Breaking News
Home / ਕੈਨੇਡਾ / ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਬੜੇ ਉਤਸ਼ਾਹ ਨਾਲ ਮਨਾਇਆ ‘ਕੈਨੇਡਾ ਡੇਅ’

ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਬੜੇ ਉਤਸ਼ਾਹ ਨਾਲ ਮਨਾਇਆ ‘ਕੈਨੇਡਾ ਡੇਅ’

ਕੈਲੇਡਨ/ਡਾ.ਝੰਡ : ਲੰਘੇ ਮੰਗਲਵਾਰ 1 ਜੁਲਾਈ ਨੂੰ ਜਿੱਥੇ ਕੈਨੇਡਾ-ਭਰ ਵਿੱਚ ‘ਕੈਨੇਡਾ ਡੇਅ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਉੱਥੇ ਕੈਲੇਡਨ ਦੀ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਕੈਲੇਡਨ ਵੱਲੋਂ ਵੀ ਇਹ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਸਥਾਨਕ ਬੋਨੀਗਲਿਨ ਪਾਰਕ ਵਿੱਚ ਹੋਏ ਇੱਕ ਪ੍ਰਭਾਵਸ਼ਾਲੀ ਸਮਾਗ਼ਮ ਵਿੱਚ ਵੱਡੀ ਗਿਣਤੀ ਵਿੱਚ ਮਰਦਾਂ ਤੇ ਔਰਤਾਂ ਨੇ ਇਸ ਵਿੱਚ ਸ਼ਿਰਕਤ ਕੀਤੀ ਤੇ ਇਸਦਾ ਭਰਪੂਰ ਅਨੰਦ ਮਾਣਿਆਂ।
ਪ੍ਰੋਗਰਾਮ ਦੇ ਆਰੰਭ ਕੈਨੇਡਾ ਦੇ ਕੌਮੀ ਗੀਤ ‘ਓ ਕੈਨੇਡਾ’ ਦੇ ਗਾਇਨ ਨਾਲ ਕੀਤਾ ਗਿਆ। ਉਪਰੰਤ, ਕਲੱਬ ਦੇ ਪ੍ਰਧਾਨ ਤਰਲੋਚਨ ਸਿੰਘ ਗਰੇਵਾਲ ਨੇ ਆਏ ਸਮੂਹ ਮੈਂਬਰਾਂ ਤੇ ਮਹਿਮਾਨਾਂ ਨੂੰ ਜੀ-ਆਇਆਂ ਕਹਿੰਦਿਆਂ ਹੋਇਆਂ ਬੜੇ ਭਾਵਪੂਰਤ ਕੈਨੇਡਾ ਦਾ ਇਤਿਹਾਸ ਸੰਖੇਪ ਵਿੱਚ ਵਰਨਣ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਵੱਖ-ਵੱਖ ਸਮਿਆਂ ਵਿੱਚ ਕੈਨੇਡਾ-ਵਾਸੀਆਂ ਨੂੰ ਫ਼ਰਾਂਸੀਸੀਆਂ ਤੇ ਅੰਗਰੇਜ਼ਾਂ ਨਾਲ ਜੂਝਣਾ ਪਿਆ ਅਤੇ ਬੜੀ ਜੱਦੋ-ਜਹਿਦ ਤੋਂ ਬਾਅਦ ਕੈਨੇਡਾ ਸੁਤੰਤਰ ਦੇਸ਼ ਦੇ ਅਜੋਕੇ ਰੂਪ ਵਿਚ ਹੋਂਦ ਵਿੱਚ ਆਇਆ। ਉਨ੍ਹਾਂ ਕਿਹਾ ਕਿ ਕੈਨੇਡਾ ਖ਼ੇਤਰਫਲ ਵਿੱਚ ਦੁਨੀਆਂ ਦਾ ਦੂਸਰਾ ਵੱਡਾ ਦੇਸ਼ ਹੈ ਅਤੇ ਸਾਰੀ ਧਰਤੀ ਦੀਆਂ ਲੱਗਭੱਗ ਅੱਧੀਆਂ ਝੀਲਾਂ ਇਸ ਦੇਸ਼ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾ ਰਹੀਆਂ ਹਨ।
ਇਸ ਦੇ ਕੁਦਰਤੀ ਮੰਜ਼ਰ ਨਿਆਗਰਾ ਫ਼ਾਲਜ਼ ਨੂੰ ਵੇਖਣ ਲਈ ਦੁਨੀਆਂ-ਭਰ ਤੋਂ ਯਾਤਰੂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਆਉਂਦੇ ਹਨ। ਹਰੇ ਭਰੇ ਰੁੱਖਾਂ ਦੀ ਹਰਿਆਲੀ ਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਹ ਖ਼ੁਸ਼ਹਾਲ ਦੇਸ਼ ਰਿਹਾਇਸ਼ ਲਈ ਸੱਭ ਤੋਂ ਵਧੀਆ ਮੰਨਿਆਂ ਜਾਂਦਾ ਹੈ ਅਤੇ ਦੁਨੀਆਂ ਦੇ ਲੱਗਭੱਗ ਸਾਰੇ ਹੀ ਦੇਸ਼ਾਂ ਵਿੱਚੋਂ ਲੋਕ ਪਰਵਾਸ ਕਰਕੇ ਇੱਥੇ ਆਏ ਹਨ। ਉਨ੍ਹਾਂ ਹੋਰ ਕਿਹਾ ਕਿ ਪੰਜਾਬੀਆਂ ਨੇ ਵੀ ਇਸ ਦੀ ਖ਼ੁਸ਼ਹਾਲੀ ਵਿੱਚ ਪੂਰਾ ਯੋਗਦਾਨ ਪਾਇਆ ਹੈ ਅਤੇ ਉਹ ਇੱਥੋਂ ਦੀ ਵਧੀਆ ਕਮਿਊਨਿਟੀ ਵਜੋਂ ਸਤਿਕਾਰੇ ਜਾਂਦੇ ਹਨ।
ਉਨ੍ਹਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਅਤੇ ਗੈਂਗਵਾਰ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਉਪਰਾਲਾ ਕਰਨ ਅਤੇ ਆਪਣੀ ਅਮੀਰ ਵਿਰਾਸਤ ਦੇ ਝੰਡੇ ਗੱਡਣ ਲਈ ਕਿਹਾ।
ਸਮਾਗ਼ਮ ਦੌਰਾਨ ਚਾਹ-ਪਾਣੀ ਅਤੇ ਅਟੁੱਟ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜਿਸ ਦਾ ਹਾਜ਼ਰੀਨ ਨੇ ਖ਼ੂਬ ਅਨੰਦ ਮਾਣਿਆਂ। ਪ੍ਰਬੰਧਕਾਂ ਵਿੱਚ ਗੁਰਨਾਮ ਸਿੰਘ ਸੰਧੂ ਤੇ ਜੰਗ ਬਹਾਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਕਲੱਬ ਦੇ ਸਕੱਤਰ ਮਲੂਕ ਸਿੰਘ ਕਾਹਲੋਂ ਵੱਲੋਂ ਕਲੱਬ ਦੀ ਸਮੁੱਚੀ ਟੀਮ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੋਂ ਅਜਿਹੇ ਸਮਾਗ਼ਮਾਂ ਵਿੱਚ ਸਹਿਯੋਗ ਦੇਣ ਲਈ ਬੇਨਤੀ ਕੀਤੀ ਗਈ। ਸਮਾਗ਼ਮ ਦੌਰਾਨ ਕਾਰਜਕਾਰਨੀ ਦੇ ਸਮੂਹ ਮੈਂਬਰ ਹਾਜ਼ਰ ਸਨ। ਇਨ੍ਹਾਂ ਵਿੱਚ ਸੀਨੀਅਰ ਮੀਤ-ਪ੍ਰਧਾਨ ਬਲਤੇਜ ਸਿੰਘ ਬਰਾੜ, ਗੁਰਦੇਵ ਸਿੰਘ ਸੇਖੋਂ, ਗੁਰਨਾਮ ਸਿੰਘ ਸੰਧੂ, ਰਘਬੀਰ ਸਿੰਘ ਊਭੀ, ਬਲਦੇਵ ਸਿੰਘ ਢੇਸੀ, ਸੁਰਜੀਤ ਸਿੰਘ ਵਿਰਕ, ਬਲਜੀਤ ਸਿੰਘ ਗਿੱਲ, ਹਰਚਰਨ ਸਿੰਘ ਟਿਵਾਣਾ, ਜਰਨੈਲ ਸਿੰਘ ਬਰਾੜ ਤੇ ਸੰਤੋਖ ਸਿੰਘ ਖਹਿਰਾ ਤੇ ਕਈ ਹੋਰ ਅਹਿਮ ਸ਼ਖ਼ਸੀਅਤਾਂ ਸ਼ਾਮਲ ਸਨ।

 

Check Also

ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ

ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …