ਬਰੈਂਪਟਨ/ਡਾ. ਝੰਡ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਲੰਘੇ ਮੰਗਲਵਾਰ ਪਹਿਲੀ ਜੁਲਾਈ ਨੂੰ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਬਰੈਂਪਟਨ ਵੱਲੋਂ ‘ਕੈਨੇਡਾ-ਡੇਅ’ ਬੜੀ ਸੱਜ-ਧੱਜ ਨਾਲ ਮਨਾਇਆ ਗਿਆ। ਕਲੱਬ ਦੇ 130 ਮੈਂਬਰ ਹਾਰਟ ਲੇਕ ਕੰਜ਼ਰਵੇਸ਼ਨ ਪਾਰਕ ਵਿੱਚ ਇਸ ਮੌਕੇ ਆਯੋਜਿਤ ਕੀਤੇ ਗਏ ਸ਼ਾਨਦਾਰ ਸਮਾਗ਼ਮ ਵਿੱਚ ਸ਼ਾਮਲ ਹੋਏ। ਸਮਾਗ਼ਮ ਦਾ ਆਰੰਭ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਦੇ ਗਾਇਨ ਨਾਲ ਹੋਇਆ ਜਿਸ ਦੌਰਾਨ ਸਮੂਹ ਮੈਂਬਰਾਂ ਵੱਲੋਂ ਖੜੇ ਹੋ ਕੇ ਇਸ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਗਿਆ।
ਉਪਰੰਤ, ਕਲੱਬ ਦੇ ਚੇਅਰਮੈਨ ਗੁਰਚਰਨ ਸਿੰਘ ਖੱਖ ਨੇ ਕੈਨੇਡਾ ਦੇ ਇਤਿਹਾਸ ਅਤੇ ਇਸ ਦੇਸ਼ ਦੀਆਂ ਵਿਸ਼ੇਸ਼ਤਾਈਆਂ ਬਾਰੇ ਸੰਖੇਪ ਵਿੱਚ ਦੱਸਦਿਆਂ ਕਿਹਾ ਕਿ ਕੈਨੇਡਾ ਵਿੱਚ ਵੱਖ-ਵੱਖ ਦੇਸ਼ਾਂ, ਕੌਮਾਂ ਤੇ ਧਰਮਾਂ ਦੇ ਲੋਕ ਵੱਸਦੇ ਹਨ। ਇਹ ਇਨ੍ਹਾਂ ਸਾਰਿਆਂ ਦਾ ਸਾਂਝਾ ਬਹੁ-ਸੱਭਿਆਚਾਰਕ ਦੇਸ਼ ਹੈ ਜਿਸ ਵਿੱਚ ਕੁਦਰਤੀ ਸਰੋਤਾਂ ਦੀ ਭਰਮਾਰ ਹੈ। ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਫ਼-ਸੁਥਰੇ ਪਾਣੀ ਦੀਆਂ ਝੀਲਾਂ ਹਨ। ਕੁਦਰਤੀ ਵਹਾਅ ਵਾਲਾ ਇਸ ਦਾ ਨਿਆਗਰਾ ਫ਼ਾਲ ਵੱਖ-ਵੱਖ ਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਆਏ ਯਾਤਰੀਆਂ ਨੂੰ ਆਪਣੇ ਵੱਲ ਖਿੱਚਦਾ ਹੈ।
ਇਸ ਤੋਂ ਬਾਅਦ ਸੱਭਿਆਰਕ ਪ੍ਰੋਗਰਾਮ ਆਰੰਭ ਹੋ ਗਿਆ ਜਿਸ ਵਿੱਚ ਸੱਭ ਤੋਂ ਪਹਿਲਾਂ ਪਰਵਿੰਦਰ ਸਿੰਘ ਸਰਲ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ‘ਜੋ ਮਾਂਗਹਿ ਠਾਕਰ ਅਪਨੇ ਤੇ ਸੋਈ ਸੋਈ ਦੇਵੈ’ ਸ਼ਬਦ ਗਾਇਨ ਕੀਤਾ। ਸਤਪਾਲ ਸਿੰਘ ਕੋਮਲ ਨੇ ਕੈਨੇਡਾ ਦੇ ਅਜੋਕੇ ਹਾਲਾਤ ਨੂੰ ਬਿਆਨ ਕਰਦੀ ਕਵਿਤਾ ‘ਨਸੀਹਤ’ ਸੁਣਾਈ ਜਿਸ ਨੂੰ ਸਰੋਤਿਆਂ ਵੱਲੋਂ ਖ਼ੂਬ ਸਲਾਹਿਆ ਗਿਆ। ਕਲੱਬ ਦੇ ਬਾਨੀ ਮੈਂਬਰ ਮਲੂਕ ਸਿੰਘ ਕਾਹਲੋਂ, ਦਲਬੀਰ ਸਿੰਘ ਕਾਲੜਾ, ਪ੍ਰੀਤਮ ਸਿੰਘ ਭਾਟੀਆ, ਗੁਰਵਿੰਦਰ ਕੌਰ ਚੱਢਾ ਵੱਲੋਂ ਪੰਜਾਬੀ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ। ਸੁਖਦੇਵ ਸਿੰਘ ਬੇਦੀ, ਮਲਕੀਤ ਸਿੰਘ ਸ਼ੀਂਹ, ਤ੍ਰਿਲੋਕ ਸਿੰਘ ਸੋਢੀ, ਸਤਨਾਮ ਸਿੰਘ ਜ਼ੀਰੇਵਾਲ ਨੇ ਹਿੰਦੀ ਫ਼ਿਲਮੀ ਗੀਤ ਗਾ ਕੇ ਹਾਜ਼ਰੀਨ ਦਾ ਮਨੋਰੰਜਨ ਕੀਤਾ। ਬਲਜਿੰਦਰ ਸਿੰਘ ਮਰਵਾਹਾ, ਜੋਗਿੰਦਰ ਕੌਰ ਮਰਵਾਹਾ ਅਤੇ ਜਤਿੰਦਰ ਕੌਰ ਦੇ ਗਰੁੱਪ ਨੇ ਪੰਜਾਬੀ ਗੀਤ ਗਾ ਕੇ ਢੋਲ ਦੇ ਡੱਗੇ ‘ਤੇ ਸਾਰੇ ਮੈਂਬਰਾਂ ਨੂੰ ਝੂਮਣ ਲਾ ਦਿੱਤਾ। ਸਮੂਹ ਮੈਂਬਰਾਂ ਨੇ ਇਸ ਸੱਭਿਆਚਾਰਕ ਪ੍ਰੋਗਰਾਮ ਦਾ ਖ਼ੂਬ ਲੁਤਫ਼ ਉਠਾਇਆ।
ਚੱਲ ਰਹੇ ਪ੍ਰੋਗਰਾਮ ਦੌਰਾਨ ਫ਼ੈੱਡਰਲ ਮੰਤਰੀ ਰੂਬੀ ਸਹੋਤਾ, ਮੈਂਬਰ ਪਾਰਲੀਮੈਂਟ ਅਮਨਦੀਪ ਕੌਰ ਸੋਢੀ, ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ, ਮੇਅਰ ਪੈਟਰਿਕ ਬਰਾਊਨ ਤੇ ਰੀਜਨਲ ਕੌਂਸਲਰ ਰੋਵੀਨਾ ਸੈਨਟੋਸ ਨੇ ਵੱਖ-ਵੱਖ ਸਮੇਂ ਉੱਥੇ ਪਹੁੰਚ ਕੇ ਕਲੱਬ ਮੈਂਬਰਾਂ ਨਾਲ ਕੈਨੇਡਾ-ਡੇਅ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਅਤੇ ਕਲੱਬ ਦੇ ਇਸ ਸ਼ਾਨਦਾਰ ਉਪਰਾਲੇ ਦੀ ਸ਼ਲਾਘਾ ਕੀਤੀ। ਸੱਭਿਆਚਾਰਕ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਪ੍ਰਬੰਧਕਾਂ ਵੱਲੋਂ ਸਮੂਹ ਮੈਂਬਰਾਂ ਤੇ ਮਹਿਮਾਨਾਂ ਲਈ ਸ਼ਾਨਦਾਰ ਲੰਚ ਦਾ ਪ੍ਰਬੰਧ ਕੀਤਾ ਗਿਆ। ਉਸ ਤੋਂ ਬਾਅਦ ਦੂਸਰੇ ਸੈਸ਼ਨ ਵਿੱਚ ਸ਼੍ਰੀਮਤੀ ਜਤਿੰਦਰ ਕੌਰ, ਜਸਵਿੰਦਰ ਕੌਰ ਅਤੇ ਕੰਵਲਜੀਤ ਕੌਰ ਵੱਲੋਂ ਤੰਬੋਲਾ ਖਿਡਾਇਆ ਗਿਆ ਅਤੇ ਸੁਖਦੇਵ ਸਿੰਘ ਬੇਦੀ ਤੇ ਰਾਮ ਸਿੰਘ ਵੱਲੋਂ ਸੀਨੀਅਰਜ਼ ਲਈ ਕਰੀਏਟਿਵ ਗੇਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਰੇ ਮੈਂਬਰਾਂ ਨੇ ਪੂਰੀ ਸਰਗ਼ਰਮੀ ਨਾਲ ਭਾਗ ਲਿਆ। ਇਸ ਸਮੁੱਚੇ ਪ੍ਰੋਗਰਾਮ ਦਾ ਸਮੂਹ ਮੈਂਬਰਾਂ ਨੇ ਭਰਪੂਰ ਅਨੰਦ ਮਾਣਿਆਂ।
ਪ੍ਰੋਗਰਾਮ ਦੇ ਸੁਚੱਜੇ ਪ੍ਰਬੰਧ ਅਤੇ ਸੁਆਦਲੇ ਬਰੇਕ ਫ਼ਾਸਟ ਤੇ ਲੰਚ ਲਈ ਪ੍ਰਬੰਧਕੀ ਟੀਮ ਵਿੱਚ ਸ਼ਾਮਲ ਗੁਰਚਰਨ ਸਿੰਘ ਖੱਖ, ਹਰਚਰਨ ਸਿੰਘ, ਗਿਆਨ ਪਾਲ, ਰਾਮ ਸਿੰਘ, ਮਨਜੀਤ ਸਿੰਘ ਗਿੱਲ, ਸੁਖਦੇਵ ਸਿੰਘ ਬੇਦੀ, ਬਰਜਿੰਦਰ ਸਿੰਘ ਮਰਵਾਹਾ, ਜੋਗਿੰਦਰ ਕੌਰ ਮਰਵਾਹਾ, ਦਲਬੀਰ ਸਿੰਘ ਕਾਲੜਾ, ਰਘਬੀਰ ਸਿੰਘ ਮੱਕੜ ਨੂੰ ਵਧਾਈ ਦਿੱਤੀ ਗਈ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਮੈਂਬਰਾਂ ਦਾ ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਵੱਲੋਂ ਹਾਰਦਿਕ ਧੰਨਵਾਦ ਕੀਤਾ ਗਿਆ।