Breaking News
Home / ਸੰਪਾਦਕੀ / ਪੰਜਾਬ ‘ਚ ਨਸ਼ਾ ਮਾਫ਼ੀਆ ਦੇ ਵੱਧਦੇ ਹੌਂਸਲੇ

ਪੰਜਾਬ ‘ਚ ਨਸ਼ਾ ਮਾਫ਼ੀਆ ਦੇ ਵੱਧਦੇ ਹੌਂਸਲੇ

editorial6-680x365-300x161-300x161ਪਿਛਲੇ ਦਿਨੀਂ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਸ਼ਰਾਬ ਮਾਫ਼ੀਆ ਵਲੋਂ ਬੇਰਹਿਮੀ ਨਾਲ ਕੀਤੇ ਗਏ ਕਤਲਾਂ ਦੀਆਂ ਘਟਨਾਵਾਂ ਮਨੁੱਖੀ ਹਿਰਦਿਆਂ ਨੂੰ ਕੰਬਾਉਣ ਵਾਲੀਆਂ ਹਨ।  ਮੁਕਤਸਰ, ਮਾਨਸਾ ਅਤੇ ਜਲੰਧਰ ਵਿਚ ਤਿੰਨ ਨੌਜਵਾਨਾਂઠਨੂੰ ਜਿਸ ਬੇਰਹਿਮ ਅਤੇ ਕੁਰੱਖ਼ਤ ਤਰੀਕੇ ਨਾਲ ਟੋਟੇ-ਟੋਟੇ ਕਰਕੇ ਕਤਲ ਕੀਤਾ ਗਿਆ, ਉਸ ਨੂੰ ਦੇਖ ਕੇ ਜਾਪਦਾ ਹੈ ਜਿਵੇਂ ਪੰਜਾਬ ‘ਚ ਜੰਗਲ ਰਾਜ ਹੋਵੇ। ਹਾਲਾਂਕਿ ਪਿਛਲੇ ਵਰ੍ਹੇ ਅਬੋਹਰ ‘ਚ ਸੱਤਾਧਾਰੀ ਅਕਾਲੀ ਦਲ ਦੇ ਇਕ ਵੱਡੇ ਆਗੂ ਦੀ ਕਥਿਤ ਸਰਪ੍ਰਸਤੀ ਹੇਠ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਮਾਫ਼ੀਆ ਦੇ ਮੈਂਬਰਾਂ ਵਲੋਂ ਇਕ ਦਲਿਤ ਨੌਜਵਾਨ ਭੀਮ ਟਾਂਕ ਦੇ ਹੱਥ-ਪੈਰ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਵੱਡੇ ਪੱਧਰ ‘ਤੇ ਸੱਤਾਧਾਰੀ ਅਕਾਲੀ ਦਲ ਦੀ ਵਿਰੋਧੀ ਸਿਆਸੀ ਪਾਰਟੀਆਂ ਦੁਆਰਾ ਕੀਤੀ ਗਈ ਘੇਰਾਬੰਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਿਆਸੀ ਆਗੂਆਂ ਸਮੇਤ ਬਹੁਤ ਸਾਰੇ ਦੋਸ਼ੀਆਂ ਨੂੰ ਪੁਲਿਸ ਵਲੋਂ ਕਾਨੂੰਨ ਦੇ ਘੇਰੇ ਵਿਚ ਲਿਆਉਣਾ ਪਿਆ ਸੀ, ਪਰ ਪਿਛਲੇ ਦਿਨੀਂ ਸ਼ਰਾਬ ਕਾਰੋਬਾਰ ਨਾਲ ਜੁੜੇ ਲੋਕਾਂ ਵਲੋਂ ਕੀਤੇ ਕਤਲਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼ਰਾਬ ਮਾਫ਼ੀਆ ਅਜੇ ਵੀ ਕਾਨੂੰਨ ਦੀ ਪ੍ਰਵਾਹ ਨਹੀਂ ਕਰਦਾ ਅਤੇ ਉਸ ਨੂੰ ਵੱਡੇ ਪੱਧਰ ‘ਤੇ ਸਿਆਸੀ ਸਰਪ੍ਰਸਤੀ ਮਿਲੀ ਹੋਈ ਹੈ।
ਪੰਜਾਬ ‘ਚ ਪਿਛਲੇ ਸਮੇਂ ਦੌਰਾਨ ਸ਼ਰਾਬ ਦਾ ਕਾਰੋਬਾਰ ਮੁਨਾਫ਼ੇ ਦਾ ਇਕ ਵੱਡਾ ਸਾਧਨ ਬਣਿਆ ਹੋਇਆ ਹੈ। ਇਸੇ ਕਾਰਨ ਹੀ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਨੇਤਾ ਸ਼ਰਾਬ ਦੇ ਕਾਰੋਬਾਰ ਨੂੰ ਚਲਾ ਰਹੇ ਹਨ। ਇਸ ਵੇਲੇ ਪੰਜਾਬ ਦੇ ਸ਼ਰਾਬ ਦੇ ਕਾਰੋਬਾਰ ‘ਚ ਸਿਆਸੀ ਆਗੂਆਂ ਦੀ ਸਰਪ੍ਰਸਤੀ ਵਾਲੀਆਂ ਘੱਟੋ-ਘੱਟ 20 ਕੰਪਨੀਆਂ ਦਾ ਕਬਜ਼ਾ ਹੈ। ਅਜਿਹੇ ਵਿਚ ਸਿਆਸੀ ਸਰਪ੍ਰਸਤੀ ਹਾਸਲ ਸ਼ਰਾਬ ਕੰਪਨੀਆਂ ਵਲੋਂ ਆਪਣੇ ਵਪਾਰ ਦੇ ਮੁਨਾਫ਼ੇ ਨੂੰ ਵਧਾਉਣ ਲਈ ਹਰ ਜਾਇਜ਼-ਨਾਜਾਇਜ਼ ਤਰੀਕਾ ਅਪਨਾਇਆ ਜਾਂਦਾ ਹੈ। ਬਹੁਤ ਸਾਰੇ ਸ਼ਰਾਬ ਦੇ ਕਾਰੋਬਾਰੀ ਅਧਿਕਾਰਤ ਸ਼ਰਾਬ ਦੀ ਵਿਕਰੀ ਤੋਂ ਇਲਾਵਾ ਨਾਜਾਇਜ਼ ਸ਼ਰਾਬ ਵੀ ਵੇਚਦੇ ਹਨ। ਸ਼ਰਾਬ ਦੇ ਕਾਰੋਬਾਰ ਵਿਚ ਅਕਸਰ ਬਾਹੂਬਲ ਅਤੇ ਜ਼ੋਰ-ਜ਼ਬਰਦਸਤੀ ਦੀ ਵਰਤੋਂ ਕਰਨੀ ਪੈਂਦੀ ਹੈ, ਜਿਸ ਕਰਕੇ ਸ਼ਰਾਬ ਦੇ ਕਾਰੋਬਾਰੀਆਂ ਨੇ ਆਪਣੇ ਕਾਰੋਬਾਰ ਨੂੰ ਨਿਰਵਿਘਨ ਚਲਾਉਣ ਲਈ ਆਪਣੀਆਂ ਗੈਰ-ਕਾਨੂੰਨੀ ਸੈਨਾਵਾਂ (ਗੈਂਗ) ਵੀ ਬਣਾਈਆਂ ਹੁੰਦੀਆਂ ਹਨ। ਇਨ੍ਹਾਂ ਦੀ ਵਰਤੋਂ ਜਿੱਥੇ ਸ਼ਰਾਬ ਦੀ ਨਾਜਾਇਜ਼ ਵਿਕਰੀ ਨੂੰ ਚੱਲਦਾ ਰੱਖਣ ਲਈ ਕੀਤੀ ਜਾਂਦੀ ਹੈ, ਉਥੇ ਆਪਣੇ ਵਪਾਰਕ ਹਿੱਤਾਂ ਦੀ ਸੁਰੱਖਿਆ ਲਈ ਵੀ ਇਨ੍ਹਾਂ ਦੇ ਬਲ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਰਾਬ ਕਾਰੋਬਾਰੀਆਂ ਦੀਆਂ ਗੈਰ-ਕਾਨੂੰਨੀ ਸੈਨਾਵਾਂ ਵਿਚ ਬਹੁਤਾਤ ਪੱਛੜੇ, ਗਰੀਬ ਅਤੇ ਦਲਿਤ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਨੂੰ ਰੱਖਿਆ ਜਾਂਦਾ ਹੈ, ਜੋ ਅਕਸਰ ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਗਰੀਬੀ ਦਾ ਸ਼ਿਕਾਰ ਹੁੰਦੇ ਹਨ। ਸ਼ਰਾਬ ਦੀ ਕਾਨੂੰਨੀ ਵਿਕਰੀ ਨਾਲ ਸਬੰਧਤ ਪੰਜਾਬ ਦਾ ਆਬਕਾਰੀ ਵਿਭਾਗ ਸ਼ਰਾਬ ਠੇਕੇਦਾਰਾਂ ਦੀਆਂ ਗੈਰ-ਕਾਨੂੰਨੀ ਸੈਨਾਵਾਂ ਪ੍ਰਤੀ ਜਾਣਦਾ ਹੋਇਆ ਵੀ ਚੁੱਪ ਰਹਿ ਕੇ ਇਨ੍ਹਾਂ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ‘ਚ ਅਸਿੱਧਾ ਭਾਈਵਾਲ ਹੁੰਦਾ ਹੈ।
ਆਰਥਿਕ ਮੰਦਹਾਲੀ ਨਾਲ ਜੂਝ ਰਹੇ ਪੰਜਾਬ ਦੀ ਮੌਜੂਦਾ ਸਰਕਾਰ ਨੇ ਸੂਬੇ ‘ਚ ਬਦਅਮਨੀ ਅਤੇ ਅਨਾਰਕੀ ਪੈਦਾ ਕਰਨ ਵਾਲੇ ਸ਼ਰਾਬ ਮਾਫ਼ੀਆ ਨੂੰ ਨੱਥ ਤਾਂ ਕੀ ਪਾਉਣੀ ਹੈ, ਸਗੋਂ ਸਰਕਾਰ ਲਈ ਸ਼ਰਾਬ ਦੀ ਵਿਕਰੀ ਆਮਦਨ ਦਾ ਇਕ ਵੱਡਾ ਸਰੋਤ ਬਣੀ ਹੋਈ ਹੈ। ਸਥਿਤੀ ਦਾ ਅੰਦਾਜ਼ਾ ਇਸ ਗੱਲੋਂ ਸਹਿਜੇ ਹੀ ਲੱਗ ਸਕਦਾ ਹੈ ਕਿ ਪੰਥਕ ਕਹਾਉਣ ਵਾਲੀ ਪੰਜਾਬ ਦੀ ‘ਅਕਾਲੀ ਸਰਕਾਰ’ ਵਿਚ ਪੰਜਾਬ ਅੰਦਰ ਸਰਕਾਰੀ ਹਸਪਤਾਲ, ਮੁੱਢਲੇ ਸਿਹਤ ਕੇਂਦਰ ਅਤੇ ਡਿਸਪੈਂਸਰੀਆਂ ਦੀ ਗਿਣਤੀ ਸਿਰਫ਼ 3156 ਹੈ ਜਦੋਂਕਿ ਸ਼ਰਾਬ ਦੇ ਠੇਕਿਆਂ ਦੀ ਗਿਣਤੀ 10,157, ਭਾਵ ਸਿਹਤ ਕੇਂਦਰਾਂ ਨਾਲੋਂ ਤਿੰਨ ਗੁਣਾ ਵੱਧ ਹੈ। ਪੰਜਾਬ ਸਰਕਾਰ ਦਾ ਸੂਬੇ ਦੇ ਨਾਗਰਿਕਾਂ ਦੀ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਹੋਰ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਭਾਵੇਂ ਕੋਈ ਸਿੱਟਾਮੁਖੀ ਏਜੰਡਾ ਨਹੀਂ ਹੈ, ਪਰ ਸ਼ਰਾਬ ਦੀ ਵਿਕਰੀ ਵਧਾਉਣ ਲਈ ਸਰਕਾਰ ਦਾ ਟੀਚਾ ਹਰ ਸਾਲ ਉੱਪਰ ਹੁੰਦਾ ਹੈ। ਇਸ ਸਾਲ ਪੰਜਾਬ ‘ਚ 6400 ਠੇਕਿਆਂ ‘ਤੇ 5400 ਕਰੋੜ ਦੀ 10 ਕਰੋੜ 30 ਲੱਖ ਲਿਟਰ ਦੇਸੀ, 4 ਕਰੋੜ 75 ਲੱਖ ਲਿਟਰ ਅੰਗਰੇਜ਼ੀ ਅਤੇ 312 ਲੱਖ ਬਲਕ ਲਿਟਰ ਬੀਅਰ ਵੇਚੀ ਜਾਣ ਦਾ ਟੀਚਾ ਪੰਜਾਬ ਸਰਕਾਰ ਦੀਆਂ ਤਰਜੀਹਾਂ ਅਤੇ ਏਜੰਡਿਆਂ ਨੂੰ ਜ਼ਾਹਰ ਕਰਦਾ ਹੈ। ਠੇਕੇਦਾਰਾਂ ਵਲੋਂ ਆਪਣੇ ਸਟੋਰਾਂ ‘ਚ ਦੋ ਨੰਬਰ ‘ਚ ਬਣਾ ਕੇ ਵੇਚੀ ਜਾਂਦੀ ਸ਼ਰਾਬ ,ਘਰੇਲੂ ਡਿਸਟਿਲਰੀਆਂ ‘ਚ ਤਿਆਰ ਹੁੰਦੀ ਰੂੜੀ ਮਾਅਰਕਾ ਸ਼ਰਾਬ ਅਤੇ ਹੋਰ ਗੁਆਂਢੀ ਸੂਬਿਆਂ ਵਲੋਂ ਪੰਜਾਬ ਅੰਦਰ ਸਮਗਲਿੰਗ ਹੋ ਕੇ ਆਉਂਦੀ ਸ਼ਰਾਬ ਵੀ ਜੋੜ ਲਈਏ ਤਾਂ ਅੰਕੜੇ ਹੋਰ ਵੀ ਭਿਆਨਕ ਬਣ ਜਾਣਗੇ। ਪੰਜਾਬ ‘ਚ ਸ਼ਰਾਬ ਦੀਆਂ ਫੈਕਟਰੀਆਂ ਦੀਆਂ ਗਿਣਤੀ ਦੋ ਦਰਜਨ ਦੇ ਕਰੀਬ ਹੋ ਜਾਣੀ ਅਤੇ ਸ਼ਰਾਬ ਦਾ ਕਾਰੋਬਾਰ 90 ਅਰਬ ਰੁਪਏ ਤੱਕ ਪਹੁੰਚ ਜਾਣਾ, ਇਹ ਗੱਲ ਸਾਬਤ ਕਰਦਾ ਹੈ ਕਿ ਸ਼ਰਾਬ ਦੇ ਕਾਰੋਬਾਰ ਨੂੰ ਸੱਤਾਧਾਰੀਆਂ ਦੀ ਕਿੱਥੋਂ ਤੱਕ ਸਰਪ੍ਰਸਤੀ ਹਾਸਲ ਹੈ। ਸੱਤਾਧਾਰੀਆਂ ਦੇ ਰਸੂਖ਼ ਸਦਕਾ ਹਰ ਪਿੰਡ ਦੇ ਹਰੇਕ ਮੋੜ ‘ਤੇ ਸ਼ਰਾਬ ਦੀ ਛੋਟੀ-ਵੱਡੀ ਦੁਕਾਨ ਖੁੱਲ੍ਹ ਗਈ ਹੈ।
ਅਜਿਹੇ ਵਿਚ ਪੰਜਾਬ ਸਰਕਾਰ ਦੇ ‘ਨਸ਼ਾ ਮੁਕਤ ਪੰਜਾਬ’ ਦੇ ਨਾਅਰਿਆਂ ਨੂੰ ਸਰਕਾਰ ਦੀਆਂ ਹੀ ਸ਼ਰਾਬ ਦੀ ਵਿਕਰੀ ਵਧਾਉਣ ਦੀਆਂ ਨੀਤੀਆਂ ਝੁਠਲਾ ਰਹੀਆਂ ਹਨ। ਪੰਜਾਬ ‘ਚ ਸ਼ਰਾਬ ਮਾਫ਼ੀਆ ਸੂਬੇ ਦੇ ਲੋਕਾਂ ਦੇ ਸਮਾਜਿਕ, ਆਰਥਿਕ ਅਤੇ ਸਿਹਤ ਪੱਖ ਨੂੰ ਤਾਂ ਬੁਰੀ ਤਰ੍ਹਾਂ ਵਲੂੰਧਰ ਹੀ ਰਿਹਾ ਹੈ, ਸਗੋਂ ਇਸ ਵਲੋਂ ਕੀਤੀਆਂ ਜਾ ਰਹੀਆਂ ਅਣਮਨੁੱਖੀ ਘਟਨਾਵਾਂ ਪੰਜਾਬ ਲਈ ਬੇਹੱਦ ਚਿੰਤਾ ਦਾ ਵਿਸ਼ਾ ਹਨ। ਪੰਜਾਬ ‘ਚ 70 ਫ਼ੀਸਦੀ ਤੋਂ ਵੱਧ ਸੜਕ ਹਾਦਸਿਆਂ ਲਈ ਸ਼ਰਾਬ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਕਈ ਵਾਰ ਕੌਮੀ ਸ਼ਾਹਰਾਹ ਤੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਆਖ ਚੁੱਕੀ ਹੈ ਪਰ ਸਰਕਾਰ ਦੇ ਕੰਨ੍ਹ ‘ਤੇ ਅਜੇ ਤੱਕ ਜੂੰਅ ਤੱਕ ਨਹੀਂ ਸਰਕੀ।
ਸੱਤਾਧਾਰੀਆਂ ਨਾਲ ਜੁੜੇ ਹੋਏ ਸ਼ਰਾਬ ਦੇ ਕਾਰੋਬਾਰੀਆਂ ਦੇ ਕਾਰਿੰਦੇ ਵੀ ਆਪਣੇ ਆਪ ਨੂੰ ‘ਸਰਕਾਰ’ ਹੀ ਸਮਝ ਲੈਂਦੇ ਹਨ, ਜਿਸ ਕਰਕੇ ਉਹ ਕਾਨੂੰਨ ਨੂੰ ਪੈਰਾਂ ਹੇਠਾਂ ਮਧੋਲਣ ‘ਚ ਭੋਰਾ ਝਿਜਕ ਜਾਂ ਭੈਅ ਮਹਿਸੂਸ ਨਹੀਂ ਕਰਦੇ। ਪਿਛਲੇ ਦਿਨੀਂ ਪੰਜਾਬ ‘ਚ ਨਸ਼ਾ ਤਸਕਰਾਂ ਵਲੋਂ ਲੱਤਾਂ, ਬਾਹਾਂ ਵੱਢ ਕੇ ਕੀਤੇ ਨੌਜਵਾਨਾਂ ਦੇ ਕਤਲ ਇਹ ਸਾਬਤ ਕਰਦੇ ਹਨ ਕਿ ਆਪਣੇ ਵਪਾਰਕ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਨਸ਼ਾ ਮਾਫ਼ੀਆ ਕਿੱਥੋਂ ਤੱਕ ਜਾ ਸਕਦਾ ਹੈ? ਮੁਕਤਸਰ, ਮਾਨਸਾ ਅਤੇ ਜਲੰਧਰ ‘ਚ ਨਸ਼ਾ ਮਾਫ਼ੀਆ ਵਲੋਂ ਤਿੰਨ ਨੌਜਵਾਨਾਂ ਦੇ ਕੀਤੇ ਕਤਲਾਂ ਦੀ ਕਹਾਣੀ ਅਤੇ ਵਹਿਸ਼ੀ ਪੱਖ ਲਗਭਗ ਇਕੋ ਜਿਹਾ ਹੀ ਹੈ, ਜਿਸ ਵਿਚ ਨੌਜਵਾਨਾਂ ਦੇ ਅੰਗ-ਪੈਰ ਵੱਢ ਕੇ ਬੁਰੀ ਤਰ੍ਹਾਂ ਕਤਲ ਕੀਤਾ ਗਿਆ। ਇਨ੍ਹਾਂ ਸਾਰੇ ਮਾਮਲਿਆਂ ‘ਚ ਨਸ਼ਾ ਮਾਫ਼ੀਆ ਨੇ ਕਤਲ ਉਨ੍ਹਾਂ ਲੋਕਾਂ ਦੇ ਕੀਤੇ, ਜਿਹੜੇ ਸ਼ਰਾਬ ਦੇ ਕਾਰੋਬਾਰੀਆਂ ਨਾਲ ਕਦੇ ਕੰਮ ਕਰਦੇ ਰਹੇ ਹਨ ਅਤੇ ਹੁਣ ਛੱਡ ਚੁੱਕੇ ਸਨ, ਜਾਂ ਫ਼ਿਰ ਜਿਨ੍ਹਾਂ ‘ਤੇ ਸ਼ਰਾਬ ਮਾਫ਼ੀਆ ਨੂੰ ਸ਼ੱਕ ਸੀ ਕਿ ਉਹ ਉਨ੍ਹਾਂ ਦੀ ਸ਼ਰਾਬ ਤਸਕਰੀ ਸਬੰਧੀ ਪੁਲਿਸ ਨੂੰ ਸੂਹ ਦਿੰਦੇ ਸਨ। ਸਮਝ ਨਹੀਂ ਆਉਂਦੀ ਕਿ ਜਿਸ ਵੇਲੇ ਸਰਕਾਰ ਹੀ ‘ਵਪਾਰ’ ਕਰ ਰਹੀ ਹੋਵੇ, ਉਸ ਵੇਲੇ ਜਨਤਾ ਅਤੇ ਅਮਨ-ਕਾਨੂੰਨ ਦੀ ਰਖ਼ਵਾਲੀ ਦੀ ਉਮੀਦ ਕਿਸ ਤੋਂ ਕੀਤੀ ਜਾਵੇ। ਪਰ ਇਕ ਗੱਲ ਪੱਕੀ ਹੈ ਕਿ ਜੇਕਰ ਜਲਦੀ ਹੀ ਪੰਜਾਬ ‘ਚ ਮਾਫ਼ੀਆ ਤੱਤਾਂ ਨੂੰ ਨੱਥ ਨਾ ਪਾਈ ਗਈ ਤਾਂ ਪੰਜਾਬ ‘ਅੱਤਵਾਦ’ ਨਾਲੋਂ ਵੀ ਮਾੜੇ ਹਾਲਾਤਾਂ ‘ਚ ਚਲਾ ਜਾਵੇਗਾ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …