨਾਟਕ ਵਿਚ ਬੜੇ ਹੀ ਰੌਚਕ ਤਰੀਕੇ ਨਾਲ ਦਰਸਾਇਆ ਗਿਆ ਹੈ। ‘ਫੁਲਕਾਰੀ’ ਰੇਡੀਓ ਦੀ ਸੰਚਾਲਕ ਰਾਜ ਘੁੰਮਣ ਦੇ ਨਿਰਦੇਸ਼ਨ ਵਿਚ ਬੈਕ-ਗਰਾਊਂਡ ਮਿਊਜ਼ਿਕ ਬਹੁਤ ਵਧੀਆ ਦਿੱਤਾ ਗਿਆ ਹੈ ਅਤੇ ਕੈਨੇਡਾ ਆਉਣ ਦੀ ਇੱਛਕ ਇਕ ਕਲਾਕਾਰ ਵੱਲੋਂ ‘ਲਾਈਵ-ਬੋਲੀਆਂ’ ਬੜੇ ਹੀ ਖੂਬਸੁਰਤ ਅੰਦਾਜ਼ ਵਿਚ ਪੇਸ਼ ਕੀਤੀਆਂ ਗਈਆਂ ਹਨ। ਅਖ਼ੀਰ ਵਿਚ ਨਿਰਦੇਸ਼ਕ ਜਸਪਾਲ ਢਿੱਲੋਂ ਵੱਲੋਂ ਇਸ ਤਰ੍ਹਾਂ ਇਹ ਨਾਟਕ ਆਪਣੀ ਵਧੀਆ ਪੇਸ਼ਕਾਰੀ ਨਾਲ ਦਰਸ਼ਕਾਂ ਦੇ ਮਨਾਂ ਉੱਪਰ ਆਪਣੀ ਡੂੰਘੀ ਛਾਪ ਛੱਡ ਗਿਆ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …