2.1 C
Toronto
Friday, November 14, 2025
spot_img
Homeਕੈਨੇਡਾਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ 'ਤੇ ਕਵਿਤਾ

ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ‘ਤੇ ਕਵਿਤਾ

ਭਾਈ ਹਰਪਾਲ ਸਿੰਘ ਲੱਖਾ

ਦਿੱਲੀ ਨੇ ਕਹਿਰ ਕਮਾਇਆ ਏ॥

ਸਿੱਖੀ ਨਾਲ ਮੱਥਾ ਲਾਇਆ ਏ॥

ਸਤਿਗੁਰ ਨੂੰ ਆਖ ਸੁਣਾਇਆ ਏ॥

ਕਿਉਂ ਰਾਜੇ ਅੱਗੇ ਅੜਨਾ ਹੈ॥

ਜਿਉਣਾ ਹੈ ਜਾਂ ਮਰਨਾ ਹੈ॥

ਗੁਰ ਬੋਲੇ, ਸੱਚੀ ਗੱਲ ਕਰੀਏ॥

ਕਮਜ਼ੋਰਾਂ ਨਾਲ ਅਸੀਂ ਖੜੀਏ॥

ਜ਼ਾਲਮ ਰਾਜੇ ਤੋਂ ਕਿਉਂ ਡਰੀਏ॥

ਸਤਿਗੁਰ ਨਾਨਕ ਦਾ ਕਹਿਣਾ ਹੈ॥

ਭੈ ਦੇਣਾ ਨਾ ਭੈ ਸਹਿਣਾ ਹੈ॥

ਰਹੇ ਕਾਹਤੋਂ ਕਸ਼ਟ ਸਹਾਰ ਤੁਸੀਂ॥

ਕਰੋ ਦੀਨ ਤੋਂ ਕਿਉਂ ਇਨਕਾਰ ਤੁਸੀਂ॥

ਗੱਲ ਮੰਨ ਲਓ ਆਖਰੀ ਵਾਰ ਤੁਸੀਂ॥

ਹੁਣ ਪੈਣਾਂ ਮੋਮਨ ਬਣਨਾ ਹੈ॥

ਜਿਉਣਾ ਹੈ ਜਾਂ ਮਰਨਾ ਹੈ॥

ਮੋਮਨ ਹਿੰਦੂ ਨੇ ਤਾਂ ਚੰਗੇ॥

ਜੇ ਰਾਮ ਖ਼ੁਦਾ ਦੇ ਰੰਗ ਰੰਗੇ॥

ਅਮਲੋਂ ਪਰ ਜੇਕਰ ਬੇਢੰਗੇ॥

ਦੋਵਾਂ ਨੂੰ ਰੋਣਾ ਪੈਣਾ ਹੈ॥

ਭੈ ਦੇਣਾ ਨਾ ਭੈ ਸਹਿਣਾ ਹੈ॥

ਪੀਰਾਂ ਦੇ ਪੀਰ ਬਣਾ ਦਿਆਂਗੇ॥

ਪੁੱਤਰ ਨੂੰ ਰਾਜ ਦਿਵਾ ਦਿਆਂਗੇਂ॥

ਨਾਂ ਉੱਤੇ ਸਿੱਕਾ ਚਲਾ ਦਿਆਗੇਂ॥

ਬਸ ਪੈਣਾ ਕਲਮਾ ਪੜ੍ਹਨਾ ਹੈ॥

ਜਿਉਣਾ ਹੈ ਜਾਂ ਮਰਨਾ ਹੈ॥

ਰਾਜ ਨਾਨਕਸ਼ਾਹੀ ਸੋਹਣਾ ਹੈ॥

ਸੱਚਾ ਤਖਤ ਬੜਾ ਮਨ ਮੋਹਣਾ ਹੈ॥

ਸਿੱਖੀ ਦਾ ਰਾਹ ਰੁਸ਼ਨਾਉਣਾ ਹੈ॥

ਝੂਠਾ ਰਾਜ ਅਸਾਂ ਨਾ ਲੈਣਾ ਹੈ॥

ਭੈ ਦੇਣਾ ਨਾ ਭੈ ਸਹਿਣਾ ਹੈ॥

ਕੀਤੀ ਅਰਜ਼ ਅਸਾਂ ਹੱਥ ਬੰਨ ਕੇ ਤੇ॥

ਸੁੱਖ ਪਾਉਂਗੇ ਸਾਡੀ ਮੰਨ ਕੇ ਤੇ॥

ਨਹੀਂ ਚੌਕ ਚਾਂਦਨੀ ਬੰਨ੍ਹ ਕੇ ਤੇ॥

ਕਤਲ ਜਲਾਦਾਂ ਕਰਨਾ ਹੈ॥

ਜਿਉਣਾ ਹੈ ਜਾਂ ਮਰਨਾ ਹੈ॥

ਗੁਰੂ ਤੇਗ ਬਹਾਦਰ ਦਾ ਕਹਿਣਾ॥

ਜੋ ਮਰਜੀ ਕਸ਼ਟ ਪਚਾ ਲੈਣਾ॥

ਬੇੜਾ ਧਰਮ ਦਾ ਅਸਾਂ ਬਚਾ ਲੈਣਾ॥

ਅੱਜ ਮਹਿਲ ਪਾਪ ਦਾ ਢਹਿਣਾ ਹੈ॥

ਭੈ ਦੇਣਾ ਨਾ ਭੈ ਸਹਿਣਾ ਹੈ॥

ਸੁਣ ਜ਼ਾਲਮ ਕਾਜੀ ਸੜਿਆ ਹੈ॥

ਪਿੰਜਰੇ ਵਿੱਚ ਸਤਿਗੁਰ ਖੜਿਆ ਹੈ॥

ਫਿਰ ਝੂਠਾ ਫਤਵਾ ਪੜ੍ਹਿਆ ਹੈ॥

ਸਿਰ ਧੜ ਨਾਲੋਂ ਵੱਖ ਕਰਨਾ ਹੈ॥

ਜਿਉਣਾ ਹੈ ਜਾਂ ਮਰਨਾ ਹੈ॥

ਸਾਡੇ ਸਿਰ ‘ਤੇ ਹੱਥ ਗੁਰ ਨਾਨਕ ਦਾ॥

ਕੋਈ ਡਰ ਨੀਂ ਸਮੇਂ ਭਿਆਨਕ ਦਾ॥

ਅਣਹੋਣੀ ਅਤੇ ਅਚਾਨਕ ਦਾ॥

ਮੁਗਲਾਂ ਦਾ ਝੰਡਾ ਲਹਿਣਾ ਹੈ॥

ਭੈ ਦੇਣਾ ਨਾ ਭੈ ਸਹਿਣਾ ਹੈ॥

ਜ਼ਾਲਮ ਹੁਣ ਅੱਤ ਵਰ੍ਹਾਵਣਗੇ॥

ਗੁਰੂ ਤੇਗ ਤੇ ਤੇਗ ਚਲਾਵਣਗੇ॥

ਜੱਗ ਨੂੰ ਭੈ-ਭੀਤ ਕਰਾਵਣਗੇ॥

ਪਾਪਾਂ ਦਾ ਬੇੜਾ ਭਰਨਾ ਹੈ॥

ਜਿਉਣਾ ਹੈ ਜਾਂ ਮਰਨਾ ਹੈ॥

ਗੁਰਾਂ ਜਪੁ ਜੀ ਸਾਹਿਬ ਪੜ੍ਹਿਆ ਹੈ॥

ਪੜ੍ਹ ਕੇ ਅਰਦਾਸਾ ਕਰਿਆ ਹੈ॥

ਐਸਾ ਰੰਗ ਮਜੀਠੀ ਦਾ ਚੜ੍ਹਿਆ ਹੈ॥

ਸੱਚਖੰਡ ਨੂੰ ਚਾਲਾ ਪੈਣਾ ਹੈ॥

ਭੈ ਦੇਣਾ ਨਾ ਭੈ ਸਹਿਣਾ ਹੈ॥

ਸ੍ਰਿਸ਼ਟੀ ‘ਤੇ ਜਿਸ ਦੀ ਚਾਦਰ ਜੀ॥

ਹੱਕ ਸੱਚ ਦਾ ਕਰਦੇ ਆਦਰ ਜੀ॥

ਐਸੇ ਗੁਰੂ ਤੇਗ ਬਹਾਦਰ ਜੀ॥

ਬੇ-ਖੌਫ ਸ਼ਹੀਦੀ ਪਾਈ ਐ॥

ਜੋਤੀ ਵਿੱਚ ਜੋਤ ਰਲ਼ਾਈ ਐ॥

RELATED ARTICLES
POPULAR POSTS