Home / ਕੈਨੇਡਾ / ਬਰੈਂਪਟਨ ਸੈਂਟਰ ਤੋਂ ਐੱਨ.ਡੀ.ਪੀ.ਉਮੀਦਵਾਰ ਸਾਰਾ ਸਿੰਘ ਦੇ ਚੋਣ ਦਫ਼ਤਰ ਦਾ ਰਸਮੀ ਉਦਘਾਟਨ ਪੂਰੇ ਜ਼ੋਰ-ਸ਼ੋਰ ਨਾਲ ਹੋਇਆ

ਬਰੈਂਪਟਨ ਸੈਂਟਰ ਤੋਂ ਐੱਨ.ਡੀ.ਪੀ.ਉਮੀਦਵਾਰ ਸਾਰਾ ਸਿੰਘ ਦੇ ਚੋਣ ਦਫ਼ਤਰ ਦਾ ਰਸਮੀ ਉਦਘਾਟਨ ਪੂਰੇ ਜ਼ੋਰ-ਸ਼ੋਰ ਨਾਲ ਹੋਇਆ

ਬਰੈਂਪਟਨ/ਡਾ. ਝੰਡ : ਐੱਨ.ਡੀ.ਪੀ. ਵੱਲੋਂ ਬਰੈਂਪਟਨ ਸੈਂਟਰ ਤੋਂ ਪ੍ਰੋਵਿੰਸ਼ੀਅਲ ਚੋਣ ਲਈ ਬਣਾਈ ਗਈ ਉਮੀਦਵਾਰ ਸਾਰਾ ਸਿੰਘ ਵੱਲੋਂ ਆਪਣੇ 17 ਕਿੰਗਜ਼ਕਰੌਸ ਸਥਿਤ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਬੀਤੇ ਸ਼ਨੀਵਾਰ 12 ਮਈ ਨੂੰ ਪੂਰੇ ਧੂਮ-ਧੜੱਕੇ ਨਾਲ ਕੀਤਾ ਗਿਆ। ਉਸ ਦਾ ਇਹ ਚੋਣ-ਦਫ਼ਤਰ ਉਂਜ ਤਾਂ ਲੱਗਭੱਗ ਪਿਛਲੇ ਇਕ-ਦੋ ਹਫ਼ਤਿਆਂ ਤੋਂ ਖੋਲ੍ਹਿਆ ਗਿਆ ਹੈ ਪਰ ਇਸ ਦਾ ਰਸਮੀ ਉਦਘਾਟਨ ਇਸ ਬੀਤੇ ਸ਼ਨੀਵਾਰ ਐੱਨ.ਡੀ.ਪੀ. ਦੇ ਫ਼ੈੱਡਰਲ ਆਗੂ ਜਗਮੀਤ ਸਿੰਘ ਵੱਲੋਂ ਸੈਂਕੜੇ ਸਮੱਰਥਕਾਂ ਅਤੇ ਵਾਲੰਟੀਅਰਾਂ ਦੀ ਹਾਜ਼ਰੀ ਵਿਚ ਕੀਤਾ ਗਿਆ ਜਿਨ੍ਹਾਂ ਨੇ ਜਗਮੀਤ ਦੇ ਉੱਥੇ ਪਹੁੰਚਣ ‘ਤੇ ਆਕਾਸ਼-ਗੂੰਜਾਊ ਨਾਅਰਿਆਂ ਨਾਲ ਉਨ੍ਹਾਂ ਦਾ ਭਰਵਾਂ ਸੁਆਗ਼ਤ ਕੀਤਾ। ਦਫ਼ਤਰ ਦੇ ਦੇਰੀ ਨਾਲ ਉਦਘਾਟਨ ਹੋਣ ਦਾ ਕਾਰਨ ਵੀ ਸ਼ਾਇਦ ਪਿਛਲੇ ਹਫ਼ਤੇ ਰੁਝੇਵਿਆਂ ਦੇ ਉਨ੍ਹਾਂ ਦਾ ਬਰੈਂਪਟਨ ਵਿਚ ਉਪਲੱਭਧ ਨਾ ਹੋਣਾ ਸੀ।
ਇਸ ਮੌਕੇ ਹਾਜ਼ਰ ਸਮੱਰਥਕਾਂ ਤੇ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਹ ਪਾਰਟੀ ਦੇ ਮੁੱਖੀ ਨਹੀਂ ਸਗੋਂ ਇਸ ਦੇ ਮੁੱਖ-ਸੇਵਾਦਾਰ ਹਨ। ਉਨ੍ਹਾਂ ਕਿਹਾ ਕਿ ਸਿੱਖੀ ਵਿਚ ਸੇਵਾ ਦੀ ਬੜੀ ਮਹਾਨਤਾ ਹੈ ਅਤੇ ਉਹ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਇਹ ਸੇਵਾ ਨਿਭਾਉਣ ਵਿਚ ਬੇਹੱਦ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਮੌਜੂਦਾ ਰਾਜ-ਪ੍ਰਬੰਧ ਵਿਚ ਤਬਦੀਲੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਸਾਰੀਆਂ ਹੀ ਪਾਰਟੀਆਂ ਇਸ ਵਿਚ ‘ਤਬਦੀਲੀ’ ਦੀ ਗੱਲ ਕਰਦੀਆਂ ਹਨ ਪਰ ਕੀ ਇਹ ਤਬਦੀਲੀ ਅਤਿ-ਜ਼ਰੂਰੀ ਸਮਾਜਿਕ ਸੇਵਾਵਾਂ ਵਿਚ ਕੱਟ ਲਗਾ ਕੇ ਲਿਆਉਣੀ ਸੰਭਵ ਹੋਵੇਗੀ ਅਤੇ ਲੋਕਾਂ ਨੂੰ ਵੀ ਇਹ ਪਤਾ ਹੀ ਹੈ ਕਿ ਵਰਤਨਮਾਨ ਹਾਲਤਾਂ ਵਿਚ ਪਿਛਲੇ 15 ਸਾਲਾਂ ਵਿਚ ਓਨਟਾਰੀਓ ਵਿਚ ਕਿੰਨੀ ਕੁ ਤਬਦੀਲੀ ਆਈ ਹੈ। ਉਨ੍ਹਾਂ ਕਿਹਾ ਕਿ ਅਸਲ ਤਬਦੀਲੀ ਐੱਨ.ਡੀ.ਪੀ. ਦੀਆਂ ਅਗਾਂਹ-ਵਧੂ ਪਾਲਸੀਆਂ ਨਾਲ ਹੀ ਲਿਆਂਦੀ ਜਾ ਸਕਦੀ ਹੈ।
ਲੱਗਭੱਗ ਦੋ ਘੰਟੇ ਚੱਲੇ ਇਸ ਦਫ਼ਤਰੀ ਉਦਘਾਟਨ ਸਮਾਗ਼ਮ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਲੱਗਭੱਗ ਹਰੇਕ ਕਮਿਊਨਿਟੀ ਦੇ ਲੋਕ ਸ਼ਾਮਲ ਹੋਏ, ਇੱਥੋਂ ਤੱਕ ਕਿ ਇਸ ਵਿਚ ਕੈਨੇਡਾ ਦੇ ਮੂਲ-ਵਾਸੀ ਕਬੀਲਿਆਂ ਦੇ ਇਕ ਜੋੜੇ ਨੇ ਵੀ ਸ਼ਿਰਕਤ ਕੀਤੀ ਅਤੇ ਉਸ ਵਿੱਚੋਂ ‘ਮਾਕਾ’ ਨਾਂ ਦੇ ਵਿਅੱਕਤੀ ਨੇ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਵੀ ਕੀਤਾ। ਏਸੇ ਤਰ੍ਹਾਂ ਨੀਗਰੋ ਮੂਲ ਦੇ ਆਗੂ ਇਗਨੇਸ਼ੀਅਸ ਬੈੱਲਰੇਅਰ ਨੇ ਆਪਣੇ ਸੰਬੋਧਨ ਵਿਚ ਲੋਕਾਂ ਨੂੰ ਰੰਗ, ਨਸਲ ਅਤੇ ਕਮਿਊਨਿਟੀਆਂ ਦੀਆਂ ਸੌੜੀਆਂ ਤੇ ਸੀਮਤ ਦੀਵਾਰਾਂ ਤੋਂ ਉੱਪਰ ਉੱਠ ਕੇ ਸਮੁੱਚੀ ਮਾਨਵ-ਜ਼ਾਤ ਦੇ ਭਲੇ ਲਈ ਕੰਮ ਕਰਨ ਦੀ ਗੱਲ ਕੀਤੀ। ੀੲਹ ਵਿਅੱਕਤੀ ਪਿਛਲੇ ਲੰਮੇਂ ਸਮੇਂ ਤੋਂ ਵਧੀਆ ਪਰਿਵਾਰਕ ਕਦਰਾਂ-ਕੀਮਤਾਂ ਅਤੇ ਬੱਚਿਆਂ ਦੀ ਭਲਾਈ ਲਈ ਸ਼ੁਰੂ ਕੀਤੇ ਗਏ ਕਈ ਪ੍ਰਾਜੈੱਕਟਾਂ ‘ਤੇ ਕੰਮ ਕਰ ਰਿਹਾ ਹੈ। ਵੱਖ-ਵੱਖ ਰੰਗਾਂ ਦੇ ਬਹੁਤ ਸਾਰੇ ਗੋਰੇ, ਕਾਲੇ ਤੇ ਭੁਰੇ, ਭਾਵ ਹਰੇਕ ਨਸਲ, ਜ਼ਾਤ ਅਤੇ ਕਮਿਊਨਿਟੀ ਦੇ ਲੋਕ ਇਸ ਸੰਖੇਪ ਸਮਾਗ਼ਮ ਵਿਚ ਸ਼ਾਮਲ ਸਨ। ਇਸ ਮੌਕੇ ਸਾਰਾ ਸਿੰਘ ਨੇ ਆਪਣੇ ਸੰਬੋਧਨ ਵਿਚ ਆਏ ਹੋਏ ਸਮੂਹ ਲੋਕਾਂ ਦਾ ਦਿਲੀ-ਧੰਨਵਾਦ ਕਰਦਿਆਂ ਹੋਇਆਂ ਉਨ੍ਹਾਂ ਨੂੰ ਓਨਟਾਰੀਓ ਸੂਬੇ ਵਿਚ ਅਸਲ ਤਬਦੀਲੀ ਲਿਆਉਣ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਐੱਨ.ਡੀ.ਪੀ. ਇਸ ਦੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੋਕ ਅਗਲੇ ਸਾਲ 2019 ਵਿਚ ਹੋਣ ਵਾਲੀਆਂ ਫ਼ੈੱਡਰਲ ਚੋਣਾਂ ਵਿਚ ਜਗਮੀਤ ਸਿੰਘ ਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਵੇਖ ਰਹੇ ਹਨ। ਉਹ ਬਹੁਤ ਉਤਸ਼ਾਹੀ ਤੇ ਨਿੱਡਰ ਹਨ ਅਤੇ ਨਿਸ਼ਕਾਮ ਲੋਕ-ਸੇਵਾ ਵਿਚ ਵਿਸ਼ਵਾਸ ਰੱਖਦੇ ਹਨ।
ਕੈਨੇਡਾ ਵਿਚ ਤਬਦੀਲੀ ਲਿਆਉਣ ਲਈ ਲੋਕਾਂ ਨੂੰ ਐੱਨ.ਡੀ.ਪੀ. ਨੂੰ ਅੱਗੇ ਲਿਆਉਣ ਦੀ ਲੋੜ ਹੈ। ਹੋਰ ਬੁਲਾਰਿਆਂ ਵਿਚ ਨਵੀ ਸਿੱਧੂ ਅਤੇ ਜਸਦੀਪ ਗਰੇਵਾਲ ਵੀ ਸ਼ਾਮਲ ਸਨ। ਮੰਚ-ਸੰਚਾਲਨ ਕੈਲੀ ਵੱਲੋਂ ਬਾਖ਼ੂਬੀ ਨਿਭਾਇਆ ਗਿਆ। ਇਸ ਮੌਕੇ ਆਉਣ ਵਾਲਿਆਂ ਲਈ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …