ਇਹ ਪਰਮਿਲਾ ਨਾਂ ਦੀ ਮੰਦ-ਬੁੱਧੀ ਔਰਤ ਅੱਜ ਤੋਂ 22 ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫਰੂਖਾਬਾਦ ‘ਚ ਪੈਂਦੇ ਆਪਣੇ ਸਹੁਰਾ ਪਿੰਡ ਬਿਲਹਾ ਤੋਂ ਗੁੰਮ ਹੋ ਗਈ ਸੀ। ਉਸ ਤੋਂ ਕਈ ਸਾਲ ਬਾਅਦ ਪਤਾ ਨੀ ਕਿੱਥੇ ਭਟਕਦੀ ਰਹੀ। ਫਿਰ 12 ਦਸੰਬਰ 2017 ਨੂੰ ਕੁੱਝ ਵਿਆਕਤੀਆਂ ਨੇ ਇਸ ਨੂੰ ਕੜੱਕਦੀ ਦੀ ਸਰਦੀ ਵਿਚ ਲੁਧਿਆਣਾ ਸ਼ਹਿਰ ਵਿੱਚ ਸੜਕ ਕਿਨਾਰੇ ਅਰਧ-ਨਗਨ ਹਾਲਤ ਵਿੱਚ ਦੇਖਿਆ।
ਉਹਨਾਂ ਦਇਆਵਾਨ ਵਿਅਕਤੀਆਂ ਨੇ ਤਰਸ ਖਾ ਕੇ ਇਸਨੂੰ ਪਿੰਡ ਸਰਾਭਾ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਪਹੁੰਚਾ ਦਿੱਤਾ।
ਆਸ਼ਰਮ ਵਿੱਚ ਲੁਧਿਆਣਾ ਦੇ ਮਸ਼ਹੂਰ ਸਾਇਕੈਟਰਿਸਟ ਡਾ. ਆਰ. ਐਲ. ਨਾਰੰਗ ਵਲੋਂ ਲਗਾਤਾਰ ਪੰਜ ਸਾਲ ਇਸਦਾ ਇਲਾਜ ਕੀਤਾ ਗਿਆ ਜਿਸ ਨਾਲ ਇਸ ਦੀ ਯਾਦਾਸ਼ਤ ਵਾਪਿਸ ਆ ਗਈ। ਇਸਨੇ ਆਪਣੇ ਪਤੀ ਦਾ ਨਾਮ ਮਹਾਂਵੀਰ, ਪਿੰਡ ਬਿਲਹਾ ਅਤੇ ਨਜ਼ਦੀਕ ਪੈਂਦੇ ਕਸਬੇ ਕੰਪਲ ਬਾਰੇ ਦੱਸਿਆ। ਜਿਸ ਉਪਰੰਤ ਆਸ਼ਰਮ ਦੇ ਸਟਾਫ ਨੇ ਕੰਪਲ (ਯੂ. ਪੀ.) ਦੇ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਕੇ ਇਸਦੇ ਪਰਿਵਾਰ ਨੂੰ ਪਰਮਿਲਾ ਦੇ ਸਰਾਭਾ ਆਸ਼ਰਮ ਵਿੱਚ ਹੋਣ ਬਾਰੇ ਜਾਣਕਾਰੀ ਦਿੱਤੀ ਗਈ। ਇਸਦੀਆਂ ਚਾਰ ਬੇਟੀਆਂ ਹਨ । ਜਦੋਂ 22 ਸਾਲ ਪਹਿਲਾਂ ਇਹ ਘਰ ਤੋਂ ਨਿਕਲੀ ਸੀ ਤਾਂ ਇਸਦੀ ਛੋਟੀ ਬੇਟੀ ਸਿਰਫ਼ ਇੱਕ ਮਹੀਨੇ ਦੀ ਸੀ ਜੋ ਕਿ ਅੱਜ ਵਿਆਹੀ ਹੋਈ ਹੈ। ਪਰਮਿਲਾ ਦੀ ਗੈਰਹਾਜਰੀ ਵਿੱਚ ਹੀ ਚਾਰੇ ਬੇਟੀਆਂ ਦੇ ਵਿਆਹ ਹੋਏ। ਪਰਮਿਲਾ ਦੇ ਪਰਿਵਾਰ ਨੂੰ ਇਸ ਦੇ ਜ਼ਿੰਦਾ ਹੋਣ ਦੀ ਕੋਈ ਉਮੀਦ ਨਹੀਂ ਸੀ। ਜਦੋਂ 19 ਮਾਰਚ 2023 ਨੂੰ ਇਸਦੇ ਪਤੀ ਮਹਾਂਵੀਰ, ਦੋ ਬੇਟੀਆਂ (ਮਮਤਾ ਤੇ ਪੂਜਾ), ਤਿੰਨ ਦਮਾਦ (ਪੰਕਜ, ਮਨੋਜ ਅਤੇ ਟੀਟੂ) ਜਦੋਂ ਆਸ਼ਰਮ ਵਿੱਚ ਇਸ ਨੂੰ ਲੈਣ ਆਏ ਤਾਂ ਪਰਮਿਲਾ ਅਤੇ ਪਰਿਵਾਰ ਦਾ ਆਪਸ ਵਿਚ ਮਿਲਕੇ ਰੋ-ਰੋ ਕੇ ਇੰਨਾ ਬੁਰਾ ਹਾਲ ਹੋ ਗਿਆ ਕਿ ਦੇਖਿਆ ਨਹੀਂ ਸੀ ਜਾਂਦਾ। ਦੇਖਣ ਵਾਲੇ ਖ਼ੁਦ ਵੀ ਭਾਵੁਕ ਹੋ ਗਏ।
ਇਸ ਸੰਸਥਾ ਦੇ ਬਾਨੀ ਡਾ.ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਦੇ ਦੱਸਣ ਮੁਤਾਬਕ ਇਸ ਆਸ਼ਰਮ ਵਿੱਚ ਸਿਰਫ਼ ਪਰਮਿਲਾ ਹੀ ਨਹੀਂ ਸਗੋਂ ਘਰਾਂ ਤੋਂ ਲਾਪਤਾ ਹੋਏ ਬਹੁਤ ਸਾਰੇ ਹੋਰ ਮੰਦਬੁੱਧੀ ਮਰੀਜ਼ਾਂ ਨੂੰ ਆਸ਼ਰਮ ਵੱਲੋਂ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ। ਆਸ਼ਰਮ ਵਿੱਚ ਰਹਿ ਰਹੇ 200 (ਦੋ ਸੌ) ਦੇ ਕਰੀਬ ਲਵਾਰਸ, ਬੇਘਰ, ਮੰਦਬੁੱਧੀ, ਅਪਾਹਜ, ਨੇਤਰਹੀਣਾਂ ਦੀ ਇਹ ਅਨੋਖੀ ਹੀ ਦੁਨੀਆਂ ਹੈ, ਜਿਸਦਾ ਗਮਗੀਨ ਮਾਹੌਲ ਆਮ ਦੁਨੀਆਂ ਨਾਲੋਂ ਬਿਲਕੁੱਲ ਵੱਖਰਾ ਹੀ ਹੈ। ਬਹੁਤ ਸਾਰੇ ਮਰੀਜ਼ ਪੂਰੀ ਸੁੱਧ-ਬੁੱਧ ਨਾ ਹੋਣ ਕਰਕੇ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਆਸ਼ਰਮ ਵਲੋਂ ਕੀਤੀ ਜਾ ਰਹੀ ਇਹ ਬੇਮਿਸਾਲ ਤੇ ਨਿਰਸਵਾਰਥ ਸੇਵਾ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ। ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਸੰਪਰਕ: ਆਸ਼ਰਮ: 95018-42505; ਡਾ. ਨੌਰੰਗ ਸਿੰਘ ਮਾਂਗਟ: 95018-42506.