Breaking News
Home / ਕੈਨੇਡਾ / ਵਿਜੇ ਸਾਂਪਲਾ ਵਲੋਂ ਪ੍ਰਧਾਨ ਮੰਤਰੀ ਮੋਦੀ ਦੇ ‘ਸਾਫ਼ ਭਾਰਤ’ ਤੇ ‘ਤੰਦਰੁਸਤ ਭਾਰਤ’ ਦਾ ਟੋਰਾਂਟੋ ‘ਚ ਹੋਕਾ

ਵਿਜੇ ਸਾਂਪਲਾ ਵਲੋਂ ਪ੍ਰਧਾਨ ਮੰਤਰੀ ਮੋਦੀ ਦੇ ‘ਸਾਫ਼ ਭਾਰਤ’ ਤੇ ‘ਤੰਦਰੁਸਤ ਭਾਰਤ’ ਦਾ ਟੋਰਾਂਟੋ ‘ਚ ਹੋਕਾ

ਰੈੱਕਸਡੇਲ/ਡਾ. ਸੁਖਦੇਵ ਸਿੰਘ ਝੰਡ
ਭਾਰਤ ਦੇ ਸੋਸ਼ਲ ਜਸਟਿਸ ਐਂਡ ਐਂਪਾਵਰਮੈਂਟ ਮੰਤਰਾਲੇ ਦੇ ਰਾਜ ਮੰਤਰੀ ਨੇ ਆਪਣੀ ਟੋਰਾਂਟੋ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰੇਦਰ ਮੋਦੀ ਜੀ ਵੱਲੋਂ ਦਿੱਤੇ ਗਏ ਨਾਅਰਿਆਂ ‘ਸਵੱਛ ਭਾਰਤ’ ਅਤੇ ‘ਸਵੱਸਥ ਭਾਰਤ’ ਨਾਲ ਐਨ.ਆਰ.ਆਈਜ਼ ਨੂੰ ਭਾਰਤ ਦੇ ਨਵ-ਨਿਰਮਾਣ ਦਾ ਸੱਦਾ ਦਿੱਤਾ ਹੈ। ਲੰਘੇ ਸ਼ੁੱਕਰਵਾਰ ਪਹਿਲੀ ਸਤੰਬਰ ਨੂੰ ਇੱਥੇ ‘ਓਵਰਸੀਜ਼ ਫ਼ਰੈਂਡਜ਼ ਆਫ਼ ਬੀ.ਜੇ.ਪੀ.’ ਵੱਲੋਂ ਕਰਵਾਏ ਗਏ ਇਕ ਸਮਾਗ਼ਮ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਗੰਦਗੀ ਸਿਰਫ਼ ਗਲੀਆਂ-ਬਾਜ਼ਾਰਾਂ ਵਿਚ ਖਿਲਰੇ ਹੋਏ ਕੂੜੇ-ਕਰਕਟ ਦੀ ਹੀ ਨਹੀਂ ਹੈ ਜਿਸ ਨੂੰ ਝਾੜੂ ਨਾਲ ਸਾਫ਼ ਕੀਤਾ ਜਾ ਸਕਦਾ ਹੈ, ਬਲਕਿ ਇਹ ਗੰਦਗੀ ਤਾਂ ਸਮਾਜ ਅਤੇ ਪ੍ਰਸ਼ਾਸਨ ਵਿਚ ਫ਼ੈਲੇ ਭ੍ਰਿਸ਼ਟਾਚਾਰ ਦੀ ਹੈ ਜਿਸ ਨੂੰ ਦੂਰ ਕਰਨਾ ਸਮੇਂ ਦੀ ਲੋੜ ਹੈ।
ਇਸ ਭ੍ਰਿਸ਼ਟਾਚਾਰ-ਰੂਪੀ ਗੰਦਗੀ ਨੂੰ ਖ਼ਤਮ ਕਰਕੇ ਹੀ ਸਵੱਸਥ ਦਿਮਾਗਾਂ ਨਾਲ ਨਵੇਂ ‘ਸਵੱਸਥ ਭਾਰਤ’ ਦੀ ਨਵ-ਨਿਰਮਾਣ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਕੋਇਲੇ ਦੀਆਂ ਖ਼ਾਨਾਂ ਵਿਚ ਹੋਏ 1,86,000 ਕਰੋੜ ਰੁਪਏ ਦੇ ਘੋਟਾਲੇ ਅਤੇ ਟੈਲੀ-ਕਮਿਊਨੀਕੇਸ਼ਨ ਵਿਭਾਗ ਵਿਚ ਹੋਏ ‘2-ਜੀ ਸਪੈਕਟਰਮ’ ਘੋਟਾਲੇ ਦੀ ਵੀ ਗੱਲ ਕੀਤੀ। ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ-ਮਹਿਮਨਾਂ ਵੱਲੋਂ ਬਾ-ਕਾਇਦਾ ਜੋਤ ਜਗਾ ਕੇ ਦੋਹਾਂ ਦੇਸ਼ਾਂ ਦੇ ਰਾਸ਼ਟਰੀ-ਗੀਤਾਂ ‘ਓ ਕੈਨੇਡਾ’ ਅਤੇ ‘ਜਨ ਗਨ ਮਨ’ ਨਾਲ ਕੀਤੀ ਗਈ। ਇਸ ਮੌਕੇ ‘ਓਵਰਸੀਜ਼ ਫ਼ਰੈਂਡਜ਼ ਆਫ਼ ਬੀ.ਜੇ.ਪੀ.’ ਦੇ ਪ੍ਰਧਾਨ ਵਿਪਨ ਸ਼ਰਮਾ ਨੇ ਆਏ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਉਨ੍ਹਾਂ ਨੂੰ ਨਿੱਘੀ ‘ਜੀ-ਆਇਆਂ’ ਕਹੀ। ਨਿਊਜਰਸੀ (ਅਮਰੀਕਾ) ਤੋਂ ਉਚੇਚੇ ਤੌਰ ‘ਤੇ ਇਸ ਸਮਾਗ਼ਮ ਵਿਚ ਪਹੁੰਚੇ ਡਾ. ਰਾਧੇ ਸ਼ੁਕਲਾ ਨੇ ਆਪਣੇ ਸੰਬੋਧਨ ਵਿਚ ਭਾਰਤ ਦੇ ਚੀਨ ਨਾਲ ਆਪਸੀ ਸਬੰਧਾਂ ਦਾ ਜ਼ਿਕਰ ਕਰਦਿਆਂ 1962 ਤੋਂ ਪਹਿਲਾਂ ‘ਪੰਚ-ਸ਼ੀਲ’ ਅਤੇ ‘ਹਿੰਦੀ-ਚੀਨੀ ਭਾਈ-ਭਾਈ’ ਨਾਅਰਿਆਂ ਤੋਂ ਸ਼ੁਰੂ ਹੋ ਕੇ ਹੁਣ ਦੋਹਾਂ ਮੁਲਕਾਂ ਦੀ ਸਰਹੱਦ ‘ਤੇ ਚੱਲ ਰਹੇ ਕੌੜੇ ਅਤੇ ਨਫ਼ਰਤ ਭਰੇ ਮਾਹੌਲ ਦੀ ਗੱਲ ਕੀਤੀ। ਮਿਸੀਸਾਗਾ ਈਸਟ-ਕੁੱਕਸਵਿਲ ਦੀ ਐੱਮ.ਪੀ.ਪੀ. ਦੀਪਿਕਾ ਡੋਮੇਰਲਾ ਨੇ ਕੈਨੇਡਾ ਅਤੇ ਭਾਰਤ ਦੇ ਆਪਸੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਅਤੇ ਵਧੀਆ ਸਬੰਧਾਂ ਬਾਰੇ ਜ਼ਿਕਰ ਕਰਦਿਆਂ ਭਵਿੱਖ ਵਿਚ ਇਨ੍ਹਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਅਤੇ ‘ਲੌਂਗ ਲਿਵ ਇੰਡੀਆ’ ਤੇ ‘ਲੌਂਗ ਲਿਵ ਕੈਨੇਡਾ’ ਦੀ ਕਾਮਨਾ ਕੀਤੀ। ਸਮਾਗ਼ਮ ਵਿਚ ‘ਓਵਰਸੀਜ਼ ਫ਼ੈਂਡਜ਼ ਆਫ਼ ਬੀ.ਜੇ.ਪੀ.’ ਦੇ ਪ੍ਰਮੱਖ ਨੇਤਾ ਬਿੱਲਾ ਵਿਰਕ (ਵਾਈਸ ਪ੍ਰੈਜ਼ੀਡੈਂਟ), ਅਨੀਲ ਸ਼ਿੰਗਰੀ (ਵਾਈਸ ਪ੍ਰੈਜ਼ੀਡੈਂਟ ਤੇ ਮੀਡੀਆ ਡਾਇਰੈਕਟਰ) ਤੇ ਉਨ੍ਹਾਂ ਦੇ ਸਾਥੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੁਝ ਮੈਂਬਰ, ਸਮਾਜ-ਸੇਵਕ ਗੁਰਦੇਵ ਸਿੰਘ ਮਾਨ, ਹਿੰਦੂ ਮਹਾਂ-ਸਭਾ ਦੇ ਪ੍ਰਧਾਨ ਸ਼ੰਭੂ ਨਾਥ ਸ਼ਰਮਾ ਆਦਿ ਸਮੇਤ 200 ਦੇ ਲੱਗਭੱਗ ਮਹਿਮਾਨ ਹਾਜ਼ਰ ਸਨ ਜਿਨ੍ਹਾਂ ਵਿਚ ਬਹੁ-ਗਿਣਤੀ ਗੁਜਰਾਤੀਆਂ ਅਤੇ ਪੰਜਾਬੀਆਂ ਦੀ ਸੀ।
ਇਸ ਸਮਾਗ਼ਮ ਦੀ ਕੱਵਰੇਜ ‘ਗਲੋਬਲ ਪੰਜਾਬ’ ਤੇ ‘ਚੈਨਲ ਪੰਜਾਬੀ’ ਟੀ.ਵੀ. ਦੀ ਟੀਮ ਦੇ ਮੈਂਬਰਾਂ ਪ੍ਰੋ.ਜਗੀਰ ਸਿੰਘ ਕਾਹਲੋਂ ਤੇ ਚਮਕੌਰ ਸਿੰਘ, ‘ਚੜ੍ਹਦੀ ਕਲਾ’ ਦੇ ਜਸਵੰਤ ਸਿੰਘ, ‘ਪਰਵਾਸੀ ਮੀਡੀਆ’ ਦੇ ਤਲਵਿੰਦਰ ਸਿੰਘ ਮੰਡ ਅਤੇ ‘ਸਿੱਖ ਸਪੋਕਸਮੈਨ’ ਦੇ ਸੁਖਦੇਵ ਸਿੰਘ ਝੰਡ ਵੱਲੋਂ ਕੀਤੀ ਗਈ। ਸਮਾਗ਼ਮ ਸ਼ੁਰੂ ਹੋਣ ਤੋਂ ਪਹਿਲਾਂ ਮੰਤਰੀ ਜੀ ਵੱਲੋਂ ਪੱਤਰਕਾਰਾਂ ਵੱਲੋਂ ਭਾਰਤ ਵਿਚ ਸਿੱਖਿਆ ਦੀ ਅਜੋਕੀ ਸਥਿਤੀ, ਐੱਨ.ਆਰ.ਆਈਜ਼ ਦੇ ਮਸਲਿਆਂ ਦੇ ਯੋਗ ਹੱਲ ਅਤੇ ਸਿਰਸੇ ਵਾਲੇ ਸਾਧ ਗੁਰਮੀਤ ਰਾਮ ਰਹੀਮ ਦੀ ਗ੍ਰਿਫ਼ਤਾਰੀ ਸਬੰਧੀ ਕਈ ਸੁਆਲ ਪੁੱਛੇ ਗਏ ਜਿਨ੍ਹਾਂ ਵਿੱਚੋਂ ਕਈਆਂ ਦੇ ਜੁਆਬ ਤਾਂ ਉਨ੍ਹਾਂ ਵੱਲੋਂ ਤਸੱਲੀ-ਪੂਰਵਕ ਦਿੱਤੇ ਗਏ ਪਰ ਕਈਆਂ ਬਾਰੇ ਉਹ ਟਾਲਾ ਵੱਟ ਗਏ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …