7 C
Toronto
Friday, October 17, 2025
spot_img
Homeਪੰਜਾਬਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਖਿਲਾਫ ਚਲਾਈ ਜਾਵੇਗੀ ਮੁਹਿੰਮ

ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਖਿਲਾਫ ਚਲਾਈ ਜਾਵੇਗੀ ਮੁਹਿੰਮ

ਕਿਸਾਨਾਂ ਨਾਲ ਦੁਸ਼ਮਣੀ ਮੋਦੀ ਸਰਕਾਰ ਨੂੰ ਪਵੇਗੀ
ਭਾਰੀ : ਜਗਜੀਤ ਡੱਲੇਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਬੰਗਾਲ ਚੋਣਾਂ ਵਿੱਚ ਭਾਜਪਾ ਦੀ ਕਰਾਰੀ ਹਾਰ ਲਈ ਮੋਰਚੇ ‘ਤੇ ਬੈਠੇ ਕਿਸਾਨ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਅਜੇ ਵੀ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਅੰਦੋਲਨ ਦਾ ਅਗਲਾ ਨਿਸ਼ਾਨਾ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਹੋਵੇਗਾ। ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਖ਼ਿਲਾਫ਼ ਮੁਹਿੰਮ ਚਲਾਈ ਜਾਵੇਗੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰਦਿਆਂ 400 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਹੁਣ ਮੋਦੀ ਸਰਕਾਰ ਨੂੰ ਹਊਮੈ ਤਿਆਗ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਦੁਸ਼ਮਣੀ ਮੋਦੀ ਸਰਕਾਰ ਨੂੰ ਹੋਰ ਭਾਰੀ ਪਵੇਗੀ। ਬਲਵੰਤ ਸਿੰਘ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਹਰਿਆਣਾ ਸਰਕਾਰ ਨੇ ਇਕ ਹਫ਼ਤੇ ਦੀ ਮੁਕੰਮਲ ਤਾਲਾਬੰਦੀ ਕਰ ਦਿੱਤੀ ਹੈ ਜਿਸ ਦਾ ਕਿਸਾਨ ਅੰਦੋਲਨ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕਰੋਨਾ ਵਾਇਰਸ ਤੋਂ ਬਚਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ। ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਮੋਰਚੇ ਕੋਲ 40 ਡਾਕਟਰਾਂ ਦੀ ਟੀਮ ਹੈ ਜੋ ਹਰ ਤਰ੍ਹਾਂ ਨਾਲ ਕਿਸਾਨਾਂ ਦੀ ਦੇਖਭਾਲ ਕਰਦੀ ਹੈ।
ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਸਮਝਣ ਦਾ ਸਮਾਂ ਹੈ ਤੇ ਉਹ ਵਿਰੋਧ ਤਿਆਗ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਨਸਾਫ਼ ਦੇਵੇ। ਇਸ ਮੌਕੇ ਅਵਤਾਰ ਸਿੰਘ, ਓਂਕਾਰ ਸਿੰਘ, ਬਲਦੇਵ ਸਿੰਘ ਸਿਰਸਾ ਅਤੇ ਹੋਰ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ।
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦਾ ਭਾਅ ਰੱਦ
ਦਿੱਲੀ ਦੇ ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 16 ਜੱਥੇਬੰਦੀਆਂ ਵੱਲੋਂ ਇਕ ਬੈਠਕ ਕੀਤੀ ਗਈ ਜਿਸ ਵਿੱਚ ਸਰਕਾਰ ਵੱਲੋਂ ਝੋਨੇ ਦੇ ਨਿਰਧਾਰਿਤ ਕੀਤੇ ਗਏ 1960 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨੂੰ ਰੱਦ ਕਰ ਦਿੱਤਾ ਗਿਆ। ਬੈਠਕ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਸਤਨਾਮ ਸਿੰਘ ਬਹਿਰੂ, ਹਰਿੰਦਰ ਸਿੰਘ ਲੱਖੋਵਾਲ ਸਮੇਤ ਹੋਰ ਆਗੂ ਸ਼ਾਮਲ ਹੋਏ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਚੰਡੀਗੜ੍ਹ ਆਦਿ ਵਿਖੇ ਸਥਾਨਕ ਪ੍ਰਸ਼ਾਸਨਾਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਤੇ ਅਜਿਹੀ ਗੁਸਤਾਖ਼ੀ ਨਾ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਅੰਦੋਲਨ ਕੇਂਦਰ ਸਰਕਾਰ ਖ਼ਿਲਾਫ਼ ਹੈ ਤੇ ਰਾਜ ਸਰਕਾਰਾਂ ਅੰਦੋਲਨਕਾਰੀਆਂ ਨਾਲ ਪੰਗਾ ਨਾ ਲੈਣ।

 

RELATED ARTICLES
POPULAR POSTS