‘ਮੈਂ ਸੱਚ ਕਿੱਥੇ ਬੋਲਾਂ?’ ਨਾਟਕ ਉਤੇ ਗੱਲਬਾਤ ਅਤੇ ਡਾ. ਐੱਸ. ਤਰਸੇਮ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ
ਬਰੈਂਪਟਨ/ਕੁਲਵਿੰਦਰ ਖਹਿਰਾ
‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਫ਼ਰਵਰੀ ਮਹੀਨੇ ਦੀ ਮੀਟਿੰਗ ਵਿੱਚ ‘ਪੰਜਾਬੀ ਭਾਸ਼ਾ ਦੇ ਵਿਕਾਸ ਦੀਆਂ ਸਮੱਸਿਆਵਾਂ’ ਉਤੇ ਵਿਚਾਰ- ਚਰਚਾ ਹੋਈ, ਕੈਨੇਡਾ ਫੇਰੀ ‘ਤੇ ਆਏ ਡਾ. ਗੁਰਮੀਤ ਕੌਰ ਰੰਧਾਵਾ ਦੇ ਇਕਾਂਗੀ ਸੰਗਹ੍ਰਿ ‘ਮੈਂ ਸੱਚ ਕਿੱਥੇ ਬੋਲਾਂ’ ਉਤੇ ਗੱਲ-ਬਾਤ ਹੋਈ ਅਤੇ ਵਿੱਛੜ ਚੁੱਕੇ ਸਾਥੀ ਡਾ. ਐੱਸ. ਤਰਸੇਮ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਡਾ. ਐੱਸ ਤਰਸੇਮ ਬਾਰੇ ਬੋਲਦਿਆਂ ਪ੍ਰੋ.ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਨਿਗ੍ਹਾ ਜਾਣ ਦੇ ਬਾਵਜੂਦ ਡਾ.ਐੱਸ. ਤਰਸੇਮ ਨੇ ਆਪਣੀ ਸਾਰੀ ਜ਼ਿੰਦਗੀ ਸਾਹਿਤ ਅਤੇ ਸਾਹਿਤਕ ਸੰਸਥਾਵਾਂ ਦੇ ਲੇਖੇ ਲਾਈ। ਉਨ੍ਹਾਂ ਕਿਹਾ ਕਿ ਜਿੱਥੇ ਡਾ. ਸਾਹਿਬ ਨੇ ਲੰਮਾਂ ਸਮਾਂ ਪੜ੍ਹਾਇਆ ਓਥੇ ਲੰਮਾ ਸਮਾਂ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ਼ ਵੀ ਜੁੜੇ ਰਹੇ ਅਤੇ ਗ਼ਜ਼ਲ ਵਿੱਚ ਵੀ ਆਪਣਾ ਪੂਰਾ ਨਾਂ ਬਣਾਇਆ। ਉਨ੍ਹਾਂ ਕਿਹਾ ਕਿ ਉਹ ਏਨੇ ਸਿਰੜੀ ਸਨ ਕਿ ਆਪਣਾ ਬਹੁਤ ਕੁਝ ਲਿਖਿਆ ਹੋਇਆ ਗਵਾਚ ਜਾਣ ਤੋਂ ਬਾਅਦ ਉਨ੍ਹਾਂ ਨੇ ਉਹ ਸਾਰਾ ਫਿਰ ਲਿਖਿਆ ਅਤੇ ਉਹ ਵੀ ਉਸ ਹਾਲਤ ਵਿੱਚ ਲਿਖਿਆ ਜਦੋਂ ਉਨ੍ਹਾਂ ਨੂੰ ਬਹੁਤ ਘੱਟ ਦਿੱਸਦਾ ਸੀ। ਇਸ ਤੋਂ ਬਾਅਦ ਇੱਕ ਮਿੰਟ ਦਾ ਮੌਨ ਵੀ ਰੱਖਿਆ ਗਿਆ।
‘ਪੰਜਾਬੀ ਭਾਸ਼ਾ ਦੇ ਵਿਕਾਸ ਦੀਆਂ ਸਮੱਸਿਆਵਾਂ’ ਦੇ ਵਿਸ਼ੇ ‘ਤੇ ਬੋਲਦਿਆਂ ਡਾ. ਨਾਹਰ ਸਿੰਘ ਨੇ ਕਿਹਾ ਕਿ ਮਾਤ-ਭਾਸ਼ਾ ਦੀ ਅਹਿਮੀਅਤ ਨੂੰ ਸਿਰਫ ਭਾਵਕੁਤਾ ਨਾਲ਼ ਜੋੜ ਕੇ ਹੀ ਨਹੀਂ ਵੇਖਿਆ ਜਾਣਾ ਚਾਹੀਦਾ ਸਗੋਂ ਇਸਦੀ ਅਹਿਮੀਅਤ ਇਸ ਕਰਕੇ ਹੈ ਕਿ ਆਪਣੀ ਮਾਤ-ਭਾਸ਼ਾ ਰਾਹੀਂ ਹੀ ਬੱਚਾ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਗ੍ਰਹਿਣ ਕਰ ਸਕਦਾ ਹੈ ਇਸ ਵਿਰਾਸਤ ਰਾਹੀਂ ਹੀ ਉਸਦੀ ਸਖ਼ਸ਼ੀਅਤ ਦੀ ਉਸਾਰੀ ਹੁੰਦੀ ਹੈ ਅਤੇ ਉਹ ਦੂਸਰੀਆਂ ਭਾਸ਼ਾਵਾਂ ਸਿੱਖਣ ਦੇ ਕਾਬਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪੜ੍ਹਾਈ ਜਾ ਰਹੀ ਪੰਜਾਬੀ ਬਹੁਤ ਕਮਜ਼ੋਰ ਹੈ ਜਿਸ ਨੂੰ ਸੁਧਾਰਨ ਅਤੇ ਦਸਵੀਂ ਤੱਕ ਪੰਜਾਬ ਦੇ ਹਰ ਸਕੂਲ ਵਿੱਚ ਪੰਜਾਬੀ ਨੂੰ ਲਾਜ਼ਮੀ ਕੀਤੇ ਜਾਣ ਦੀ ਸਖ਼ਤ ਲੋੜ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਅਦਾਰਿਆਂ ਅਤੇ ਵਿਦਵਾਨਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਕੰਮ ਕਰਨਾ ਸੀ ਉਨ੍ਹਾਂ ਨੇ ਤਨਖ਼ਾਹਾਂ ਲੈ ਕੇ ਵੀ ਆਪਣੇ ਫ਼ਰਜ਼ ਨਹੀਂ ਪਛਾਣੇ ਅਤੇ ਪੰਜਾਬੀ ਨੂੰ ਗਿਆਨ ਦੀ ਭਾਸ਼ਾ ਵੀ ਨਹੀਂ ਬਣਾਇਆ ਅਤੇ ਇਸ ਦੇ ਗਿਆਨ (ਸ਼ਬਦ ਭੰਡਾਰ) ਵਿੱਚ ਵਾਧਾ ਵੀ ਨਹੀਂ ਕੀਤਾ।
ਸਰਕਾਰਾਂ ‘ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਵੀ ਦਫ਼ਤਰੀ ਪੱਧਰ ‘ਤੇ ਪੰਜਾਬੀ ਨੂੰ ਲਾਗੂ ਨਹੀਂ ਕੀਤਾ। ਉਨ੍ਹਾਂ ਕਿਹਾ ਬੇਸ਼ੱਕ ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਵਿੱਚ ਕੁਝ ਕੰਮ ਹੋਇਆ ਪਰ ਏਨਾ ਕੰਮ ਨਹੀਂ ਹੋਇਆ ਜਿੰਨੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਤਾਂ ਅਜੇ ਤੱਕ ਲੋੜੀਂਦੇ ਸ਼ਬਦਕੋਸ਼ ਵੀ ਤਿਆਰ ਨਹੀਂ ਹੋ ਸਕੇ, ਨਵੀਂ ਸ਼ਬਦਾਵਲੀ ਦੀ ਇਨ੍ਹਾਂ ਵਿੱਚ ਸ਼ਮੂਲੀਅਤ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਇਕਬਾਲ ਮਾਹਲ ਨੇ ਕਿਹਾ ਕਿ ਪਾਕਿਸਤਾਨ ਵਿੱਚ ਪੰਜਾਬੀ ਚਿੰਤਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਸ਼ਲਾਘਾਯੋਗ ਕੰਮ ਹੋ ਰਿਹਾ ਹੈ ਅਤੇ ਕੈਨੇਡਾ ਵਿੱਚ ਵੀ ਪੰਜਾਬੀ ਲਾਗੂ ਕਰਵਾਉਣ ਵਿੱਚ ਬਹੁਤ ਕੰਮ ਹੋਇਆ ਹੈ ਜਦਕਿ ਭਾਰਤੀ ਪੰਜਾਬ ਵਿੱਚ ਇਸ ਯਤਨ ਦੀ ਬਹੁਤ ਲੋੜ ਹੈ।
ਪ੍ਰੋ. ਰਾਮ ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਕਿ ਭਾਸ਼ਾ, ਸੱਭਿਆਚਾਰ, ਅਤੇ ਰਾਜਸਤਾ ਦਾ ਆਪਸ ਵਿੱਚ ਬਹੁਤ ਗੂੜ੍ਹਾ ਸਬੰਧ ਹੈ: ਭਾਸ਼ਾ ‘ਚੋਂ ਲੋਕ ਧੁਨੀਆਂ ਉਠਦੀਆਂ ਹਨ ਜੋ ਲੋਕਾਂ ਨੂੰ ਇੱਕ ਪਲੈਟਫਾਰਮ ‘ਤੇ ਇਕੱਠਾ ਕਰਦੀਆਂ ਅਤੇ ਬਗ਼ਾਵਤਾਂ ਨੂੰ ਜਨਮ ਦਿੰਦੀਆਂ ਹਨ। ਬਗ਼ਾਵਤਾਂ ਕਦੀ ਵੀ ਰਾਜਸਤਾ ਦੇ ਹੱਕ ਵਿੱਚ ਨਹੀਂ ਜਾਂਦੀਆਂ, ਇਸ ਲਈ ਰਾਜਸਤਾ ਲਈ ਇਨ੍ਹਾਂ ਧੁਨੀਆਂ ਨੂੰ ਖ਼ਤਮ ਕਰਨਾ ਜ਼ਰੂਰੀ ਹੋ ਜਾਂਦਾ ਹੈ ਤੇ ਇਨ੍ਹਾਂ ਧੁਨੀਆਂ ਨੂੰ ਖ਼ਤਮ ਕਰਨ ਲਈ ਭਾਸ਼ਾ ਨੂੰ ਖ਼ਤਮ ਕਰਨਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਭਾਰਤੀ ਗ਼ੁਲਾਮੀ ਦੇ ਦੌਰ ਦੀ ਬਰਤਾਨਵੀ ਨੀਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੰਗਰੇਜ਼ ਫਿਲਾਸਫ਼ਰਾਂ ਨੇ ਇਹ ਗੱਲ ਮੰਨ ਲਈ ਸੀ ਕਿ ਮਨੁੱਖ ਦੇ ਮਾਨਸਿਕ ਵਿਕਾਸ ਲਈ ਉਸਦੀ ਮਾਤ-ਭਾਸ਼ਾ ਦਾ ਕਾਇਮ ਰਹਿਣਾ ਬਹੁਤ ਜ਼ਰੂਰੀ ਹੈ ਤੇ ਇਸੇ ਕਰਕੇ ਹੀ ਬਰਤਾਨਵੀ ਸਰਕਾਰ ਨੇ ਭਾਰਤੀਆਂ ਕੋਲ਼ੋਂ ਉਨ੍ਹਾਂ ਦੀ ਭਾਸ਼ਾ ਦੇ ਗਿਆਨ ਦੇ ਸੋਮੇਂ ਖੋਹਣ ਦੇ ਉਪਰਾਲੇ ਕੀਤੇ ਸਨ ਜਿਨ੍ਹਾਂ ਅਧੀਨ ਪੰਜਾਬ ਵਿੱਚ ਪੰਜਾਬੀ ਦਾ ਕਾਇਦਾ ਸਰਕਾਰ ਕੋਲ਼ ਜਮ੍ਹਾਂ ਕਰਵਾਉਣ ਵਾਲ਼ੇ ਨੂੰ ਛੇ ਆਨੇ ਦਿੱਤੇ ਜਾਂਦੇ ਸਨ ਜਦਕਿ ਹਥਿਆਰ ਜਮ੍ਹਾਂ ਕਰਵਾਉਣ ਵਾਲ਼ੇ ਨੂੰ ਇੱਕ ਆਨਾ ਦਿੱਤਾ ਜਾਂਦਾ ਸੀ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਨਿਮਨ ਵਰਗ (ਆਮ ਜਨਤਾ) ਨੂੰ ਜਾਗਰੂਕ ਕਰਨਾ ਪਵੇਗਾ ਕਿਉਂਕਿ ਆਮ ਜਨਤਾ ਹੀ ਭਾਸ਼ਾ ਨੂੰ ਬਚਾ ਸਕਦੀ ਹੈ, ਲੇਖਕ ਜਾਂ ਵਿਦਵਾਨ ਬਹੁਤਾ ਰੋਲ ਨਹੀਂ ਨਿਭਾ ਸਕਦੇ।
ਜਸਵਿੰਦਰ ਸੰਧੂ ਨੇ ਯੂਨੀਵਰਸਿਟੀਆਂ ਦੇ ਰੋਲ ਦੀ ਗੱਲ ਕਰਦਿਆਂ ਕਿਹਾ ਕਿ ਨਾ ਸਿਰਫ ਸਾਨੂੰ ਬਹੁ-ਭਾਸ਼ਾਈ ਸ਼ਬਦ-ਕੋਸ਼ਾਂ ਦੀ ਸਖ਼ਤ ਲੋੜ ਹੈ ਸਗੋਂ ਅੱਜ ਦੇ ਯੁਗ ਵਿੱਚ ਕੰਪਿਊਟਰ ਰਾਹੀਂ ਅਜਿਹੇ ਸਾਫਟਵੇਅਰ ਤਿਆਰ ਕੀਤੇ ਜਾਣ ਦੀ ਲੋੜ ਹੈ ਜੋ ਇੱਕ ਦੇਸ਼ ਦੇ ਅਨਪੜ੍ਹ ਕਿਸਾਨ ਨੂੰ ਵੀ ਕਿਸੇ ਦੂਸਰੇ ਦੇਸ਼ ਦੇ ਅਨਪੜ੍ਹ ਕਿਸਾਨ ਨਾਲ਼ ਗੱਲ ਕਰਨ ਦੇ ਕਾਬਲ ਬਣਾ ਸਕੇ।
ਡਾ. ਗੁਰਬਖਸ਼ ਭੰਡਾਲ ਨੇ ਕਿਹਾ ਕਿ ਬੋਲੀ ਸਿਰਫ ਸੰਵਾਦ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਇਹ ਸਾਡੇ ਵਿਅਕਤੀਤਵ ਬਾਰੇ ਵੀ ਬਹੁਤ ਕੁਝ ਦੱਸਦੀ ਹੈ ਤੇ ਭਾਸ਼ਾ ਦੇ ਜੀਂਦੇ ਰਹਿਣ ਨਾਲ਼ ਸਾਡੇ ਸੰਸਕਾਰ ਅਤੇ ਸੱਭਿਆਚਾਰ ਦੇ ਰੂਪ ਵਿੱਚ ਸਾਡਾ ਬਹੁਤ ਕੁਝ ਜੀਂਦਾ ਰਹਿੰਦਾ ਹੈ। ਕੈਨੇਡਾ ਫੇਰੀ ‘ਤੇ ਆਏ ਡਾ. ਗੁਰਮੀਤ ਕੌਰ ਰੰਧਾਵਾ ਦੇ ਇਕਾਂਗੀ ਸੰਗਹ੍ਰਿ ‘ਤੇ ਗੱਲ-ਬਾਤ ਦੌਰਾਨ ਜਿੱਥੇ ਹੀਰਾ ਰੰਧਾਵਾ ਨੇ ਇਕਾਂਗੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਓਥੇ ਇਹ ਵੀ ਕਿਹਾ ਕਿ ਪੰਜਾਬੀ ਸਾਹਿਤ ਲਈ ਇਹ ਮਾਣ ਵਾਲ਼ੀ ਗੱਲ ਹੈ ਕਿ ਪੰਜਾਬੀ ਨਾਟਕ ਲਿਖਣ ਵਿੱਚ ਔਰਤਾਂ ਦੇ ਚਾਰ-ਪੰਜ ਨਾਵਾਂ ਵਿੱਚ ਗੁਰਮੀਤ ਰੰਧਾਵਾ ਦਾ ਨਾਂ ਵੀ ਸ਼ਾਮਲ ਹੋਇਆ ਹੈ। ਕੁਲਵਿੰਦਰ ਖਹਿਰਾ ਨੇ ਕਿ ਰੰਧਾਵਾ ਦੀਆਂ ਇਕਾਂਗੀਆਂ ਪੜ੍ਹਦਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਸਨੇ ਕੇਵਲ ਧਾਲੀਵਾਲ ਨਾਲ਼ ਨਾਟਕ ਕਰਦਿਆਂ ਸਿਰਫ ਅਭਿਨੈ-ਕਲਾ ਹੀ ਨਹੀਂ ਸਿੱਖੀ ਸਗੋਂ ਅਦਾਕਾਰੀ ਅਤੇ ਸਟੇਜੀ ਕਲਾ-ਜੁਗਤਾਂ ਨੂੰ ਬਾਰੀਕੀ ਨਾਲ਼ ਸਮਝਿਆ ਵੀ ਹੈ। ਗੁਰਮੀਤ ਰੰਧਾਵਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨਾਟਕ ਲਿਖਣ ਦਾ ਉਨ੍ਹਾਂ ਦਾ ਮੂਲ਼ ਮਕਸਦ ਸਮਾਜੀ ਸੁਧਾਰ ਦਾ ਸੁਨੇਹਾ ਦੇਣਾ ਹੀ ਰਿਹਾ ਹੈ ਜਿਸ ਵਿੱਚ ਮਨੋਰੰਜ਼ਨ ਦੇ ਨਾਲ਼ ਨਾਲ਼ ਸੁਨੇਹਾ ਵੀ ਬਰਕਰਾਰ ਰੱਖਿਆ ਗਿਆ ਹੈ।
ਕਵਿਤਾ ਅਤੇ ਗਾਇਕੀ ਦੇ ਦੌਰ ਵਿੱਚ ਬਹਾਦਰ ਸਿੰਘ ਡਾਲਵੀ, ਅਵਤਾਰ ਅਰਸ਼ੀ, ਲਖਬੀਰ ਸਿੰਘ ਕਾਹਲ਼ੋਂ, ਬਲਰਾਜ ਧਾਲੀਵਾਲ਼, ਜਤਿੰਦਰ ਕੌਰ ਰੰਧਾਵਾ, ਗਿਆਨ ਸਿੰਘ ਦਰਦੀ, ਰਿੰਟੂ ਭਾਟੀਆ, ਇਕਬਾਲ ਬਰਾੜ, ਅਤੇ ਉਪਕਾਰ ਸਿੰਘ ਨੇ ਆਪੋ-ਆਪਣਾ ਕਲਾਮ ਪੇਸ਼ ਕੀਤਾ। ਮੀਟਿੰਗ ਵਿੱਚ ਪਰਮਜੀਤ ਢਿੱਲੋਂ, ਲਵੀਨ ਗਿੱਲ, ਪ੍ਰਤੀਕ ਆਰਟਿਸਟ, ਗੁਰਦਿਆਲ ਬੱਲ, ਕੁਲਦੀਪ ਕੌਰ ਗਿੱਲ, ਸੁਰਿੰਦਰ ਖਹਿਰਾ, ਸਰਬਜੀਤ ਕੌਰ ਕਾਹਲੋਂ, ਗੁਰਜਿੰਦਰ ਸੰਘੇੜਾ, ਅੰਤਰਪ੍ਰੀਤ ਧਾਲੀਵਾਲ਼, ਬਲਜੀਤ ਧਾਲੀਵਾਲ਼, ਡਾ. ਬਲਜਿੰਦਰ ਸੇਖੋਂ, ਅਤੇ ਨਾਟਕਕਾਰ ਜਸਪਾਲ ਢਿੱਲੋਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੋਸਤ ਸ਼ਾਮਲ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …