ਕਿਹਾ : ਕੈਨੇਡਾ ਦੀ ਮੁੱਖ ਚਿੰਤਾ ਮਿਡਲ ਈਸਟ ‘ਚ ਸ਼ਾਂਤੀ ਲਿਆਉਣਾ
ਐਡਮਿੰਟਨ/ਬਿਊਰੋ ਨਿਊਜ਼ : ਅਨੀਤਾ ਅਨੰਦ ਨੇ ਐਡਮਿੰਟਨ ਵਿਚ ਲਿਬਰਲ ਕੌਕਸ ਬੈਠਕ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਇਜ਼ਰਾਈਲ ਨਾਲ ਸਬੰਧਾਂ ਦਾ ਮੁਲਾਂਕਣ ਕਰ ਰਹੇ ਹਾਂ। ਅਨੰਦ ਨੇ ਕਿਹਾ ਕਿ ਕੈਨੇਡਾ ਦੀ ਮੁੱਖ ਚਿੰਤਾ ਮਿਡਲ-ਈਸਟ ਵਿੱਚ ਸ਼ਾਂਤੀ ਲਿਆਉਣਾ ਅਤੇ ਗਾਜ਼ਾ ਦੀ ਮਨੁੱਖੀ ਹਾਲਤ ਨੂੰ ਸੁਧਾਰਨ ਦੀ ਹੈ। ਇਸ ਮਾਮਲੇ ਵਿੱਚ ਯੂਰਪੀ ਯੂਨੀਅਨ ਦੀ ਮੁਖੀ ਉਰਸੂਲਾ ਵੋਨ ਡੇਰ ਲੀਐਨ ਨੇ ਇਜ਼ਰਾਈਲ ਖਿਲਾਫ ਪਾਬੰਦੀਆਂ ਅਤੇ ਵਪਾਰਕ ਰਿਸ਼ਤਿਆਂ ‘ਚ ਰੋਕ ਲਾਉਣ ਦੀ ਪੇਸ਼ਕਸ਼ ਕੀਤੀ ਹੈ। ਜਦੋਂ ਅਨੰਦ ਤੋਂ ਪੁੱਛਿਆ ਗਿਆ ਕਿ ਕੀ ਕੈਨੇਡਾ ਵੀ ਇਨ੍ਹਾਂ ਵਰਗੇ ਕਦਮ ਚੁੱਕੇਗਾ, ਤਾਂ ਉਨ੍ਹਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ, ਪਰ ਕਿਹਾ ਕਿ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਦੇ ਦਫ਼ਤਰ ਵੱਲੋਂ ਬਾਅਦ ਵਿਚ ਕਿਹਾ ਗਿਆ ਕਿ ਮੰਤਰੀ ਦੇ ਬਿਆਨ ਦਾ ਮਤਲਬ ਇਹ ਸੀ ਕਿ ਸਰਕਾਰ ਹਮੇਸ਼ਾ ਹਾਲਾਤ ਦੀ ਸਮੀਖਿਆ ਕਰਦੀ ਰਹਿੰਦੀ ਹੈ ਅਤੇ ਇਹ ਦੇਖ ਰਹੀ ਹੈ ਕਿ ਗਾਜ਼ਾ ਵਿੱਚ ਜੰਗਬੰਦੀ, ਮਨੁੱਖੀ ਮਦਦ ਦੇ ਆਜ਼ਾਦ ਆਵਾਜਾਈ ਅਤੇ ਬੰਦੀਆਂ ਦੀ ਰਿਹਾਈ ਲਈ ਹੋਰ ਕੀ ਕੀਤਾ ਜਾ ਸਕਦਾ ਹੈ।
ਇਜ਼ਰਾਈਲ ਨੇ ਮੰਗਲਵਾਰ ਨੂੰ ਕਤਰ ਵਿੱਚ ਹਮਾਸ ਦੇ ਹੈੱਡਕੁਆਰਟਰ ‘ਤੇ ਹਮਲਾ ਕੀਤਾ ਸੀ, ਜਿਸ ਵਿੱਚ ਹਮਾਸ ਦੇ ਪੰਜ ਅਹੁਦੇਦਾਰ ਮਾਰੇ ਗਏ। ਇਹ ਹਮਲਾ ਓਸ ਸਮੇਂ ਹੋਇਆ ਜਦੋਂ ਹਮਾਸ ਦੇ ਲੀਡਰ ਇੱਕ ਅਮਰੀਕੀ ਜੰਗਬੰਦੀ ਪੇਸ਼ਕਸ਼ ‘ਤੇ ਵਿਚਾਰ ਕਰ ਰਹੇ ਸਨ। ਇਸ ਹਮਲੇ ਦੀ ਪੱਛਮੀ ਮੁਲਕਾਂ ਵੱਲੋਂ ਚਾਰੋਂ ਪਾਸੋਂ ਨਿੰਦਾ ਹੋਈ ਹੈ, ਕਿਉਂਕਿ ਕਤਰ ਹਮਾਸ ਅਤੇ ਇਜ਼ਰਾਈਲ ਵਿਚਕਾਰ ਵਿਚੋਲਗੀ ਕਰਦਾ ਆ ਰਿਹਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਹਿੰਸਾ ਦਾ ਅਸਹਿਣਸ਼ੀਲ ਵਿਸਤਾਰ ਹੈ ਅਤੇ ਕਤਰ ਦੀ ਖ਼ੁਦਮੁਖ਼ਤਿਆਰੀ ਦੀ ਉਲੰਘਣਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜੋ ਕਿ ਇਜ਼ਰਾਈਲ ਦੇ ਵੱਡੇ ਸਮਰਥਕ ਮੰਨੇ ਜਾਂਦੇ ਹਨ, ਨੇ ਵੀ ਇਸ ਹਮਲੇ ਤੋਂ ਖੁਦ ਨੂੰ ਦੂਰ ਕਰ ਲਿਆ ਹੈ। ਇਜ਼ਰਾਈਲ ਅਤੇ ਫਲਸਤੀਨ ਦੇ ਮਾਮਲੇ ‘ਤੇ ਯੂਰਪੀ ਯੂਨੀਅਨ ਦੇ 27 ਦੇਸ਼ ਇੱਕ ਜੁਟ ਨਹੀਂ ਹਨ ਅਤੇ ਇਹ ਪੱਕਾ ਨਹੀਂ ਕਿ ਪਾਬੰਦੀਆਂ ਵਾਲੀ ਪੇਸ਼ਕਸ਼ ਨੂੰ ਸਾਰਿਆਂ ਦਾ ਸਮਰਥਨ ਮਿਲੇਗਾ ਜਾਂ ਨਹੀਂ। ਇਸਦੇ ਨਾਲ ਹੀ ਕੈਨੇਡਾ ਸਮੇਤ ਕਈ ਹੋਰ ਦੇਸ਼ਾਂ ਨੇ ਇਸ ਮਹੀਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ‘ਚ ਫਲਸਤੀਨ ਨੂੰ ਅਧਿਕਾਰਿਕ ਤੌਰ ‘ਤੇ ਵੱਖਰੇ ਦੇਸ਼ ਦੇ ਰੂਪ ਵਿੱਚ ਮਾਨਤਾ ਦੇਣ ਦੀ ਯੋਜਨਾ ਬਣਾਈ ਹੈ।

