11.2 C
Toronto
Friday, November 6, 2026
spot_img
Homeਕੈਨੇਡਾ'ਹੈਮਿਲਟਨ ਮੈਰਾਥਨ ਰੋਡ 2 ਹੋਪ' ਈਵੈਂਟ 'ਚ ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕਾਂ...

‘ਹੈਮਿਲਟਨ ਮੈਰਾਥਨ ਰੋਡ 2 ਹੋਪ’ ਈਵੈਂਟ ‘ਚ ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕਾਂ ਜੱਸੀ ਧਾਲੀਵਾਲ ਤੇ ਕਰਮਜੀਤ ਖੰਗੂੜਾ ਦਾ ਸ਼ਾਨਦਾਰ ਪ੍ਰਦਰਸ਼ਨ

ਬਰੈਂਪਟਨ/ਡਾ. ਝੰਡ
ਲੰਘੇ ਐਤਵਾਰ 1 ਨਵੰਬਰ ਨੂੰ ਹੈਮਿਲਟਨ ਵਿੱਚ ਹੋਏ ‘ਹੈਮਿਲਟਨ ਮੈਰਾਥਨ ਰੋਡ 2 ਹੋਪ’ ਈਵੈਂਟ ਵਿੱਚ ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕਾਂ ਜਸਵਿੰਦਰ ਜੱਸੀ ਧਾਲੀਵਾਲ ਅਤੇ ਕਰਮਜੀਤ ਖੰਗੂੜਾ ਵੱਲੋਂ ਇਸ ਫੁੱਲ-ਮੈਰਾਥਨ ਦੌੜ ਵਿੱਚ ਸ਼ਾਨਦਾਰ ਮੁਜ਼ਾਹਿਰਾ ਕੀਤਾ ਗਿਆ। ਸਵੇਰੇ 8.00 ਵਜੇ ਆਰੰਭ ਹੋਈ ਇਹ 42.2 ਕਿਲੋਮੀਟਰ ਦੌੜ ਜੱਸੀ ਧਾਲੀਵਾਲ ਨੇ 3 ਘੰਟੇ 47 ਮਿੰਟ 9 ਸਕਿੰਟ ਵਿੱਚ ਸਫ਼ਲਤਾ ਪੂਰਵਕ ਸੰਪੰਨ ਕਰਦਿਆਂ ਹੋਇਆਂ ਸਤੰਬਰ ਮਹੀਨੇ ਹੋਈ ਜੌਰਜਿਨਾ ਮੈਰਾਥਨ ਵਿੱਚ ਆਪਣੇ 3 ਘੰਟੇ 48 ਮਿੰਟ 14 ਸਕਿੰਟ ਦੇ ਰਿਕਾਰਡ ਵਿੱਚ ਸੁਧਾਰ ਕੀਤਾ, ਜਦਕਿ ਉਸਦੇ ਨਾਲ ਦੌੜਦਿਆਂ ਹੋਇਆਂ ਕਰਮਜੀਤ ਸਿੰਘ ਖੰਗੂੜਾ ਵੱਲੋਂ ਇਹ ਦੌੜ 3 ਘੰਟੇ 49 ਮਿੰਟ 39 ਸਕਿੰਟ ਵਿੱਚ ਪੂਰੀ ਕੀਤੀ ਗਈ।
ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜੱਸੀ ਧਾਲੀਵਾਲ ਨੇ ਦੱਸਿਆ ਕਿ 42.2 ਕਿਲੋਮੀਟਰ ਲੰਮੀ ਇਸ ਦੌੜ ਦੇ ਆਖ਼ਰੀ ਪੜਾਅ ਵਿਚ ਕੁਝ ਕੁ ਕਿਲੋਮੀਟਰ ਰਹਿੰਦਿਆਂ ਉਹ ਕੁਝ ਥਕਾਵਟ ਮਹਿਸੂਸ ਕਰ ਰਿਹਾ ਸੀ, ਪਰ ਫਿਰ ਆਪਣੇ ਸਰੀਰ ਨੂੰ ਛੰਡਦਿਆਂ ਹੋਇਆਂ ਉਸ ਨੇ ਪੂਰਾ ਜ਼ੋਰ ਲਗਾ ਕੇ ਇਹ ਦੌੜ ਪੂਰੀ ਕੀਤੀ ਅਤੇ ਉਹ ‘ਜੌਰਜਿਨਾ ਮੈਰਾਥਨ’ ਦੌੜ ਦੇ ਆਪਣੇ ਪਿਛਲੇ ਰਿਕਾਰਡ ਦੇ ਸਮੇਂ ਨੂੰ ਘਟਾਉਣ ਵਿੱਚ ਸਫ਼ਲ ਹੋਇਆ। ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵੱਲੋਂ ਇਨ੍ਹਾਂ ਦੋਹਾਂ ਮੈਰਾਥਨ ਦੌੜਾਕਾਂ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਹਾਰਦਿਕ ਮੁਬਾਰਕਬਾਦ ਦਿੱਤੀ ਗਈ।
ਇਸ ਦਿਨ 21 ਕਿਲੋਮੀਟਰ ਹਾਫ਼-ਮੈਰਾਥਨ ਦੌੜ ਵੀ ਹੋਈ ਅਤੇ ਇਸ ਤੋਂ ਇੱਕ ਦਿਨ ਪਹਿਲਾਂ ਦੌੜਾਂ ਦੇ ਇਸ ਦੋ ਦਿਨਾਂ ਈਵੈਂਟ ਵਿੱਚ ਸ਼ਨੀਵਾਰ 31 ਅਕਤੂਬਰ ਨੂੰ ਬੱਚਿਆਂ ਲਈ 1 ਕਿਲੋਮੀਟਰ ‘ਫ਼ੰਨ ਰਨ’ ਅਤੇ ਹੋਰ ਦੌੜਾਕਾਂ ਲਈ 5 ਕਿਲੋਮੀਟਰ ਤੇ 10 ਕਿਲੋਮੀਟਰ ਦੌੜਾਂ ਕਰਵਾਈਆਂ ਗਈਆਂ। ਇਨ੍ਹਾਂ ਸਾਰੀਆਂ ਦੌੜਾਂ ਵਿੱਚ ਪਹਿਲੇ ਤੇ ਦੂਸਰੇ ਸਥਾਨ ‘ਤੇ ਆਉਣ ਵਾਲਿਆਂ ਨੂੰ ਸ਼ਾਨਦਾਰ ਟਰਾਫ਼ੀਆਂ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।
ਇੱਥੇ ਇਹ ਜ਼ਿਕਰਯੋਗ ਹੈ ਕਿ ਦੌੜਾਂ ਦਾ ਇਹ ਦਿਲਚਸਪ ਚੈਰਿਟੀ ਈਵੈਂਟ ‘ਹੈਮਿਲਟਨ ਮੈਰਾਥਨ ਰੋਡ 2 ਹੋਪ’ ਦੇ ਨਾਂ ਹੇਠ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦੌੜਾਕ ਇਸ ਵਿੱਚ ਹਿੱਸਾ ਲੈਂਦੇ ਹਨ। ਈਵੈਂਟ ਦੇ ਪ੍ਰਬੰਧਕਾਂ ਅਨੁਸਾਰ ਇਸ ਸਾਲ ਇਸ ਚੈਰਿਟੀ ਲਈ 1,32,000 ਡਾਲਰ ਦੀ ਰਕਮ ਇਕੱਤਰ ਹੋਈ। ਇਸ ਈਵੈਂਟ ਵਿੱਚ ਇਸ ਵਾਰ ਫੁੱਲ-ਮੈਰਾਥਨ ਦੌੜ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ 951 ਸੀ ਅਤੇ ਇਸ ਵਿੱਚ ਭਾਗ ਲੈਣ ਵਾਲੇ 45-49 ਸਾਲ ਦੇ ਆਪਣੇ ਉਮਰ-ਵਰਗ ਦੇ 45 ਦੌੜਾਕਾਂ ਵਿੱਚੋਂ ਜੱਸੀ ਧਾਲੀਵਾਲ 20ਵੇਂ ਨੰਬਰ ‘ਤੇ ਆਇਆ। ਜੱਸੀ ਧਾਲੀਵਾਲ ਤੇ ਕਰਮਜੀਤ ਖੰਗੂੜਾ ਦੀ ਹੌਸਲਾ ਅਫ਼ਜ਼ਾਈ ਲਈ ਉਨ੍ਹਾਂ ਦੇ ਦੋਸਤ ਅਮਰਜੀਤ ਸਿੰਘ ਤੇ ਜਸਜੀਤ ਖੋਸਾ ਉਨ੍ਹਾਂ ਦੇ ਨਾਲ ਹੈਮਿਲਟਨ ਪਹੁੰਚੇ ਅਤੇ ਕਈ ਹੋਰ ਦੋਸਤ ਵੀ ਉੱਥੇ ਹਾਜ਼ਰ ਸਨ। ਜਸਜੀਤ ਖੋਸਾ ਉਨ੍ਹਾਂ ਦੇ ਲਈ ਉਚੇਚੇ ਤੌਰ ‘ਤੇ ਸੁਆਦਲਾ ਪੌਸ਼ਟਿਕ ‘ਦਲ਼ੀਆ’ ਬਣਾ ਕੇ ਲਿਆਇਆ ਜਿਸ ਨੂੰ ਸਾਰਿਆਂ ਨੇ ਮਿਲ ਕੇ ਬੜੇ ਚਾਅ ਨਾਲ ਛਕਿਆ। ਆਪਣੇ ਕੋਚ ਕਰਮਜੀਤ ਖੰਗੂੜਾ ਦਾ ਧੰਨਵਾਦ ਕਰਦਿਆਂ ਜੱਸੀ ਧਾਲੀਵਾਲ ਨੇ ਕਿਹਾ ਕਿ ਉਸਦੀ ਇਹ ਸਫ਼ਲਤਾ ਖੰਗੂੜਾ ਜੀ ਦੀ ਰਹਿਨਮਾਈ ਤੇ ਲਗਾਤਾਰ ਹੌਸਲਾ-ਅਫ਼ਜ਼ਾਈ ਅਤੇ ਟੀ.ਪਏ.ਆਰ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਸਦਕਾ ਹੀ ਸੰਭਵ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਕਲੱਬ ਦੇ ਸਮੂਹ ਸਾਥੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।

 

RELATED ARTICLES
POPULAR POSTS