‘ਚੇਤਨਾ ਪ੍ਰਕਾਸ਼ਨ’ ਤੇ ‘ਗੁਲਾਟੀ ਪਬਲਿਸ਼ਰਜ਼’ ਨੇ ਲਗਾਈ ਪੁਸਤਕ-ਪ੍ਰਦਰਸ਼ਨੀ
ਬਰੈਂਪਟਨ/ਡਾ. ਝੰਡ : ‘ਚੇਤਨਾ ਪ੍ਰਕਾਸ਼ਨ ਲੁਧਿਆਣਾ’ ਅਤੇ ‘ਗੁਲਾਟੀ ਪਬਲਿਸ਼ਰਜ਼ ਲਿਮਟਿਡ’ ਵੱਲੋਂ ਲੰਘੇ 12 ਸਤੰਬਰ ਤੋਂ ਪੁਸਤਕ ਪ੍ਰਦਰਸ਼ਨੀ ‘ਵਿਸ਼ਵ ਪੰਜਾਬੀ ਭਵਨ’ 114 ਕੈਨੇਡੀ ਰੋਡ ਵਿਖੇ ਲਗਾਈ ਗਈ ਹੈ ਅਤੇ ਇਹ 28 ਸਤੰਬਰ ਤੱਕ ਚੱਲਦੀ ਰਹੇਗੀ।
ਪ੍ਰਦਰਸ਼ਨੀ ਵਿੱਚ ਪੰਜਾਬੀ ਕਵਿਤਾ, ਕਹਾਣੀ, ਨਾਵਲ, ਵਾਰਤਕ, ਸਫ਼ਰਨਾਮੇ, ਸਵੈ-ਜੀਵਨੀ, ਆਮ-ਵਾਕਫ਼ੀ ਦੀਆਂ, ਗੱਲ ਕੀ ਹਰੇਕ ਪ੍ਰਕਾਰ ਦੀਆਂ ਪੁਸਤਕਾਂ ਇਸ ਪਬਲੀਕੇਸ਼ਨ ਦੇ ਮਾਲਕ ਤੇ ਸੰਚਾਲਕ ਸਤੀਸ਼ ਗੁਲਾਟੀ ਹੁਰਾਂ ਵੱਲੋਂ ਬੜੇ ਵਧੀਆ ਕਲਾਤਮਿਕ ਢੰਗ ਨਾਲ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਪ੍ਰਦਰਸ਼ਨੀ ਦੇ ਵੱਖ-ਵੱਖ ਭਾਗਾਂ ਵਿੱਚ ਜਾ ਕੇ ਤੁਸੀ ਇਹ ਪੁਸਤਕਾਂ ਵੇਖ ਸਕਦੇ ਹੋ ਅਤੇ ਆਪਣੀ ਦਿਲਚਸਪੀ ਤੇ ਲੋੜ ਅਨੁਸਾਰ ਇਹ ਪੁਸਤਕਾਂ ਖ਼ਰੀਦ ਸਕਦੇ ਹੋ।
ਐਤਵਾਰ 14 ਸਤੰਬਰ ਵਾਲੇ ਦਿਨ ‘ਵਿਸ਼ਵ ਪੰਜਾਬੀ ਭਵਨ’ ਵਿੱਚ ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੂੰ ‘ਕਲਮਾਂ ਦੀ ਸਾਂਝ ਸਾਹਿਤ ਸਭਾ’ ਵੱਲੋਂ ‘ਸਤਿਗੁਰੂ ਰਾਮ ਸਿੰਘ ਲਾਈਫ਼ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕਰਨ ਸਮੇਂ ਸਵੇਰ ਤੋਂ ਹੀ ਇੱਥੇ ਮੇਲੇ ਵਾਲਾ ਮਾਹੌਲ ਬਣਿਆ ਰਿਹਾ। ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਵੱਡੀ ਗਿਣਤੀ ਵਿੱਚ ਪੰਜਾਬੀ ਲੇਖਕਾਂ ਤੇ ਪਾਠਕਾਂ ਨੇ ਇਸ ਪ੍ਰਦਰਸ਼ਨੀ ਦਾ ਚੱਕਰ ਲਗਾਇਆ ਅਤੇ ਆਪਣੀ ਦਿਲਚਸਪੀ ਦੇ ਖ਼ੇਤਰ ਦੀਆਂ ਕਿਤਾਬਾਂ ਖ਼ਰੀਦੀਆਂ।
ਸਤੀਸ਼ ਗੁਲਾਟੀ ਹੁਰਾਂ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਾਠਕਾਂ ਵੱਲੋਂ ਉਨ੍ਹਾਂ ਨੂੰ ਬੜਾ ਵਧੀਆ ਹੁੰਗਾਰਾ ਮਿਲ ਰਿਹਾ ਹੈ। ਉਹ ਨਾਵਲ, ਕਹਾਣੀ, ਵਾਰਤਕ, ਸਵੈ-ਜੀਵਨੀ ਤੇ ਸਫ਼ਰਨਾਮੇਂ ਪੜ੍ਹਨ ਵਿੱਚ ਵਧੇਰੇ ਰੁਚੀ ਵਿਖਾ ਰਹੇ ਹਨ ਅਤੇ ਇਸਦੇ ਮੁਕਾਬਲੇ ਕਵਿਤਾ ਵਿੱਚ ਦਿਲਚਸਪੀ ਕੁਝ ਘੱਟ ਰਹੀ ਲੱਗਦੀ ਹੈ।
ਅਲਬੱਤਾ! ਕਈ ਕਾਵਿ-ਪੁਸਤਕਾਂ ਵੀ ਪਾਠਕਾਂ ਵੱਲੋਂ ਖ਼ਰੀਦੀਆਂ ਜਾ ਰਹੀਆਂ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਲੇਖਕਾਂ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ ਇੱਥੇ ਲੱਗਭੱਗ 5,000 ਪੁਸਤਕਾਂ ਪਾਠਕਾਂ ਲਈ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀ ਸਾਹਿਤ ਨਾਲ ਸਬੰਧਿਤ ਪੁਸਤਕਾਂ ਦੀ ਹੈ।
ਦੂਰ-ਦੁਰਾਢੇ ‘ਬੁੱਕ ਸ਼ਾਪ’ ਜਾਂ ਬੁੱਕ-ਸਟੋਰ ਤੇ ਜਾ ਕੇ ਪੁਸਤਕਾਂ ਖ਼ਰੀਦਣ ਦੀ ਪਾਠਕ ਆਮ ਤੌਰ ‘ਤੇ ਘੌਲ਼ ਕਰ ਜਾਂਦਾ ਹੈ।
ਵੈਸੇ ਵੀ, ਇਨ੍ਹਾਂ ਦੇਸ਼ਾਂ ਵਿੱਚ ਪੰਜਾਬੀ ਪੁਸਤਕਾਂ ਬੜੀ ਮੁਸ਼ਕਲ ਨਾਲ ਉਪਲੱਭਧ ਹੁੰਦੀਆਂ ਹਨ। ਇਸ ਲਈ ਬਰੈਂਪਟਨ-ਵਾਸੀਆਂ ਲਈ ਇਹ ਸੁਨਹਿਰੀ ਮੌਕਾ ਹੈ ਕਿ ਹੁਣ ਜਦੋਂ ਪੁਸਤਕਾਂ ਆਪ ਚੱਲ ਕੇ ਉਨ੍ਹਾਂ ਕੋਲ਼ ਆਈਆਂ ਹਨ ਤਾਂ ਉਹ ਇਸ ਮੌਕੇ ਦਾ ਲਾਭ ਉਠਾਉਣ।
ਉਹ ‘ਵਿਸ਼ਵ ਪੰਜਾਬੀ ਭਵਨ’ ਜਾ ਕੇ ਇਹ ਪੁਸਤਕਾਂ ਵੇਖ ਸਕਦੇ ਹਨ ਅਤੇ ਲੋੜ ਅਨੁਸਾਰ ਇਨ੍ਹਾਂ ਦੀ ਖ਼ਰੀਦ ਕਰ ਸਕਦੇ ਹਨ। ਇਸ ਪੁਸਤਕ ਪ੍ਰਦਰਸ਼ਨੀ ਦਾ ਸਮਾਂ ਸ਼ਨੀਵਾਰ/ਐਤਵਾਰ ਸਮੇਤ ਸਵੇਰੇ 11.00 ਵਜੇ ਤੋਂ ਸ਼ਾਮ 7.00 ਵਜੇ ਤੱਕ ਹੈ।









