2.9 C
Toronto
Thursday, November 6, 2025
spot_img
Homeਕੈਨੇਡਾਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ

ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ

ਬਰੈਂਪਟਨ/ਡਾ. ਝੰਡ : ਬਰੈਂਪਟਨ ਦੀ ‘ਟੋਰਾਂਟੋ ਪੀਅਰਸਨ ਏਅਰਪੋਰਟ ਕਲੱਬ’ (ਟੀਪੀਏਆਰ ਕਲੱਬ) ਜਿੱਥੇ ਦੌੜਾਂ ਦੇ ਵੱਖ-ਵੱਖ ਮੁਕਾਬਲਿਆਂ, ਚੈਰਿਟੀਆਂ ਅਤੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟਾਂ ਵਿੱਚ ਸਰਗਰਮੀ ਨਾਲ ਭਾਗ ਲੈਂਦੀ ਹੈ, ਉੱਥੇ ਉਹ ਆਪਣੇ ਮੈਂਬਰਾਂ ਦੇ ਮਨੋਰੰਜਨ ਦਾ ਵੀ ਪੂਰਾ ਖ਼ਿਆਲ ਰੱਖਦੀ ਹੈ। ਉਸ ਦੇ ਮੈਂਬਰ ਸਾਲ ਵਿੱਚ ਦੋ-ਤਿੰਨ ਵਾਰ ਬਰੈਂਪਟਨ ਤੋਂ ਬਾਹਰ ਕੁਦਰਤੀ ਖ਼ੂਬਸੂਰਤੀ ਵਾਲੀਆਂ ਰਮਣੀਕ ਥਾਵਾਂ ਦਾ ਟੂਰ ਵੀ ਲਗਾਉਂਦੇ ਹਨ ਅਤੇ ਉੱਥੇ ਪਿਕਨਿਕ ਦੇ ਮਨੋਰੰਜਕ ਮਹੌਲ ਵਿੱਚ ਖ਼ੂਬ ਨੱਚ, ਟੱਪ ਕੇ ਅਤੇ ਭੰਗੜਾ ਪਾ ਕੇ ਆਪਣੀ ਅੰਦਰੂਨੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨ। ਸਰੀਰਕ ਸਿਹਤ ਸਹੀ ਰੱਖਣ ਦੇ ਨਾਲ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਲਈ ਇਹ ਜ਼ਰੂਰੀ ਵੀ ਹੈ।
ਅਜਿਹਾ ਹੀ ਇੱਕ ਦਿਲਚਸਪ ਟੂਰ ਕਲੱਬ ਦੇ ਮੈਂਬਰਾਂ ਵੱਲੋਂ ਲੰਘੇ ਸ਼ਨੀਵਾਰ 28 ਜੂਨ ਨੂੰ ਨਿਆਗਰਾ ਫ਼ਾਲਜ਼ ਦੇ ਦੱਖਣ ਵੱਲ ਪੈਂਦੀ ਮਸ਼ਹੂਰ ਕ੍ਰਿਸਟਲ ਬੀਚ ਦਾ ਲਗਾਇਆ ਗਿਆ। ਸਾਰੇ ਮੈਂਬਰ ਸਵੇਰੇ 9.00 ਵਜੇ ਏਅਰਪੋਰਟ ਰੋਡ ‘ਤੇ ਕੰਟਰੀਸਾਈਡ ਰੋਡ ਵਾਲੇ ਪਲਾਜ਼ੇ ਦੀ ਪਾਰਕਿੰਗ ਵਿੱਚ ਸਬਵੇਅ ਦੇ ਸਾਹਮਣੇ ਇਕੱਤਰ ਹੋਏ ਜਿੱਥੇ ਇੱਕ ਸਕੂਲ ਬੱਸ ਪਹਿਲਾਂ ਹੀ ਬੜੀ ਤੀਬਰਤਾ ਨਾਲ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ।
ਪਿਕਨਿਕ-ਨੁਮਾ ਇਸ ਟੂਰ ਦੇ ਲਈ ਲਿਆਂਦਾ ਗਿਆ ਲੋੜੀਂਦਾ ‘ਸਾਜ਼ੋ-ਸਮਾਨ’ ਬੱਸ ਦੇ ਬਾਹਰਵਾਰ ਦੋਵੇਂ ਪਾਸੇ ਬਣੀਆਂ ਥਾਵਾਂ ਵਿੱਚ ਟਿਕਾਉਣ ਤੋਂ ਬਾਅਦ ਮੈਂਬਰਾਂ ਨੇ ਬੱਸ ਦੇ ਸਾਹਮਣੇ ਖੜ੍ਹੇ ਹੋ ਕੇ ਗਰੁੱਪ-ਫ਼ੋਟੋ ਖਿਚਵਾਈ ਤੇ ਫਿਰ ਬੱਸ ਵਿੱਚ ਆਪਣੀਆਂ ਸੀਟਾਂ ‘ਤੇ ਬਿਰਾਜਮਾਨ ਹੋ ਗਏ। ਬੁਲੰਦ ਆਵਾਜ਼ ਵਿੱਚ ਇੱਕ ਮੈਂਬਰ ਵੱਲੋਂ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਛੱਡਿਆ ਗਿਆ ਅਤੇ ‘ਸਤਿ ਸਿਰੀ ਅਕਾਲ’ ਦੀ ਸਾਂਝੀ ਆਵਾਜ਼ ਨਾਲ ਬੱਸ ਸਵਾ ਕੁ ਨੌਂ ਵਜੇ ਉੱਥੋਂ ਆਪਣੀ ਮੰਜ਼ਲ ਰਵਾਨਾ ਹੋਈ।
ਰਸਤੇ ਵਿਚ ਮੈਂਬਰਾਂ ਨੇ ਓਕਵਿਲ ਤੋਂ ਆਪਣੇ ਕੁਝ ਸਾਥੀਆਂ ਨੂੰ ਵੀ ਨਾਲ ਲੈਣਾ ਸੀ ਜੋ ਉੱਥੇ ਇੱਕ ‘ਟਿਮ ਹੋਲਟਿਨ’ ਦੇ ਸਾਹਮਣੇ ਬੱਸ ਦੀ ਉਡੀਕ ਕਰ ਰਹੇ ਸਨ। ਟਿਮ ਹੋਲਟਨ ਵੇਖਦਿਆਂ ਹੀ ਕੁੱਝ ਮੈਂਬਰਾਂ ਨੂੰ ਕਾਫ਼ੀ ਦੀ ‘ਤਲਬ’ ਮਹਿਸੂਸ ਹੋਈ ਤੇ ਉਹ ਓਧਰ ਨੂੰ ਚੱਲ ਪਏ ਤੇ ਫਿਰ ਵੇਖੋ-ਵੇਖੀ ਕਈ ਹੋਰ ਵੀ ਉਨ੍ਹਾਂ ਦੇ ਮਗਰ ਹੋ ਤੁਰੇ। ਗੱਲ ਕੀ, ਅੱਧਾ ਕੁ ਘੰਟਾ ਰਸਤੇ ਦੇ ਇਸ ‘ਪੜਾਅ’ ਨੇ ਹੀ ਲੈ ਲਿਆ ਅਤੇ ਲੱਗਭੱਗ ਬਾਰਾਂ ਕੁ ਵਜੇ ਬੱਸ ਕ੍ਰਿਸਟਲ ਬੀਚ ਦੇ ਨੇੜੇ ਪਹੁੰਚ ਸਕੀ।
ਉੱਥੇ ਪਹੁੰਚ ਕੇ ਸੱਭ ਤੋਂ ਪਹਿਲਾਂ ਮੈਂਬਰਾਂ ਨੂੰ ਕੁਲਵੰਤ ਧਾਲੀਵਾਲ ਦੇ ‘ਸੱਬਵੇਅ’ ਤੋਂ ਨਾਲ ਲਿਆਂਦੇ ਗਏ ‘ਸੱਬਾਂ’ ਦੇ ਨਾਲ ਕੋਲਡ ਡਰਿੰਕਸ ਤੇ ਬੀਅਰ ਦਾ ‘ਬਰੰਚ’ ਕਰਵਾਇਆ ਗਿਆ। ਕਲੱਬ ਦੇ ਬਹੁਤੇ ਮੈਂਬਰਾਂ ਦੀ ਇੱਛਾ ਲੇਕ ਦੇ ਠੰਢੇ ਪਾਣੀ ਵਿੱਚ ਤਾਰੀਆਂ ਲਾਉਣ ਦੀ ਸੀ ਅਤੇ ਉਹ ਜਲਦੀ ਹੀ ਕੱਪੜੇ ਬਦਲ ਕੇ ਤੈਰਨ ਵਾਲੇ ਸੂਟ ਪਾ ਕੇ ਇਸ ਦੇ ਲਈ ਲੋੜੀਂਦੀਆਂ ਟਿਕਟਾਂ ਲੈਣ ਤੋਂ ਬਾਅਦ ਬੀਚ ਵੱਲ ਹੋ ਤੁਰੇ। ਅਲਬੱਤਾ, ਲੇਕ ਦੇ ਠੰਢੇ ਪਾਣੀ ਤੋਂ ਡਰਨ ਵਾਲੇ ਕੁਝ ਸੀਨੀਅਰ ਮੈਂਬਰ ਹੀ ਉਨ੍ਹਾਂ ਦੇ ਕੱਪੜਿਆਂ ਦੀ ਰਖਵਾਲੀ ਲਈ ਉੱਥੇ ਰਹੇ।
ਪੰਦਰਾਂ-ਵੀਹ ਮਿੰਟ ਠੰਢੇ ਪਾਣੀ ਵਿੱਚ ਡੁਬਕੀਆਂ ਲਗਾਉਣ ਪਿੱਛੋਂ ਉਹ ‘ਗਰਮ’ ਹੋਣ ਲਈ ਉਹ ਆਪਣੇ ‘ਅਸਥਾਈ ਡੇਰੇ’ ਵੱਲ ਮੁੜ ਆਉਂਦੇ ਤੇ ਗਰਮ ਹੋ ਕੇ ਫਿਰ ਪਾਣੀ ਵਿੱਚ ਜਾ ਵੜਦੇ ਤੇ ਇਹ ਸਿਲਸਿਲਾ ਘੰਟਾ ਕੁ ਇੰਜ ਹੀ ਚੱਲਦਾ ਰਿਹਾ। ਇਸ ਤਰ੍ਹਾਂ ਕਾਫ਼ੀ ਸਮਾਂ ਪਾਣੀ ਵਿਚ ਆਪਣਾ ‘ਰਾਂਝਾ’ ਰਾਜ਼ੀ ਕਰਨ ਤੋਂ ਬਾਅਦ ਉਹ ਆਪਣੇ ‘ਡੇਰੇ’ ਵਾਪਸ ਆਏ ਤੇ ਆ ਕੇ ਸਵੇਰੇ ਨਾਲ ਲਿਆਂਦੇ ਹੋਏ ‘ਮਤੀਰਿਆਂ’ (ਹਦਵਾਣਿਆਂ) ਦਾ ਅਨੰਦ ਲਿਆ।
ਰੱਜ-ਪੁੱਜ ਕੇ ‘ਖਾਧੇ-ਪੀਤੇ’ ਨੂੰ ਥੋੜ੍ਹਾ ਜਿਹਾ ਥੱਲੇ ਕਰਨ ਲਈ ਛੋਟੇ ਜਿਹੇ ਡੀ.ਜੇ. ਉੱਪਰ ਪੰਜਾਬੀ ਗਾਣਿਆਂ ਨਾਲ ਨੱਚ ਕੇ ਭੰਗੜੇ ਦੀ ਖ਼ੂਬ ‘ਧਮਾਲ’ ਪਾਈ।
ਅੱਧਾ ਕੁ ਘੰਟਾ ਨੱਚ-ਕੁੱਦ ਕੇ ਸਾਰਿਆਂ ਨੇ ਵਾਪਸੀ ਦੀ ਤਿਆਰੀ ਕਰ ਲਈ ਅਤੇ ਸ਼ਾਮੀਂ 6.30 ਵਜੇ ਉੱਥੋਂ ਚੱਲ ਕੇ ਰਾਤ ਦੇ ਨੌਂ ਵਜੇ ਬਰੈਂਪਟਨ ਪਹੁੰਚੇ। ਉੱਥੋਂ ਪਾਰਕਿੰਗ ਵਿੱਚੋਂ ਆਪਣੀਆਂ ਗੱਡੀਆਂ ਲੈ ਕੇ ਘਰੀਂ ਅੱਪੜਦਿਆਂ ਨੂੰ ਕਈਆਂ ਨੂੰ ਤਾਂ 10.00 ਵੱਜ ਗਏ।
ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੇ ਸਰਗ਼ਰਮ ਮੈਂਬਰ ਪਰਮਿੰਦਰ ਸਿੰਘ ਵੱਲੋਂ ਕਲੱਬ ਦੇ ਸਮੂਹ ਮੈਂਬਰਾਂ ਤੇ ਇਸ ਟੂਰ ਦੇ ਸਪਾਂਸਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸਤੰਬਰ ਮਹੀਨੇ ਹੋਣ ਵਾਲੀ ‘ਪੀਟਰਬੋਰੋ ਰੱਨ-ਕਮ-ਵਾਕ’ ਵਿੱਚ ਸ਼ਾਮਲ ਹੋਣ ਸਮੇਂ ਅਜਿਹੇ ਹੀ ਅਗਲੇ ਮਨੋਰੰਜਕ ਟੂਰ ਪ੍ਰੋਗਰਾਮ ਦਾ ਐਲਾਨ ਵੀ ਕੀਤਾ ਗਿਆ।

 

RELATED ARTICLES
POPULAR POSTS