24.6 C
Toronto
Saturday, August 29, 2026
spot_img
Homeਕੈਨੇਡਾਪੰਜਾਬੀ ਸਾਹਿਤ ਸਭਾ ਕੈਲਗਰੀ (ਰਜਿ.) ਵੱਲੋਂ ਸਾਹਿਤਕਾਰ ਤੇ ਪੱਤਰਕਾਰ ਡਾ. ਸੁਖਦੇਵ ਸਿੰਘ...

ਪੰਜਾਬੀ ਸਾਹਿਤ ਸਭਾ ਕੈਲਗਰੀ (ਰਜਿ.) ਵੱਲੋਂ ਸਾਹਿਤਕਾਰ ਤੇ ਪੱਤਰਕਾਰ ਡਾ. ਸੁਖਦੇਵ ਸਿੰਘ ਝੰਡ ਦਾ ਮਾਣ-ਸਨਮਾਨ

ਕੈਲਗਰੀ/ਸੁਰਿੰਦਰ ਗੀਤ : ਲੰਘੇ ਸ਼ਨੀਵਾਰ ਪੰਜਾਬੀ ਸਾਹਿਤ ਸਭਾ ਕੈਲਗਰੀ (ਰਜਿ.) ਦੀ ਅਗਸਤ ਮਹੀਨੇ ਦੀ ਇਕੱਤਰਤਾ 22 ਅਗਸਤ ਨੂੰ ਕੋਸੋ ਹਾਲ ਵਿੱਚ ਬਾਅਦ ਦੁਪਹਿਰ ਦੋ ਵਜੇ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਸਾਹਿਤਕਾਰ ਤੇ ਪੱਤਰਕਾਰ ਡਾ. ਸੁਖਦੇਵ ਸਿੰਘ ਝੰਡ ਅਤੇ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਜਗਦੀਸ਼ ਕੌਰ ਝੰਡ ਦੀ ਪ੍ਰਧਾਨਗੀ ਵਿੱਚ ਸਾਹਿਤ-ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ‘ਚ ਹੋਈ। ਇਸ ਇਕੱਤਰਤਾ ਵਿੱਚ ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਸਾਹਿਤਕਾਰ ਤੇ ਪੱਤਰਕਾਰ ਡਾ. ਸੁਖਦੇਵ ਸਿੰਘ ਝੰਡ ਨੂੰ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਵਿੱਚ ਪਾਏ ਗਏ ਉਨ੍ਹਾਂ ਵੱਲੋਂ ਯੋਗਦਾਨ ਦੇ ਸਨਮਾਨ ਵਿੱਚ ਸ਼ਾਨਦਾਰ ਸਨਮਾਨ-ਚਿੰਨ੍ਹ ਭੇਟਾ ਕੀਤਾ ਗਿਆ ।
ਸਭਾ ਦੇ ਜਨਰਲ ਸਕੱਤਰ ਇੰਜ. ਗੁਰਦਿਆਲ ਸਿੰਘ ਖਹਿਰਾ ਨੇ ਡਾ, ਸੁਖਦੇਵ ਸਿੰਘ ਝੰਡ ਦੀ ਜੀਵਨ ਅਤੇ ਸਾਹਿਤਕ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਡਾ. ਝੰਡ ਨੇ M.Sc. (Biochemistry) ਤੇ M L I S, Ph.D. (Library and Information Science ) ਵਿੱਚ ਕੀਤੀ ਅਤੇ ਲੰਮਾ ਸਮਾਂ ਪਹਿਲਾਂ ਨਵਾਬ ਜੱਸਾ ਸਿੰਘ ਸਰਕਾਰੀ ਕਾਲਜ ਕਪੂਰਥਲਾ ਵਿੱਚ ਲਾਇਬ੍ਰੇਰੀਅਨ ਅਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਅਸਿਸਟੈਂਟ ਲਾਇਬ੍ਰੇਰੀਅਨ ਤੇ ਡਿਪਟੀ ਲਾਇਬ੍ਰੇਰੀਅਨ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ-ਮੁਕਤੀ ਤੋਂ ਬਾਅਦ 2010 ਤੋਂ ਟੋਰਾਂਟੋ ਨੇੜੇ ‘ਪੰਜਾਬੀਆਂ ਦੇ ਗੜ੍ਹ’ ਬਰੈਂਪਟਨ ‘ਚ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ।
ਸਰੋਤਿਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਸੁਖਦੇਵ ਸਿੰਘ ਝੰਡ ਹੋਰਾਂ ਨੇ ‘ਪੰਜਾਬ ਦੇ ਲੋਕ-ਰੁੱਖ’ (2000), ‘ਸਾਡੇ ਰੁੱਖ’ (2010), ‘ਉੱਤਰੀ ਅਮਰੀਕਨ ਰੁੱਖ’ (2015), ‘ਕਦੋਂ’ (ਕਾਵਿ ਸੰਗ੍ਰਹਿ, (2015), ‘ਪੱਤੇ ਤੇ ਪਰਛਾਵੇਂ’ (ਸਵੈ ਜੀਵਨੀ, 2019) ਅਤੇ ‘ਪੁਰਖਿਆਂ ਦਾ ਦੇਸ਼ : ਸਫ਼ਰਨਾਮਾ’ (2025) ਅਤੇ ਆਪਣੀ ਜੀਵਨ-ਗਾਥਾ ‘Story of My Life’ (2026) ਤੋਂ ਇਲਾਵਾ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ ਨਾਲ ਸਬੰਧਿਤ ਤਿੰਨ ਪੁਸਤਕਾਂ ‘Guide to Reference Books in Punjabi’ (2011), ‘Dewey Decimal Classification : A Practical Guide’ (2012) ‘Colon Classification : Origin, Development and Future Prospectus’ (2023) ਲਿਖ ਕੇ ਪੰਜਾਬੀ ਸਾਹਿਤ ਅਤੇ ਲਾਇਬ੍ਰੇਰੀ ਸਾਇੰਸ ਦੇ ਖ਼ੇਤਰ ਵਿੱਚ ਭਰਵਾਂ ਯੋਗਦਾਨ ਪਾਇਆ ਹੈ। ਡ. ਸੁਖਦੇਵ ਸਿੰਘ ਝੰਡ ਹੋਰਾਂ ਹਾਜ਼ਰੀਨ ਦੇ ਰੂਬਰੂ ਹੁੰਦਿਆਂ ਆਪਣੇ ਸਮੁੱਚੇ ਜੀਵਨ, ਜੀਵਨ ਦੇ ਵਿੰਗੇ-ਟੇਢੇ ਰਾਹਾਂ ਤੇ ਉਤਰਾਅ-ਚੜ੍ਹਾਵਾਂ ਦਾ ਖੁੱਲ੍ਹਮ-ਖੁੱਲ੍ਹਾ ਵਰਨਣ ਕੀਤਾ ਜੋ ਹਾਜ਼ਰੀਨ ਲਈ ਜੀਵਨ-ਦਰਸ ਹੋ ਨਿੱਬੜਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਡਾ. ਸੁਖਦੇਵ ਸਿੰਘ ਝੰਡ ਕੈਲਗਰੀ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਗੁਰਚਰਨ ਕੌਰ ਥਿੰਦ ਦੇ ਵੱਡੇ ਭਰਾ ਹਨ ।
ਰਚਨਾਵਾਂ ਦੇ ਦੌਰ ਵਿੱਚ ਜਸਵੀਰ ਸਿੰਘ ਸਹੋਤਾ, ਗਿੱਲ ਸੁਖਮੰਦਰ, ਸੁਰਿੰਦਰ ਢਿੱਲੋਂ, ਚਰਨਜੀਤ ਕੌਰ, ਰਵੀ ਜਨਾਗਲ, ਮਨਿੰਦਰ ਕੌਰ, ਰਮਨ ਗਿੱਲ, ਸੁਰਿੰਦਰ ਗੀਤ, ਗੁਰਚਰਨ ਕੌਰ ਥਿੰਦ, ਜਰਨੈਲ ਤੱਗੜ, ਲਖਵਿੰਦਰ ਸਿੱਧੂ, ਮਨਮੋਹਨ ਬਾਠ, ਅਲਬੇਲ ਬਰਾੜ, ਸਰਬਜੀਤ ਉੱਪਲ, ਜੀਰ ਸਿੰਘ ਬਰਾੜ, ਇੰਜ. ਦਰਸ਼ਨ ਸਿੰਘ ਮਹਿਰੋਕ, ਮਾਸਟਰ ਹਰਭਜਨ ਸਿੰਘ, ਗੁਰਦੀਪ ਸਿੰਘ ਧਾਲੀਵਾਲ, ਮਨਮੋਹਨ ਸਿੰਘ ਬਾਠ ਤੇ ਹੋਰਨਾਂ ਨੇ ਭਾਗ ਲਿਆ। ਬਾ-ਕਮਾਲ ਰਚਨਾਵਾਂ ਤੋਂ ਇਲਾਵਾ ਸਰੋਤਿਆਂ ਵੱਲੋਂ ਆਏ ਵਡਮੁੱਲੇ ਵਿਚਾਰਾਂ ਨੇ ਦਿਲ-ਦਿਮਾਗ਼ ਨੂੰ ਰੌਸ਼ਨ ਕੀਤਾ ।
ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਆਪਣੀ ਇਕ ਗ਼ਜ਼ਲ ਤਰੰਨਮ ਵਿੱਚ ਪੇਸ਼ ਕੀਤੀ ਅਤੇ ਡਾ. ਝੰਡ ਅਤੇ ਉਨ੍ਹਾਂ ਦੀ ਧਰਮ ਪਤਨੀ ਦਾ ਜਗਦੀਸ਼ ਕੌਰ ਝੰਡ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਉਹ ਅੱਗੇ ਤੋਂ ਵੀ ਏਸੇ ਤਰ੍ਹਾਂ ਪੰਜਾਬੀ ਸਾਹਿਤ ਸਭਾ ਕੈਲਗਰੀ ‘ਚ ਆਉਂਦੇ ਰਹਿਣਗੇ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਸਭਾ ਦੇ ਮੈਂਬਰ ਮਨਮੋਹਨ ਸਿੰਘ ਬਾਠ ਦੇ ਬੱਚਿਆਂ ਦਲਬੀਰ ਸਿੰਘ, ਗੁਰਮੀਤ ਕੌਰ ਗੁਰਿੰਦਰ ਕੌਰ ਦਾ ਵਡਮੁੱਲੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਜਗਦੇਵ ਸਿੰਘ ਸਿੱਧੂ, ਗੁਰਬਖ਼ਸ਼ ਸਿੰਘ ਗਿੱਲ, ਜਸਵੰਤ ਸਿੰਘ ਕਪੂਰ, ਮਲਿਕ ਆਰਿਫ਼, ਹਰਮਿੰਦਰ ਸਿੰਘ ਨੇ ਹਾਜ਼ਰੀ ਲਗਵਾਈ।
ਮੰਚ-ਸੰਚਾਲਣ ਦਾ ਕੰਮ ਗੁਰਦਿਆਲ ਸਿੰਘ ਖਹਿਰਾ ਨੇ ਬੜੇ ਸੁਚੱਜੇ ਅਤੇ ਸੁਲਝੇ ਢੰਗ ਨਾਲ ਨਿਭਾਇਆ। ਇਹ ਪੂਰਾ ਪ੍ਰੋਗਰਾਮ ਬਾਅਦ ਦੁਪਹਿਰ ਦੋ ਵਜੇ ਤੋਂ ਲੈ ਕੇ ਸਾਢੇ ਪੰਜ ਤੱਕ ਬੜੇ ਖ਼ੁਸ਼ਨੁਮਾ ਮਹੌਲ ਵਿਚ ਯਾਦਗਾਰੀ ਹੋ ਨਿਬੜਿਆ।
ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਇਕੱਤਰਤਾ 27 ਸਤੰਬਰ ਦਿਨ ਸ਼ਨਿਚਰਵਾਰ ਬਾਅਦ ਦੁਪਹਿਰ ਸੋ ਹਾਲ ਵਿੱਚ ਹੋਵੇਗੀ। ਇਸ ਸਬੰਧੀ ਹੋਰ ਜਾਣਕਾਰੀ ਲਈ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੂੰ 403 605-3734 ਜਾਂ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੂੰ 403-968-2880 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS