ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ-ਮੁਕਤ ਅਧਿਕਾਰੀਆਂ ਦੀ ਸਰਗਰਮ ਸੰਸਥਾ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ ਇੱਥੋਂ 120 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਮਿਡਲੈਂਡ ਵਿਖੇ ਬੱਸਾਂ ਰਾਹੀਂ ਪਹੁੰਚ ਕੇ ਉੱਥੋਂ ਕਰੂਜ਼ ਰਾਹੀਂ ਲੇਕ ਵਿੱਚ ਚੱਲਦਿਆਂ ਵੱਖ-ਵੱਖ ਆਈਲੈਂਡਜ਼ ਦੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਿਆਂ। ਕਲੱਬ ਦੇ ਇਸ ਟੂਰ ਵਿੱਚ ਇਸਦੇ 110 ਮੈਂਬਰ ਬੜੇ ਚਾਅ ਤੇ ਉਤਸ਼ਾਹ ਨਾਲ ਸ਼ਾਮਲ ਹੋਏ।
ਇਸ ਟੂਰ ਲਈ ਮਿਡਲੈਂਡ ਪਹੁੰਚਣ ਲਈ ਪ੍ਰਬੰਧਕੀ ਟੀਮ ਦੇ ਮੈਂਬਰਾਂ ਗੁਰਚਰਨ ਸਿੰਘ ਖੱਖ, ਹਰਚਰਨ ਸਿੰਘ, ਗਿਆਨ ਪਾਲ, ਮਨਜੀਤ ਸਿੰਘ ਗਿੱਲ ਵੱਲੋਂ ਚਾਰਟਰਡ ਬੱਸਾਂ ਦਾ ਅਗਾਊਂ ਪ੍ਰਬੰਧ ਕੀਤਾ ਹੋਇਆ ਸੀ ਜੋ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਦੀ ਪਾਰਕਿੰਗ ਵਿੱਚ ਪਹੁੰਚ ਗਈਆਂ।
ਇਨ੍ਹਾਂ ਵਿੱਚ ਸਵਾਰ ਹੋ ਕੇ ਕਲੱਬ ਦੇ ਮੈਂਬਰਾਂ ਨੇ ਸਵੇਰੇ 9.30 ਵਜੇ ਮਿਡਲੈਂਡ ਸ਼ਹਿਰ ਵੱਲ ਰਵਾਨਗੀ ਪਾਈ। ਰਸਤੇ ਵਿੱਚ ਤਰੋ-ਤਾਜ਼ਗੀ ਲਈ ‘ਔਨਰੂਟ’ ਬੈਰੀ ਵਿਖੇ ਚਾਹ/ਕੌਫ਼ੀ ਤੇ ਸਨੈਕਸ ਲਈ ਅੱਧੇ ਕੁ ਘੰਟੇ ਦਾ ਪੜਾਅ ਕੀਤਾ ਗਿਆ।
ਬਾਰਾਂ ਕੁ ਵਜੇ ਮਿਡਲੈਂਡ ਆਈਲੈਂਡਜ਼ ਲੇਕ ਦੀ ‘ਡੌਕ’ ਉਤੇ ਪਹੁੰਚੇ ਜਿੱਥੋਂ ‘ਜੌਰਜੀਅਨ ਸਪਿਰਿਟ ਕਰੂਜ਼’ ਉਤੇ ਸਵਾਰ ਹੋ ਕੇ ਅੱਗੋਂ ਸਮੁੰਦਰ-ਰੂਪੀ ਇਸ ਲੇਕ ਦੇ ਡੂੰਘੇ ਪਾਣੀ ਵਿਚ ਠਿੱਲਣਾ ਸੀ। ਕਲੱਬ ਦੇ ਪ੍ਰਬੰਧਕਾਂ ਵੱਲੋਂ ਕਰੂਜ਼ ਦੀਆਂ ਟਿਕਟਾਂ ਪਹਿਲਾਂ ਹੀ ਬੁੱਕ ਕਰਵਾਈਆਂ ਗਈਆਂ ਸਨ ਅਤੇ ਕਰੂਜ਼ ਦੇ ਚੱਲਣ ਦਾ ਸਮਾਂ ਬਾਅਦ ਦੁਪਹਿਰ 2.30 ਵਜੇ ਦਾ ਸੀ। ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਮੈਂਬਰਾਂ ਨੂੰ ਗਰਮ-ਗਰਮ ਤਾਜ਼ੇ ਪੀਜ਼ੇ ਅਤੇ ਕੋਲਡ ਡਰਿੰਕਸ ਨਾਲ ਲੰਚ ਕਰਵਾਇਆ ਗਿਆ। ਉਪਰੰਤ, ਸਾਰੇ ਮੈਂਬਰ ਕਰੂਜ਼ ਵਿਚ ਸਵਾਰ ਹੋ ਗਏ।
ਜਹਾਜ਼ ਦੇ ਚੱਲਣ ਤੋਂ ਪਹਿਲਾਂ ਉਸਦੇ ਕੈਪਟਨ ਨੇ ਉਸ ਰੂਟ ਵਿੱਚ ਵੇਖਣ ਵਾਲੀਆਂ ਮਹੱਤਵਪੂਰਨ ਥਾਵਾਂ ਬਾਰੇ ਸੰਖੇਪ ਵਿੱਚ ਦੱਸਿਆ। ਮੌਸਮ ਬੜਾ ਸੁਹਾਵਣਾ ਸੀ। ਹਲਕੀ ਜਿਹੀ ਠੰਢੀ ਹਵਾ ਚੱਲ ਰਹੀ ਸੀ ਤੇ ਨਾਲ ਹੀ ਨਿੱਕੀ-ਨਿੱਕੀ ਭੂਰ ਪੈ ਰਹੀ ਸੀ ਜੋ ਇਸ ਦੀ ਖ਼ੂਬਸੂਰਤੀ ਵਿੱਚ ਹੋਰ ਵੀ ਵਾਧਾ ਕਰ ਰਹੀ ਸੀ। ਇਸ ਖ਼ੁਸ਼ਗਵਾਰ ਮੌਸਮ ਨੇ ਬਰਜਿੰਦਰ ਸਿੰਘ ਮਰਵਾਹਾ ਤੇ ਜੋਗਿੰਦਰ ਕੌਰ ਮਰਵਾਹਾ ਜੋੜੀ ਦੀ ਅਗਵਾਈ ਵਿੱਚ ਮੈਂਬਰਾਂ ਨੂੰ ਝੂੰਮਣ ਲਗਾ ਦਿੱਤਾ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਪੰਜਾਬੀ ਭੰਗੜੇ ਦੀ ਤਾਲ ‘ਤੇ ਚੱਲ ਰਹੇ ਪੰਜਾਬੀ ਗਾਣਿਆਂ ਉੱਪਰ ਭੰਗੜਾ ਪਾਉਣ ਲਈ ਮਜਬੂਰ ਹੋ ਗਏ। ਉਨ੍ਹਾਂ ਨੂੰ ਨੱਚਦੇ ਵੇਖ ਕੇ ਕਰੂਜ਼ ਦੇ ਕਈ ਹੋਰ ਯਾਤਰੀ ਜੋ ਭੰਗੜਾ ਪਾਉਣਾ ਨਹੀਂ ਵੀ ਜਾਣਦੇ ਸਨ, ਉਨ੍ਹਾਂ ਵਿੱਚ ਸ਼ਾਮਲ ਹੋ ਗਏ। ਦਰਅਸਲ, ਪੰਜਾਬੀ ਭੰਗੜੇ ਦੀ ‘ਬੀਟ’ ਹੀ ਐਸੀ ਹੈ ਜਿਸ ‘ਤੇ ਹਰੇਕ ਦੀ ਅੱਡੀ ਆਪਣੇ ਆਪ ਉੱਠ ਪੈਂਦੀ ਹੈ ਤੇ ”ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ” ਵਾਲੀ ਕਹਾਵਤ ਸੱਚੀ ਸਾਬਤ ਹੋ ਜਾਂਦੀ ਹੈ।
ਨੱਚਦਿਆਂ-ਗਾਉਂਦਿਆਂ, ਰਸਤੇ ਵਿਚ ਕੁਦਰਤੀ ਨਜ਼ਾਰਿਆਂ ਨੂੰ ਮਾਣਦਿਆਂ ਅਤੇ ਇਸ ਦੌਰਾਨ ਗਰਮ-ਗਰਮ ਚਾਹ ਤੇ ਕੌਫ਼ੀ ਦੀਆਂ ਚੁਸਕੀਆਂ ਭਰਦਿਆਂ ਤਿੰਨ ਘੰਟੇ ਦੇ ਇਸ ਰੂਟ ਦਾ ਸਮਾਂ ਜਿਵੇਂ ਕੁਝ ਕੁ ਮਿੰਟਾਂ ਵਿੱਚ ਬਦਲ ਗਿਆ ਹੋਵੇ, ਕਿਸੇ ਨੂੰ ਵੀ ਪਤਾ ਹੀ ਨਾ ਲੱਗਿਆ। ਰਾਹ ਵਿੱਚ ਕਈ ਛੋਟੇ-ਵੱਡੇ ਜਜ਼ੀਰੇ (ਆਈਲੈਂਡ) ਆਏ ਜਿਨ੍ਹਾਂ ਉੱਪਰ ਛੋਟੇ-ਛੋਟੇ ਪਿੰਡ ਵੱਸੇ ਹੋਏ ਸਨ। ਉਨ੍ਹਾਂ ਵਿੱਚ ਵੱਸਦੇ ਲੋਕਾਂ ਨੇ ਆਪਣੀਆਂ ਮੋਟਰ-ਕਿਸ਼ਤੀਆਂ ਰੱਖੀਆਂ ਹੋਈਆਂ ਸਨ ਜਿਨ੍ਹਾਂ ਨਾਲ ਉਹ ਬਾਹਰ ਮਿਡਲੈਂਡ ਸ਼ਹਿਰ ਨੂੰ ਜਾਂਦੇ ਆਉਂਦੇ ਹੋਣਗੇ।
ਇਸ ਦੌਰਾਨ ਜਹਾਜ਼ ਦੇ ਕੈਪਟਨ ਨੇ ਕੁਝ ਮੈਂਬਰਾਂ ਨੂੰ ਕੈਬਿਨ ਦੇ ਅੰਦਰ ਆਉਣ ਦਾ ਸੱਦਾ ਦਿੱਤਾ ਤਾਂ ਜੋ ਉਹ ਪਾਣੀ ਵਿੱਚ ਚੱਲ ਰਹੇ ਜਹਾਜ਼ ਦੇ ਚੱਲਣ ਨੂੰ ਹੋਰ ਨੇੜਿਓਂ ਹੋ ਕੇ ਮਹਿਸੂਸ ਕਰ ਸਕਣ ਤੇ ਇਹ ਉਨ੍ਹਾਂ ਦੇ ਲਈ ਕਿਸੇ ਨਵੇਂ ਤਜਰਬੇ ਤੋਂ ਘੱਟ ਨਹੀਂ ਸੀ। ਕਲੱਬ ਦੇ ਮੈਂਬਰਾਂ ਵੱਲੋਂ ਵੱਖ-ਵੱਖ ਜਜ਼ੀਰਿਆਂ ਅਤੇ ਹੋਰ ਖ਼ੂਬਸੂਰਤ ਕੁਦਰਤੀ ਨਜ਼ਾਰਿਆਂ ਨੂੰ ਆਪਣੇ ਸੈੱਲ-ਕੈਮਰਿਆਂ ਵਿੱਚ ਕੈਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਦੀਵੀ ਯਾਦ ਵਜੋਂ ਸਾਂਭਣ ਦੀ ਕੋਸ਼ਿਸ਼ ਕੀਤੀ ਗਈ।
ਲੇਕ ਦੇ ਪਾਣੀ ਵਿੱਚ ਤਿੰਨ ਘੰਟਿਆਂ ਦਾ ਲੰਮਾ ਗੇੜਾ ਲਗਾ ਕੇ ਜਹਾਜ਼ ਲੱਗਭੱਗ 5.30 ਵਜੇ ਵਾਪਸ ਆਪਣੇ ਟਿਕਾਣੇ ‘ਤੇ ਪਹੁੰਚਾ। ਸਾਰੇ ਮੈਂਬਰ ਖ਼ੁਸ਼ੀ ਭਰੇ ਉਲਹਾਸ ਵਿੱਚ ਖੀਵੇ ਹੋਏ ਪਏ ਦਿਖਾਈ ਦੇ ਰਹੇ ਸਨ ਅਤੇ ਇਹ ਖ਼ੁਸ਼ੀ ਉਨ੍ਹਾਂ ਦੇ ਚਿਹਰਿਆਂ ‘ਤੇ ਸਾਫ਼ ਝਲਕ ਰਹੀ ਸੀ।
ਵਾਪਸੀ ‘ਤੇ ਹਾਈਵੇਅ 400 ਦੇ ‘ਔਨਰੂਟ’ ਉਤੇ ਬੱਸਾਂ ਨੂੰ ਖੜ੍ਹਾ ਕੇ ਚਾਹ ਤੇ ਕੌਫ਼ੀ ਨਾਲ ਕੁੱਕੀਆ ਤੇ ਪੈਟੀਆਂ ਦੇ ਸਨੈਕਸ ਨਾਲ ਮੈਂਬਰਾਂ ਨੂੰ ਮੁੜ ਤਾਜ਼ਾ-ਦਮ ਕੀਤਾ ਗਿਆ। ਸ਼ਾਮ ਨੂੰ ਅੱਠ ਵਜੇ ਦੇ ਕਰੀਬ ਬੱਸਾਂ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਦੀ ਪਾਰਕਿੰਗ ਵਿੱਚ ਪਹੁੰਚੀਆਂ ਜਿੱਥੋਂ ਮੈਂਬਰ ਆਪਣੇ ਘਰਾਂ ਨੂੰ ਰਵਾਨਾ ਹੋਏ। ਕਰੂਜ਼ ਦੇ ਇਸ ਮਨਮੋਹਕ ਟੂਰ ਦੀ ਯਾਦ ਕਲੱਬ ਦੇ ਮੈਂਬਰਾਂ ਦੇ ਮਨਾਂ ਵਿਚ ਲੰਮਾਂ ਸਮਾਂ ਬਣੀ ਰਹੇਗੀ।







