ਬਰੈਂਪਟਨ/ਰਮਿੰਦਰ ਵਾਲੀਆ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਸ੍ਰੀਮਤੀ ਰਮਿੰਦਰ ਰੰਮੀ ਵੱਲੋਂ ਉਲੀਕੇ 27 ਅਪ੍ਰੈਲ ਨੂੰ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਵਿੱਚ ਪ੍ਰੋ ਕੁਲਜੀਤ ਕੌਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨਾਲ ਰੂਬਰੂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਰਪ੍ਰਸਤ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਡਾ. ਸਰਬਜੀਤ ਸਿੰਘ ਦਾ ਰੁਝੇਵਿਆਂ ਭਰੇ ਜੀਵਨ ਵਿੱਚੋਂ ਸਮਾਂ ਕੱਢ ਕੇ ਇਸ ਪ੍ਰੋਗਰਾਮ ਵਿੱਚ ਜੁੜਨ ਦਾ ਸੁਆਗਤ ਕੀਤਾ ਗਿਆ। ਪ੍ਰੋ. ਕੁਲਜੀਤ ਦੀ ਇਸ ਪ੍ਰੋਗਰਾਮ ਦੇ ਆਯੋਜਨ ਲਈ ਸ਼ਲਾਘਾ ਕਰਦਿਆਂ ਉਹਨਾਂ ਰਮਿੰਦਰ ਵਾਲੀਆ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਸੁਚੱਜੀ ਚੋਣ ਨਾਲ ਪਰੋਗਰਾਮ ਚਲਾ ਰਹੇ ਹਨ।
ਰਮਿੰਦਰ ਵਾਲੀਆ ਨੇ ਵੀ ਇਹ ਕਿਹਾ ਕਿ ਇਹ ਸਾਡੇ ਧੰਨਭਾਗ ਹਨ ਕਿ ਡਾ. ਸਰਬਜੀਤ ਸਿੰਘ ਜੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਵਿਹੜੇ ਵਿਚ ਆਏ ਤੇ ਕੁਲਜੀਤ ਨੇ ਸਿਰਜਨਾ ਦੇ ਆਰ ਪਾਰ ਵਿਚ ਉਹਨਾਂ ਦਾ ਰੂਬਰੂ ਕੀਤਾ ।
ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਪ੍ਰੋ. ਕੁਲਜੀਤ ਜੀ ਨੇ ਦੱਸਿਆ ਕਿ ਉਹਨਾਂ ਦਾ ਇਹ 52ਵਾਂ ਪ੍ਰੋਗਰਾਮ ਹੈ। ਉਹਨਾਂ ਨੇ ਡਾ. ਸਰਬਜੀਤ ਸਿੰਘ ਦੀ ਬਹੁਪੱਖੀ ਸ਼ਖ਼ਸੀਅਤ ਨਾਲ ਜਾਣ ਪਛਾਣ ਕਰਾਈ। ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸਦਿਆਂ ਡਾ. ਸਰਬਜੀਤ ਜੀ ਨੇ ਕਿਹਾ ਕਿ ਉਹਨਾਂ ਦਾ ਬਚਪਨ ਸਧਾਰਨ ਪੇਂਡੂ ਜੀਵਨ ਵਿੱਚ ਗੁਜ਼ਰਿਆ ਤੇ ਉਹਨਾਂ ਦੇ ਪਿਤਾ ਤਹਿਸੀਲਦਾਰ ਦੀ ਨੌਕਰੀ ਛੱਡ ਕੇ ਕਮਿਊਨਿਸਟ ਪਾਰਟੀ ਵਿੱਚ ਆ ਗਏ। ਘਰ ਦਾ ਮਾਹੌਲ ਰਾਜਨੀਤਕ ਤੇ ਪੜ੍ਹਾਈ ਲਿਖਾਈ ਦਾ ਸੀ। ਉਹਨਾਂ ਤੇ ਪਿਤਾ ਜੀ ਦੀ ਸ਼ਖਸੀਅਤ ਦਾ ਬਹੁਤ ਅਸਰ ਹੈ। ਵਿਦਿਅਕ ਯੋਗਤਾ ਵਿੱਚ ਪੀ. ਐਚ. ਡੀ ਕਰਨ ਉਪਰੰਤ ਅਧਿਆਪਨ ਵਿੱਚ ਆਏ। ਉਹਨਾਂ ਦੱਸਿਆ ਕਿ ਦੇਸ਼ ਵਿੱਚ ਐਮਰਜੈਂਸੀ ਦੀ ਸਪੋਰਟ ਕਰਨ ਤੇ ਉਹਨਾਂ ਨੇ ਪਾਰਟੀ ਨੂੰ ਛੱਡਿਆ ਤੇ ਫਿਰ ਬਾਅਦ ਵਿੱਚ ਦੁਆਰਾ ਪਾਰਟੀ ਵਿੱਚ ਸ਼ਾਮਿਲ ਹੋਏ।
ਡਾ. ਸਰਬਜੀਤ ਕੌਰ ਸੋਹਲ ਨੇ ਡਾ. ਸਰਬਜੀਤ ਸਿੰਘ ਦੇ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਾਉਣ ਦੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਉਹਨਾਂ ਦੀ ਵਿਚਾਰਧਾਰਾ ਦੀ ਪ੍ਰੋੜਤਾ ਕੀਤੀ। ਸਾਹਿਤਕ ਤੇ ਅਧਿਆਪਨ ਦੇ ਸਫ਼ਰ ਬਾਰੇ ਉਹਨਾਂ ਦੱਸਿਆ ਕਿ ਉਹ ਐਮ. ਏ ਵਿੱਚ ਗੋਲਡਮੈਡਲਿਸਟ ਸਨ ਤੇ ਐਮ. ਫਿਲ ਲਈ ਪੰਜਾਬ ਯੂਨੀਵਰਸਿਟੀ ਵਿਚ ਦਾਖਲਾ ਲਿਆ ਤੇ ਪਹਿਲੇ ਰਿਸਰਚ ਸਕਾਲਰ ਹੋਣ ਦਾ ਮਾਣ ਹਾਸਲ ਕੀਤਾ। ਡਾ. ਅਤਰ ਸਿੰਘ ਦੀ ਨਿਗਰਾਨੀ ਵਿੇਚ ਪੀਐਚ ਡੀ ਸ਼ੁਰੂ ਕੀਤੀ। ਯੂ ਟੀ ਵਿੱਚ ਪ੍ਰੋਫੈਸਰ ਤੋ ਪੰਜਾਬ ਯੂਨੀਵਰਸਿਟੀ ਚ ਅਧਿਆਪਨ ਸ਼ੁਰੂ ਕੀਤਾ। ਆਪਣੀ ਜ਼ਿੰਦਗੀ ਵਿੱਚ ਪਰਿਵਾਰਿਕ ਸਮਰਥਨ ਬਾਰੇ ਦੱਸਦਿਆਂ ਪਤਨੀ ਦੀ ਪ੍ਰਸ਼ੰਸਾ ਕੀਤੀ ਤੇ ਹੋਣਹਾਰ ਬੇਟਿਆਂ ਬਾਰੇ ਦੱਸਿਆ।
ਸਾਹਿਤ ਅਧਿਐਨ ਤੇ ਮੌਲਿਕ ਪੁਸਤਕਾਂ ਦੀ ਰਚਨਾ ਬਾਰੇ ਦੱਸਦਿਆਂ ਕਿਹਾ ਕਿ ਬਹੁਤ ਸਾਰੇ ਲੇਖਕਾਂ ਬਾਰੇ ਤੇ ਰਾਸ਼ਟਰਵਾਦੀ ਮਸਲਿਆਂ ਬਾਰੇ ਵਿਦਵਾਨਾਂ ਦੇ ਯੋਗਦਾਨ ਨਾਲ ਪੁਸਤਕਾਂ ਸੰਪਾਦਕ ਕੀਤੀਆ। ਪੰਜਾਬੀ ਚਿੰਤਨ ਤੇ ਚੇਤਨਾ ਕੰਮ ਕਰਦਿਆਂ ਨਵੀਆਂ ਧਾਰਨਾਵਾਂ ਸਥਾਪਿਤ ਕੀਤੀਆਂ। ਜਲਿਆਂਵਾਲਾ ਵਾਲਾ ਬਾਗ, ਗਦਰ ਲਹਿਰ ਤੇ ਕੰਮ ਦੇ ਨਾਲ ਨਾਲ ਭਾਈ ਵੀਰ ਸਿੰਘ ਦੇ ਯੋਗਦਾਨ ਦਾ ਮੁਲਾਂਕਣ ਕੀਤਾ ਹੈ। ਪਾਠਕ ਤੇ ਪੁਸਤਕ ਸੱਭਿਆਚਾਰ ਬਾਰੇ ਉਹਨਾਂ ਕਿਹਾ ਕਿ ਪਾਠਕ ਮਾਲਵੇ ਵਿਚ ਬਹੁਤ ਹਨ ਅਸਲੀ ਸੰਕਟ ਤਾਂ ਕਵਿਤਾ ਦਾ ਹੈ ਜਿਸ ਵਿਚ ਪਾਠਕ ਲਈ ਕੋਈ ਗੱਲ ਨਹੀਂ। ਕਵੀ ਨਿੱਜ ਕੇਂਦਰਿਤ ਹੈ ਜਿਸ ਵਿੱਚ ਪਾਠਕ ਦੀ ਦਿਲਚਸਪੀ ਨਹੀ। ਪਾਠਕ ਤੇ ਸਾਹਿਤ ਦੇ ਪਾਠਕ ਦੇ ਅੰਤਰ ਨੂੰ ਦਰਸਾਇਆ। ਅੱਜ ਕਵੀ ਸਾਹਮਣੇ ਪਾਠਕ ਨਹੀਂ ਹੈ ਆਪਣੀ ਵਿਸ਼ੇਸ਼ਤਾ ਸਿੱਧ ਕਰਨਾ ਹੈ।
ਪ੍ਰੋ. ਕੁਲਜੀਤ ਜੀ ਨੇ ਸਰੋਤਿਆਂ ਦੇ ਨਾਲ ਉਹਨਾਂ ਦੀਆਂ ਮੌਲਿਕ ਤੇ ਸੰਪਾਦਿਤ ਪੁਸਤਕਾਂ ਦੀ ਚਰਚਾ ਕੀਤੀ। ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਸੰਸਥਾਵਾਂ ਦੇ ਕੰਮਾਂ ਦੀ ਡਾਕੂਮੈਨਟੇਸਨ ਲਈ ਸੁਚੇਤ ਤੇ ਗੰਭੀਰ ਕੰਮ ਦੀ ਲੋੜ ਹੈ ਜੋ ਕਿ ਅੱਜ ਵੀ ਉਹ ਕਰ ਰਹੇ ਹਨ। ਸਾਹਿਤਕਾਰ, ਆਲੋਚਕਾਂ ਤੇ ਵਿਦਵਾਨਾਂ ਦੇ ਸਹਿਯੋਗ ਨਾਲ ਇਹ ਕੰਮ ਕਰ ਰਹੇ ਹਨ। ਪੁਸਤਕਾਂ ਤੇ ਸੰਵਾਦ ਨੂੰ ਕਿਤਾਬੀ ਰੂਪ ਦੇ ਰਹੇ ਹਨ। ਮੌਲਿਕ ਪੁਸਤਕ ਦੇ ਸੰਬੰਧ ਵਿੇਚ ਥੀਮ ਦੀ ਨਿਰੰਤਰਤਾ ਹੈ।
ਅਜਿਹਾ ਕੰਮ ਗੰਭੀਰ ਅਧਿਐਨ ਦੀ ਮੰਗ ਕਰਦਾ ਹੈ। ਵੱਖ ਵੱਖ ਸੰਸਥਾਵਾਂ ਵਿੱਚ ਵੱਖ ਵੱਖ ਅਹੁਦਿਆਂ ‘ਤੇ ਸੁਸ਼ੋਭਿਤ ਰਹੇ ਹਨ ਤੇ ਵਿਲੱਖਣ ਤੇ ਯਾਦ ਰੱਖਣ ਯੋਗ ਯੋਗਦਾਨ ਦੇ ਰਹੇ ਹਨ। ਅਜਿਹੀ ਸ਼ਖ਼ਸੀਅਤ ਦੇ ਰੂਬਰੂ ਨਾਲ ਬਹੁਤ ਕੁਝ ਸਿੱਖਣ ਲਈ ਮਿਲਿਆ।
ਪੁਰਸਕਾਰਾਂ ਦੀ ਲੰਬੀ ਲੜੀ ਦੇ ਬਾਰੇ ਉਹਨਾਂ ਕਿਹਾ ਕਿ ਹਰ ਬੰਦਾ ਸਨਮਾਨ ਚਾਹੁੰਦਾ ਹੈ ਪਰ ਸਾਹਿਤ ਦੇ ਖੇਤਰ ਵਿੱਚ ਮਿਲੇ ਪੁਰਸਕਾਰ ਤੁਹਾਡੇ ਕੰਮ ਨੂੰ ਪ੍ਰਮਾਣਿਤ ਕਰਦੇ ਹਨ। ਸਨਮਾਨਾਂ ਬਾਰੇ ਅੱਜ ਦੇ ਹਾਲਾਤ ਬਾਰੇ ਕਿਹਾ ਕਿ ਇਹ ਕੁਰੱਪਟ ਤੇ ਜੁਗਾੜਬੰਦੀ ਦਾ ਸ਼ਿਕਾਰ ਹੋ ਰਹੇ ਹਨ। ਪ੍ਰਧਾਨ ਹੋਣ ਦੇ ਨਾਤੇ ਉਹ ਇਸ ਕੰਮ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਮਾਨਸਿਕ ਆਨੰਦ ਡਾ. ਅਤਰ ਸਿੰਘ ਤੇ ਡਾ. ਕੇਸਰ ਸਿੰਘ ਪੁਰਸਕਾਰ, ਪ੍ਰਿੰਸੀਪਲ ਤੇਜਾ ਸਿੰਘ ਤੇ ਡਾ. ਰਵੀ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਮਿਲਿਆ ਉਹਨਾਂ ਅਨੁਸਾਰ ਅਧਿਆਪਨ ਦਾ ਹੀ ਸਨਮਾਨ ਹਨ। ਨਵੀਂ ਪੀੜੀ ਲਈ ਖੋਜ ਦੀ ਦਸ਼ਾ ਤੇ ਦਿਸ਼ਾ ਬਾਰੇ ਉਹਨਾਂ ਕਿਹਾ ਕਿ ਕੰਮ ਡਿਗਰੀ ਲੈਣ ਲਈ ਨਹੀਂ ਖੋਜ ਹੋਣੀ ਚਾਹੀਦੀ ਹੈ। ਉਹ ਗੰਭੀਰਤਾ ਨਾਲ ਅਗਵਾਈ ਕਰਦੇ ਹਨ ਸੰਕਟ ਇਹ ਹੈ ਕਿ ਸਾਡੀ ਪ੍ਰਾਥਮਿਕਤਾ ਹੋਰ ਹੈ ਡਿਗਰੀ ਤੇ ਨੌਕਰੀ ਲੈਣੀ ਹੈ। ਉਹਨਾਂ ਬੇਬਾਕੀ ਨਾਲ ਇਸ ਧੰਦੇ ਵਿੱਚ ਲੱਗਿਆਂ ਨੂੰ ਉਜਾਗਰ ਕੀਤਾ ਜੋ ਕਿ ਬਹੁਤ ਤਕਲੀਫ਼ ਦੇਹ ਹੈ।
ਇਸ ਸੰਕਟ ਦੀ ਪਰੋੜਤਾ ਡਾ. ਸੋਹਲ ਨੇ ਵੀ ਕੀਤੀ । ਅੱਜ ਕੱਲ੍ਹੇ ਇਸ ਮੁੱਦੇ ‘ਤੇ ਚਰਚਾ ਹੋਣੀ ਚਾਹੀਦੀ ਹੈ ਸੋ ਇਸ ਰੂਬਰੂ ਵਿਚ ਬੇਬਾਕੀ ਨਾਲ ਗੱਲਾਂ ਹੋਈਆਂ। ਪ੍ਰੋ. ਕੁਲਜੀਤ ਨੇ ਉਹਨਾਂ ਦੇ ਕੰਮਾਂ ਨੂੰ ਤਸਵੀਰਾਂ ਦੀ ਜ਼ੁਬਾਨੀ ਵੀ ਸਾਂਝਿਆਂ ਕੀਤਾ। ਡਾ. ਸਰਬਜੀਤ ਨੇ ਆਪਣੀਆ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਜੋ ਉਹਨਾਂ ਦੀ ਸੰਵੇਦਨਾ ਤੇ ਆਲੋਚਨਾਤਮਿਕ ਸੂਝ ਦਾ ਪਰਤੌ ਹਨ ਉਹਨਾਂ ਨੇ ਰਚਨਾ ਸੰਦਰਭਾਂ ਨੂੰ ਵੀ ਉਜਾਗਰ ਕੀਤਾ ਜਿਸ ਨਾਲ ਸਰੋਤਿਆਂ ਵੀ ਉਸ ਮਾਹੌਲ ਨੂੰ ਮਹਿਸੂਸ ਕੀਤਾ। ਉਹਨਾਂ ਨੇ ਮੌਜੂਦਾ ਹਾਲਾਤਾਂ ਤੇ ਆਪਣੇ ਸੰਵੇਦਨਾਤਮਕ ਕਾਵਿ ਬੋਲ ਸਾਂਝੇ ਕੀਤੇ। ਡਾ. ਬਲਜੀਤ ਰਿਆੜ ਨੇ ਡਾ. ਸਰਬਜੀਤ ਜੀ ਦੀ ਸਖਸੀਅਤ ਬਾਰੇ ਆਪਣੀ ਸਮਝ ਸਾਂਝੀ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਅਜਿਹੀ ਕਰਮਯੋਗੀ , ਬੇਬਾਕ, ਸੰਜਮੀ ਸਖਸੀਅਤ ਤੇ ਸੱਚ ਤੇ ਪਹਿਰਾ ਦੇਣ ਵਾਲਿਆਂ ਤੋਂ ਸਿੱਖਣ ਦੀ ਅਤੇ ਦਿਸ਼ਾ ਨਿਰਦੇਸ਼ਾਂ ਦੀ ਲੋੜ ਹੈ।
ਰੂਬਰੂ ਦੇ ਨਾਲ ਅਜੋਕੇ ਸਮੇਂ ਦੇ ਸਾਹਿਤਕ ਸੰਕਟਾਂ ਤੇ ਧਾਰਨਾਵਾਂ ਤੇ ਵੀ ਸੰਵਾਦ ਰਚਾਉਂਦਿਆਂ ਘਟੀਆ ਮਾਨਸਿਕਤਾ ਸਾਹਮਣੇ ਲਿਆਂਦੀ। ਸਾਹਿਤਕ ਸ਼ਖ਼ਸੀਅਤ ਨਾਲੋਂ ਨਿੱਜੀ ਪੱਖ ਜਿਆਦਾ ਚਰਚਾ ਵਿੱਚ ਹੁੰਦੇ ਹਨ। ਪੜ੍ਹੀ ਲਿਖੀ ਪੀੜੀ ਦੀ ਬੌਧਿਕ ਕੰਗਾਲੀ ਦੀ ਵੀ ਚਰਦਾ ਹੋਈ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦਾ ਅਪਰੈਲ ਮਹੀਨੇ ਦਾ ਅੰਕ ਰਿਲੀਜ਼ ਕੀਤਾ ਗਿਆ ਤੇ ਰਮਿੰਦਰ ਵਾਲੀਆ ਦੀ ਨਿਰੰਤਰ ਸਾਧਨਾ ਨੂੰ ਸਲਾਮ ਕੀਤੀ । ਮਨਦੀਪ ਬੰਮਰਾ ਨੇ ਸਰਬਜੀਤ ਜੀ ਬਾਰੇ ਬੋਲਦਿਆ ਕਿ ਉਹਨਾ ਦੇ ਯੋਗਦਾਨ ਦੀ ਚਰਚਾ ਕੀਤੀ । ਪ੍ਰੋਗਰਾਮ ਦੇ ਅੰਤ ਵਿੱਚ ਚੇਅਰਮੈਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਸ . ਪਿਆਰਾ ਸਿੰਘ ਕੁੱਦੋਵਾਲ ਨੇ ਇਸ ਪ੍ਰੋਗਰਾਮ ਪ੍ਰਤੀ ਸਮੁੱਚੇ ਪ੍ਰਭਾਵ ਦੱਸੇ। ਉਹਨਾਂ ਨੇ ਕਿਹਾ ਕਿ ਪ੍ਰੋ. ਕੁਲਜੀਤ ਕੌਰ ਪੂਰੀ ਤਿਆਰੀ ਕਰਕੇ ਆਉਂਦੇ ਹਨ, ਬਹੁਤ ਮਿਹਨਤ ਕਰਦੇ ਹਨ ਤੇ ਬਹੁਤ ਘੱਟ ਸ਼ਬਦਾਂ ਵਿੱਚ ਡੂੰਘੀ ਗੱਲ ਕਰਦੇ ਹਨ। ਉਹਨਾਂ ਨੇ ਕਿਹਾ ਡਾ . ਸਰਬਜੀਤ ਸਿੰਘ ਦੀਆਂ ਗੱਲਾਂ ਸੁਣ ਕੇ ਇਹ ਮਹਿਸੂਸ ਹੋਇਆ ਕਿ ਉਹ ਬਹੁਤ ਸੱਚੇ ਸੁੱਚੇ ਇਨਸਾਨ ਲੱਗੇ ਹਨ। ਉਹਨਾਂ ਆਪਣੇ ਘਰ ਪਰਿਵਾਰ ਤੇ ਆਪਣੇ ਪਿਤਾ ਜੀ ਤੋਂ ਬਹੁਤ ਕੁਝ ਸਿੱਖਿਆ। ਉਹਨਾਂ ਕਿਹਾ ਕਿ ਡਾ. ਸਾਹਬ ਲਗਾਤਾਰਤਾ ਵਿਚ ਕੰਮ ਕਰ ਰਹੇ ਹਨ। ਇਨਾਮਾਂ ਬਾਰੇ ਡਾ. ਸਾਹਬ ਦਾ ਕਹਿਣਾ ਸੀ ਕਿ ਉਹ ਯੋਗ ਵਿਅਕਤੀਆਂ ਨੂੰ ਦੇਣੇ ਚਾਹੀਦੇ ਹਨ।
ਸਮੱਚੇ ਰੂਪ ਅੱਜ ਦਾ ਇਹ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਪ੍ਰੋ. ਕੁਲਜੀਤ ਦੀ ਮਿਹਨਤ ਨਾਲ ਰੂਬਰੂ ਸ਼ਖ਼ਸੀਅਤ ਦਾ ਅੰਦਰੂਨੀ ਆਪਾ ਸਰੋਤਿਆਂ ਸਾਹਮਣੇ ਉਜਾਗਰ ਹੋ ਜਾਂਦਾ ਹੈ। ਸਚਮੁੱਚ ਅਜਿਹੀ ਸ਼ਖ਼ਸੀਅਤ ਜੋ ਹੱਕ ਸੱਚ ਤੇ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਵਾਲੀ ਹੈ ਦੇ ਹੱਥ ਵਿੱਚ ਸਾਹਿਤ ਅਕਾਦਮੀ ਦੀ ਡੋਰ ਹੈ, ਸਾਹਿਤਕਾਰਾਂ ਲਈ ਮਾਣ ਵਾਲੀ ਗੱਲ ਹੈ। ਚੇਅਰਮੈਨ ਸ. ਪਿਆਰਾ ਸਿੰਘ ਕੁੱਦੋਵਾਲ ਨੇ ਅੰਤ ਵਿੱਚ ਆਏ ਹੋਏ ਸੱਭ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਹਮੇਸ਼ਾਂ ਵਾਂਗ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰੋਗਰਾਮ ਨੂੰ ਸਮਅੱਪ ਕੀਤਾ। ਇਸ ਪ੍ਰੋਗਰਾਮ ਨੂੰ ਫੇਸਬੁੱਕ ਲਾਈਵ ਤੇ ਜ਼ੂਮ ਮਾਧਿਅਮ ਨਾਲ ਸਰੋਤਿਆਂ ਨੇ ਮਾਣਿਆ । ਸਮੁੱਚੀ ਪੇਸ਼ਕਾਰੀ ਲਈ ਰਮਿੰਦਰ ਵਾਲੀਆ, ਪ੍ਰੋ. ਕੁਲਜੀਤ ਤੇ ਪ੍ਰਬੰਧਕੀ ਟੀਮ ਵਧਾਈ ਦੀ ਪਾਤਰ ਹੈ।
ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਤੇ ਨਿੱਠ ਕੇ ਪ੍ਰੋਗਰਾਮ ਨੂੰ ਸੁਣਿਆ। ਧੰਨਵਾਦ ਸਹਿਤ। ਇਹ ਰਿਪੋਰਟ ਡਾ . ਪੁਸ਼ਵਿੰਦਰ ਕੌਰ ਖੋਖਰ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
ਰਮਿੰਦਰ ਰੰਮੀ ਫ਼ਾਊਂਡਰ ਪ੍ਰਧਾਨ ਤੇ ਪ੍ਰਬੰਧਕ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

