ਟੋਰਾਂਟੋ/ਬਿਊਰੋ ਨਿਊਜ਼ : ਯੂ-ਹਾਲ ਟਰੱਕ ਚੋਰੀ ਕਰਨ ਵਾਲੇ ਡਰਾਈਵਰ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਸ ਨੇ ਗੰਨ ਦੀ ਨੋਕ ਉੱਤੇ ਇੱਕ ਹੋਰ ਵਿਅਕਤੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਪੁਲਿਸ ਕਿੰਨਾਂ ਚਿਰ ਉਸ ਦੇ ਮਗਰ ਲੱਗੀ ਟੋਰਾਂਟੋ ਦੀਆਂ ਸੜਕਾਂ ਉੱਤੇ ਗੇੜੇ ਲਾਉਂਦੀ ਰਹੀ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਕਾਰੀ ਸਵੇਰੇ 11:30 ਵਜੇ ਦੇ ਨੇੜੇ ਤੇੜੇ ਡੈਨਫੋਰਡ ਤੇ ਵਾਰਡਨ ਐਵਨਿਊਜ਼ ਏਰੀਆ ਵਿੱਚ ਸਨ ਤੇ ਉਹ 6 ਦਸੰਬਰ ਨੂੰ ਸਕਾਰਬਰੋ ਬੈਸਟ ਬਾਇ ਦੇ ਬਾਹਰ ਛੁੱਟੀ ਉੱਤੇ ਚੱਲ ਰਹੇ ਪੁਲਿਸ ਅਧਿਕਾਰੀ ਉੱਤੇ ਚਾਕੂ ਨਾਲ ਕੀਤੇ ਗਏ ਵਾਰ ਦੀ ਜਾਂਚ ਕਰ ਰਹੇ ਸਨ। ਇੰਸਪੈਕਟਰ ਮਿਹਰ ਅਬਦਲ ਮਲਿਕ ਨੇ ਦੱਸਿਆ ਕਿ ਐਨੇ ਨੂੰ ਉਨ੍ਹਾਂ ਛੁਰੇਬਾਜ਼ੀ ਵਿੱਚ ਸ਼ਾਮਲ ਮਸ਼ਕੂਕ ਨੂੰ ਚੋਰੀ ਦੇ ਯੂ-ਹਾਲ ਟਰੱਕ ਵਿੱਚ ਵੇਖਿਆ ਤੇ ਉਨ੍ਹਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੱਸਿਆ ਕਿ ਮਸ਼ਕੂਕ ਨੇ ਰੁਕਣ ਤੋਂ ਇਨਕਾਰ ਕਰ ਦਿੱਤਾ ਤੇ ਪੁਲਿਸ ਅਧਿਕਾਰੀਆਂ ਨਾਲ ਉਸ ਦੀ ਤਕਰਾਰ ਵੀ ਹੋਈ। ਕਈ ਅਧਿਕਾਰੀਆਂ ਨੂੰ ਇਸ ਸਾਰੇ ਘਟਨਾਕ੍ਰਮ ਵਿੱਚ ਮਾਮੂਲੀ ਸੱਟਾਂ ਵੀ ਲੱਗੀਆਂ। ਇਸੇ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਮਸ਼ਕੂਕ ਨੇ ਗੰਨ ਦੀ ਨੋਕ ਉੱਤੇ ਇੱਕ ਵਿਅਕਤੀ ਨੂੰ ਅਗਵਾ ਵੀ ਕੀਤਾ ਹੋਇਆ ਹੈ। ਫਿਰ ਪੁਲਿਸ ਨੇ ਯੌਰਕ ਰੀਜਨਲ ਪੁਲਿਸ ਤੋਂ ਮਦਦ ਮੰਗੀ ਤੇ ਹੈਲੀਕਾਪਟਰ ਵੀ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਗਿਆ। ਫਿਰ ਯੂ ਹਾਲ ਟਰੱਕ ਦਾ ਪਿੱਛਾ ਕਰਕੇ 49 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।ਅਗਵਾ ਕਾਂਡ ਦੇ ਸਬੰਧ ਵਿੱਚ ਪੁਲਿਸ ਵੱਲੋਂ ਹੋਰ ਵੇਰਵੇ ਮੁਹੱਈਆ ਨਹੀਂ ਕਰਵਾਏ ਗਏ। ਕਿਸੇ ਹੋਰ ਸ਼ਖ਼ਸ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਯੂ-ਹਾਲ ਟਰੱਕ ਵੱਲੋਂ ਕਈ ਹੋਰਨਾਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਅਜੇ ਤੱਕ ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਮਸ਼ਕੂਕ ਖਿਲਾਫ ਕੀ ਚਾਰਜਿਜ਼ ਲਾਏ ਜਾਣਗੇ।