14.7 C
Toronto
Friday, September 11, 2026
spot_img
Homeਕੈਨੇਡਾਬਲੱਡ ਸ਼ੂਗਰ ਬਾਰੇ ਜਾਗਰੂਕਤਾ ਤੇ ਗਿੱਧੇ ਦੀ ਧਮਾਲ

ਬਲੱਡ ਸ਼ੂਗਰ ਬਾਰੇ ਜਾਗਰੂਕਤਾ ਤੇ ਗਿੱਧੇ ਦੀ ਧਮਾਲ

‘ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ’ ਨੇ ਸਿਹਤ ਸਬੰਧੀ ਜਾਗਰੂਕਤਾ ਨੂੰ ਕਮਿਊਨਿਟੀ ਦੀ ਅੰਤਰੀਵ ਭਾਵਨਾ ਨਾਲ ਜੋੜਿਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਸਤੰਬਰ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਦੇ ਮੈਂਬਰਾਂ ਵੱਲੋਂ ਸਿਹਤ ਸਬੰਧੀ ‘ਸੀਨੀਅਰਜ਼ ਵਿੱਚ ਡਾਇਬਟੀਜ਼’ ਵਿਸ਼ੇ ‘ਤੇ ਸਥਾਨਕ ਪਾਲ ਪਲੈਸ਼ੀ ਕਮਿਊਨਿਟੀ ਸੈਂਟਰ ਵਿੱਚ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਰਟੀਫਾਈਡ ਡਾਇਬਟੀਜ਼ ਸ਼ੂਗਰ ਐਜੂਕੇਟਰ ਨੇਹਾ ਕੌਸ਼ਲ ਵੱਲੋਂ ਬਲੱਡ ਸ਼ੂਗਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸੈਮੀਨਾਰ ਲਈ ਕਲੱਬ ਨੂੰ ਬਰੈਂਪਟਨ ਸਿਟੀ ਵੱਲੋਂ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ। ਕਲੱਬ ਦੇ 125 ਮੈਂਬਰਾਂ ਨੇ ਬਲੱਡ ਸ਼ੂਗਰ ਸਬੰਧੀ ਇਸ ਜਾਣਕਾਰੀ ਦਾ ਭਰਪੂਰ ਲਾਭ ਉਠਾਇਆ।
ਕਲੱਬ ਦੇ ਮੈਂਬਰਾਂ ਤੇ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਕਲੱਬ ਦੇ ਚੇਅਰਪਰਸਨ ਗਿਅਨ ਪਾਲ ਨੇ ਕਿਹਾ, ”ਸੀਨੀਅਰਾਂ ਦੀ ਚੰਗੀ ਸਿਹਤ ਤੋਂ ਭਾਵ ਉਨ੍ਹਾਂ ਲਈ ਵਧੇਰੇ ਅਜ਼ਾਦੀ, ਆਤਮ-ਨਿਰਭਰਤਾ, ਆਤਮ-ਵਿਸ਼ਵਾਸ ਅਤੇ ਚੰਗੇਰੀ ਜੀਵਨ-ਜਾਚ ਹੈ। ਲੋਕਾਂ ਨੂੰ ਸਮਾਜਿਕ ਤੌਰ ‘ਤੇ ਇਕੱਠੇ ਕਰਨਾ ਮਹੱਤਵਪੂਰਨ ਹੈ, ਪਰ ਇਸਦੇ ਨਾਲ ਹੀ ਉਨ੍ਹਾਂ ਨੂੰ ਲੋੜੀਂਦਾ ਗਿਆਨ ਪ੍ਰਦਾਨ ਕਰਨਾ ਅਜਿਹੇ ਇਕੱਠਾਂ ਦੀ ਮਹੱਤਤਾ ਵਿੱਚ ਹੋਰ ਵੀ ਵਾਧਾ ਕਰਦਾ ਹੈ।”
ਉਨ੍ਹਾਂ ਕਿਹਾ ਕਿ ਦੁਨੀਆਂ-ਭਰ ਵਿੱਚ ਅੱਜਕੱਲ੍ਹ ਸ਼ੂਗਰ ਦੀ ਬੀਮਾਰੀ ਬਹੁਤ ਵੱਧ ਗਈ ਹੈ ਅਤੇ ਸਾਡੇ ਸੀਨੀਅਰ ਇਸ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ। ਇਸਦੇ ਬਚਾਅ ਲਈ ਸੰਤੁਲਿਤ ਭੋਜਨ, ਲੋੜੀਂਦੀ ਵਰਜਿਸ਼, ਮੈਡੀਟੇਸ਼ਨ, ਆਦਿ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਇਸ ਬੀਮਾਰੀ ਤੋਂ ਕਾਫ਼ੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਨੇਹਾ ਕੌਸ਼ਲ ਨੂੰ ਬਲੱਡ ਸ਼ੂਗਰ ਅਤੇ ਇਸਦੇ ਬਚਾਅ ਬਾਰੇ ਗੱਲ ਕਰਨ ਲਈ ਬੇਨਤੀ ਕੀਤੀ ਗਈ।
ਨੇਹਾ ਕੌਸ਼ਲ ਨੇ ਇਸਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਟਰਮ ‘ਡਾਇਬਟੀਜ਼’ ਦੇ ਬਾਰੇ ਅੱਜਕੱਲ੍ਹ ਹਰੇਕ ਚੇਤੰਨ ਵਿਅੱਕਤੀ ਨੂੰ ਜਾਣਕਾਰੀ ਹੈ, ਕਿਉਂਕਿ ਇਹ ਬੀਮਾਰੀ ਹੁਣ ਲੱਗਭੱਗ ਹਰੇਕ ਉਮਰ-ਵਰਗ ਵਿੱਚ ਹੀ ਬੜੀ ਆਮ ਹੋ ਗਈ ਹੈ ਪਰ ਸਾਡੇ ਸੀਨੀਅਰਜ਼ ਇਸ ਨਾਲ ਸੱਭ ਤੋਂ ਵਧੇਰੇ ਪੀੜਤ ਹਨ। ਡਾਇਬਟੀਜ਼ ਦੇ ਵਿੱਚ ਰਿਸਕ ਫ਼ੈਕਟਰ, ਬਲੱਡ ਗੁਲੂਕੋਜ਼ ਮੈਨੇਜਮੈਂਟ, ਖ਼ੁਰਾਕ, ਪੋਰਸ਼ਨ ਕੰਟਰੋਲ, ਵਰਜਿਸ਼, ਵਗ਼ੈਰਾ ਸੱਭ ਕੁਝ ਆ ਜਾਂਦਾ ਹੈ। ਉਨ੍ਹਾਂ ਨੇ ਇਨ੍ਹਾਂ ਸਾਰੇ ਲਘੂ-ਵਿਸ਼ਿਆਂ ਬਾਰੇ ਸੰਖੇਪ ਵਿੱਚ ਦੱਸਿਆ। ਇਸ ਦੌਰਾਨ ਸੱਭ ਤੋਂ ਰੌਚਕ ਜਾਣਕਾਰੀ ਪੰਜਾਬੀ ਅਤੇ ਸਾਊਥ ਇੰਡੀਅਨ ਖਾਣਿਆਂ ਬਾਰੇ ਸੀ ਕਿ ਕਿਵੇਂ ਇਨ੍ਹਾਂ ਵਿੱਚ ਮਸਾਲਿਆਂ ਦੀ ਵੰਨਗੀ ਤੇ ਉਨ੍ਹਾਂ ਦੀ ਮਾਤਰਾ ਅਤੇ ਖਾਣਾ ਬਨਾਉਣ ਦੇ ਤਰੀਕਿਆਂ ਨੂੰ ਸਹੀ ਰੱਖ ਕੇ ਇਨ੍ਹਾਂ ਨੂੰ ਵਧੇਰੇ ਗੁਣਕਾਰੀ ਬਣਾਇਆ ਜਾ ਸਕਦਾ ਹੈ ਅਤੇ ਡਾਇਬਟੀਜ਼ ਦੇ ਖ਼ਤਰੇ ਤੋਂ ਪਰੇ ਰੱਖਿਆ ਜਾ ਸਕਦਾ ਹੈ।
ਇਸਦੇ ਨਾਲ ਹੀ ਉਨ੍ਹਾਂ ਵੱਲੋਂ ਸਰੀਰਕ ਵਰਜਿਸ਼ ਅਤੇ ਮਾਨਸਿਕ ਤੰਦਰੁਸਤੀ ਲਈ ਮੈਡੀਟੇਸ਼ਨ ਬਾਰੇ ਵੀ ਭਰਪੂਰ ਰੌਸ਼ਨੀ ਪਾਈ ਗਈ। ਉਪਰੰਤ, ਸੁਆਲ-ਜੁਆਬ ਸੈਸ਼ਨ ਵਿੱਚ ਗੁਰਵਿੰਦਰ ਲਾਂਬਾ, ਹਰਸਿਮਰਤ ਪੈਂਫ਼ਰ ਅਤੇ ਇਕਬਾਲ ਆਹਲੂਵਾਲੀਆ ਵੱਲੋਂ ਉਨ੍ਹਾਂ ਨੂੰ ਇਸ ਸਬੰਧੀ ਸੁਆਲ ਕੀਤੇ ਗਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਤਸੱਲੀਪੂਰਵਕ ਦਿੱਤੇ ਗਏ।
ਇਸ ਜਾਗਰੂਕਤਾ ਸੈਸ਼ਨ ਤੋਂ ਬਾਅਦ ਹਾਸੇ-ਠੱਠੇ, ਚੁਟਕਲਿਆਂ, ਮਖ਼ੌਲ, ਨੱਚਣ, ਗਾਉਣ ਤੇ ਗਿੱਧੇ ਦਾ ਸੈਸ਼ਨ ਸ਼ੁਰੂ ਹੋ ਗਿਆ। ਪ੍ਰੰਪਰਿਕ ਪੰਜਾਬੀ ਲੋਕ-ਨਾਚ ਗਿੱਧੇ ਦੀ ਇਸ ਸੈਸ਼ਨ ਵਿੱਚ ਪ੍ਰਧਾਨਤਾ ਰਹੀ। ਇਸ ਦੌਰਾਨ ਪਾਈਆਂ ਗਈਆਂ ਬੋਲੀਆਂ ਦੀ ਸੁਰ-ਤਾਲ ਅਤੇ ਪੈਰਾਂ ਦੀ ਥਿਰਕਣ ਨੇ ਮੈਂਬਰਾਂ ਦਾ ਵਿਸ਼ੇਸ਼ ਧਿਆਨ ਖਿੱਚਿਆ। ਪੰਜਾਬੀ ਸੱਭਿਆਚਾਰ ਦੇ ਇਹ ਅੰਗ ਗਿੱਧਾ ਅਤੇ ਭੰਗੜਾ ਪੰਜਾਬੀਆਂ ਨੂੰ ਖ਼ਾਸ ਕਿਸਮ ਦੀ ਊਰਜਾ ਅਤੇ ਤਾਜ਼ਗੀ ਬਖ਼ਸ਼ਦੇ ਹਨ। ਹੁਣ ਤਾਂ ਹੋਰ ਕਮਿਊਨਿਟੀਆਂ ਵੀ ਇਨ੍ਹਾਂ ਦਾ ਖ਼ੂਬ ਅਨੰਦ ਮਾਣ ਰਹੀਆਂ ਹਨ। ਇਸ ਦੌਰਾਨ ਕਲੱਬ ਮੈਂਬਰਾਂ ਦੇ ਇਸ ਮਹੀਨੇ ਵਿੱਚ ਆਏ ਜਨਮ-ਦਿਨ ਕੇਕ ਕੱਟ ਕੇ ਮਨਾਏ ਗਏ ਅਤੇ ਸਮੂਹ ਕਲੱਬ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਜਨਮ-ਦਿਨ ਦੀ ਮੁਬਾਰਕਬਾਦ ਦਿੱਤੀ ਗਈ।
ਕਲੱਬ ਦੀ ਪ੍ਰਧਾਨ ਜਸਵਿੰਦਰ ਦੈਂਦ ਵੱਲੋਂ ਨੇਹਾ ਕੌਸ਼ਲ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀ ਇਸ ਕਲੱਬ ਦਾ ਮੁੱਖ-ਮਕਸਦ ਆਪਣੇ ਮੈਂਬਰਾਂ ਨੂੰ ਇਕੱਠੇ ਬਿਠਾਉਣਾ, ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨਾ ਅਤੇ ਉਨ੍ਹਾਂ ਦੀ ਸਿਹਤ ਦਾ ਖ਼ਿਆਲ ਰੱਖਣਾ ਹੈ ਜਿਸ ਵਿੱਚ ਅਸੀਂ ਪੂਰੇ ਕਾਮਯਾਬ ਹੋ ਰਹੇ ਹਾਂ।
ਅਖ਼ੀਰ ਵਿੱਚ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਸੈਮੀਨਾਰ ਦੇ ਮੁੱਖ-ਬੁਲਾਰੇ ਨੇਹਾ ਕੌਸ਼ਲ ਅਤੇ ਹੋਰ ਬੁਲਾਰਿਆਂ, ਕਾਰਜਕਾਰਨੀ ਦੇ ਮੈਂਬਰਾਂ ਅਤੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਬਰੈਂਪਟਨ ਸਿਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਸਦੇ ਸਹਿਯੋਗ ਨਾਲ ਡਾਇਬਟੀਜ਼ ਸਬੰਧੀ ਜਾਗਰੂਕਤਾ ਦਾ ਇਹ ਸੈਮੀਨਾਰ ਆਯੋਜਿਤ ਕੀਤਾ ਗਿਆ।

 

 

RELATED ARTICLES
POPULAR POSTS