Breaking News
Home / ਕੈਨੇਡਾ / ਲਹਿੰਦੇ ਪੰਜਾਬ ਵਿਚ ਪੰਜਾਬੀਆਂ ਨੇ ਪੰਜਾਬੀ ਸੱਭਿਆਚਾਰ ਦਿਵਸ ਪੂਰੀ ਧੂਮ-ਧਾਮ ਨਾਲ ਮਨਾਇਆ

ਲਹਿੰਦੇ ਪੰਜਾਬ ਵਿਚ ਪੰਜਾਬੀਆਂ ਨੇ ਪੰਜਾਬੀ ਸੱਭਿਆਚਾਰ ਦਿਵਸ ਪੂਰੀ ਧੂਮ-ਧਾਮ ਨਾਲ ਮਨਾਇਆ

ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਹੋਏ ਸੈਮੀਨਾਰ, ਪੰਜਾਬੀ ਪਹਿਰਾਵੇ ਵਿਚ ਸੱਜ-ਧੱਜ ਕੇ ਪੰਜਾਬੀਆਂ ਨੇ ਢੋਲ ਦੀ ਤਾਲ ‘ ਤੇ ਪਾਏ ਭੰਗੜੇ
ਅੰਮ੍ਰਿਤਸਰ/ਡਾ. ਝੰਡ : ਲਾਹੌਰ ਤੋਂ ਪੰਜਾਬੀ ਪ੍ਰਚਾਰ ਟੀ.ਵੀ. ਦੇ ਸੰਚਾਲਕ ਅਹਿਮਦ ਰਜ਼ਾ ਪੰਜਾਬੀ ਕੋਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲਹਿੰਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਪੰਜਾਬੀ ਸੱਭਿਆਚਾਰ ਦਿਵਸ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਵਿਚ ਵੱਖ-ਵੱਖ ਥਾਵਾਂ ‘ ਤੇ ਹੋਏ ਇਨ੍ਹਾਂ ਜਸ਼ਨਾਂ ਵਿਚ ਪੰਜਾਬੀ ਆਰਗੇਨਾਈਜ਼ੇਸ਼ਨਾਂ, ਵਿਦਿਆਰਥੀਆਂ, ਨੌਜੁਆਨਾਂ, ਵਕੀਲਾਂ ਅਤੇ ਕਈ ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਬੜੀ ਧੂਮ-ਧਾਮ ਨਾਲ ਭਾਗ ਲਿਆ ਗਿਆ।
ਇੱਥੇ ਇਹ ਜ਼ਿਕਰਯੋਗ ਹੈ ਕਿ ਦੇਸੀ ਮਹੀਨੇ ਦੇ ਪਹਿਲੇ ਮਹੀਨੇ ਚੇਤਰ ਦੇ ਪਹਿਲੇ ਦਿਨ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਇਹ ਵਿਸ਼ੇਸ਼ ਦਿਨ ਲਹਿੰਦੇ ਪੰਜਾਬ ਦੇ ਸਮੂਹ ਪੰਜਾਬੀਆਂ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਇਹ 14 ਮਾਰਚ ਦਿਨ ਮੰਗਲਵਾਰ ਨੂੰ ਸਾਰੇ ਪੰਜਾਬ ਵਿਚ ਬੜੇ ਜੋਸ਼-ਓ-ਖ਼ਰੋਸ਼ ਨਾਲ ਮਨਾਇਆ ਗਿਆ। ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਇਸ ਸਬੰਧੀ ਸੈਮੀਨਾਰ ਆਯੋਜਿਤ ਕੀਤੇ ਗਏ ਅਤੇ ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਇਸ ਦਿਨ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅਹਿਮਦ ਰਜ਼ਾ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਨਾਲ ਜੁੜੇ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕਰਨ ਲਈ ਪੰਜਾਬੀ ਪ੍ਰਚਾਰ ਆਰਗੇਨਾਈਜ਼ੇਸ਼ਨ ਦੇ ਕੁਝ ਮੈਬਰ 2020 ਦੇ ਫ਼ਰਵਰੀ ਮਹੀਨੇ ਉਸ ਸਮੇਂ ਦੇ ਮਨਿਸਟਰ ਆਫ਼ ਕਲਚਰ ਜਨਾਬ ਖ਼ਿਆਲ ਅਹਿਮਦ ਕਾਸਤਰੋ ਸਾਹਿਬ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਸ ਸਬੰਧੀ ਬੇਨਤੀ ਕੀਤੀ ਗਈ ਜੋ ਉਨ੍ਹਾਂ ਵੱਲੋਂ ਤੁਰੰਤ ਪ੍ਰਵਾਨ ਕਰ ਲਈ ਗਈ। ਮਨਿਸਟਰ ਕਾਸਤਰੋ ਨੇ ਓਸੇ ਦਿਨ ਪੰਜਾਬ ਸਰਕਾਰ ਵੱਲੋਂ ਸਬੰਧਿਤ ਮਹਿਕਮਿਆਂ ਨੂੰ ਇਹ ਸੱਭਿਆਚਾਰਕ ਦਿਨ ਮਨਾਉਣ ਲਈ ਨੋਟੀਫ਼ੀਕੇਸ਼ਨ ਜਾਰੀ ਕਰਵਾ ਦਿੱਤਾ ਅਤੇ ਸਾਲ 2020 ਤੋਂ ਇਹ ਦਿਨ ਪਹਿਲੀ ਚੇਤਰ ਨੂੰ ਮਨਾਉਣਾ ਆਰੰਭ ਹੋ ਗਿਆ।
ਲਾਹੌਰ ਤੋਂ ਅਹਿਮਦ ਰਜ਼ਾ ਨੇ ਫ਼ੋਨ ਤੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਲਈ ਲਾਹੌਰ, ਫ਼ੈਸਲਾਬਾਦ, ਕਸੂਰ, ਸ਼ੇਖੂਪੁਰਾ, ਮੁਲਤਾਨ, ਫ਼ਰੂਕਾਬਬਾਦ, ਨਾਰੋਵਾਲ ਅਤੇ ਪੰਜਾਬ ਦੇ ਕਈ ਹੋਰ ਸ਼ਹਿਰਾਂ ਤੇ ਪਿੰਡਾਂ ਵਿਚ ਪੰਜਾਬੀ ਪਹਿਰਾਵੇ ਵਿਚ ਪੂਰੀ ਤਰ੍ਹਾਂ ਸੱਜ ਕੇ, ਪੈਰੀਂ ਖੁੱਸੇ ਪਾ ਕੇ ਅਤੇ ਸਿਰਾਂ ਤੇ ਸ਼ਮਲੇ ਵਾਲੀਆਂ ਪੱਗਾਂ ਬੰਨ੍ਹ ਕੇ ਪੰਜਾਬੀ ਨੌਜੁਆਨ ਢੋਲ ਦੇ ਤਾਲ ‘ ਤੇ ਪੂਰੇ ਵੱਜਦ ‘ਚ ਆ ਕੇ ਭੰਗੜੇ ਪਾਉਂਦੇ ਵੇਖੇ ਗਏ। ਕਈ ਥਾਈਂ ਸਕੂਲੀ ਵਿਦਿਆਰਥੀਆਂ ਤੇ ਹੋਰ ਬੱਚਿਆਂ ਨੇ ਭੰਗੜੇ ਵਿਚ ਉਨ੍ਹਾਂ ਦਾ ਖ਼ੂਬ ਸਾਥ ਦਿੱਤਾ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …