2.5 C
Toronto
Thursday, January 8, 2026
spot_img
Homeਕੈਨੇਡਾਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚੌਥੀ ਜਨਮ-ਸ਼ਤਾਬਦੀ ਨੂੰ ਸਮੱਰਪਿਤ

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚੌਥੀ ਜਨਮ-ਸ਼ਤਾਬਦੀ ਨੂੰ ਸਮੱਰਪਿਤ

ਫਾਰਮਰਜ਼ ਸੁਪੋਰਟ ਗਰੁੱਪ ਦੇ ਸਮਾਗ਼ਮ ਵਿਚ ਅਮਰਜੀਤ ਸਿੰਘ ਗਰੇਵਾਲ ਨੇ ਵਿਚਾਰ ਸਾਂਝੇ ਕੀਤੇ
ਬਰੈਂਪਟਨ/ਡਾ.ਝੰਡ : ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼-ਉਤਸਵ ਨੂੰ ਸਮੱਰਪਿਤ ਬਰੈਂਪਟਨ ਦੇ ਫ਼ਾਰਮਰਜ਼ ਸੁਪੋਰਟ ਗਰੁੱਪ ਵੱਲੋਂ ਲੰਘੇ ਸ਼ਨੀਵਾਰ ਕਰਵਾਏ ਗਏ ਜ਼ੂਮ-ਸਮਾਗ਼ਮ ਵਿਚ ਪੰਜਾਬ ਦੇ ਉੱਘੇ ਵਿਦਵਾਨ ਅਮਰਜੀਤ ਸਿੰਘ ਗਰੇਵਾਲ ਵੱਲੋਂ ਗੁਰੂ ਸਾਹਿਬ ਦੀ ਸ਼ਹੀਦੀ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਅਜੋਕੇ ਸਮੇਂ ਵਿਚ ਮਨੁੱਖਤਾ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਗੁਰੂ ਜੀ ਦੀ ਵਿਚਾਰਧਾਰਾ ਅਤੇ ਦੂਸਰਿਆਂ ਦੀ ਖ਼ਾਤਰ ਉਨ੍ਹਾਂ ਵੱਲੋਂ ਦਿੱਤੀ ਗਈ ਅਦੁੱਤੀ ਕੁਰਬਾਨੀ ਨੂੰ ਅਜੋਕੇ ਮਸ਼ੀਨੀਕਰਨ ਯੁੱਗ ਵਿਚ ਕੰਪਿਊਟਰ ਮਸ਼ੀਨਾਂ ਦੀ ‘ਆਰਟੀਫ਼ਿਸ਼ੀਅਲ ਇਨਟੈਲੀਜੈਂਸ’ ਦੀ ਕਾਰਗ਼ੁਜ਼ਾਰੀ ਨਾਲ ਜੋੜ ਕੇ ਬਾਖ਼ੂਬੀ ਗੱਲ ਕੀਤੀ।
ਪ੍ਰੋਗਰਾਮ ਦੇ ਸੰਚਾਲਕ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਮੁੱਖ-ਵਕਤਾ ਅਮਰਜੀਤ ਸਿੰਘ ਗਰੇਵਾਲ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਨ ਉਪਰੰਤ ਉਨ੍ਹਾਂ ਨੂੰ ਆਪਣੇ ਵਿਸ਼ੇ ਉੱਪਰ ਵਿਚਾਰ ਪੇਸ਼ ਕਰਨ ਲਈ ਬੇਨਤੀ ਕੀਤੀ ਗਈ। ਆਪਣੇ ਸੰਬੋਧਨ ਦੇ ਆਰੰਭ ਵਿਚ ਗਰੇਵਾਲ ਨੇ ਕਿਹਾ ਕਿ ਅੱਜ ਵੇਖਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਇਸ ਸਮੇਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਵੇਂ ਸਹਾਈ ਹੋ ਸਕਦੀ ਹੈ। ਉਨ੍ਹਾਂ ਦੇ ਅਨੁਸਾਰ ਮਨੁੱਖਤਾ ਦੀਆਂ ਅਜੋਕੀਆਂ ਸਮੱਸਿਆਵਾਂ ਫ਼ਾਸ਼ੀਵਾਦ ਤੇ ਆਤੰਕਵਾਦ, ਸਮੁੱਚੇ ਵਾਤਾਵਰਣ ਤੇ ਮਸ਼ੀਨੀਕਰਣ ਨਾਲ ਸਬੰਧਿਤ ਹਨ ਅਤੇ ਗੁਰੂ ਜੀ ਦੀ ਵਿਚਾਰਧਾਰਾ ਤੋਂ ਸੇਧ ਲੈ ਕੇ ਇਨ੍ਹਾਂ ਦਾ ਹੱਲ ਲੱਭਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਜੀ ਵੱਲੋਂ ਦਿੱਤੀ ਗਈ ਕੁਰਬਾਨੀ ਮਨੁੱਖੀ ਅਧਿਕਾਰਾਂ ਦੀ ਰਾਖੀ ਤੋਂ ਵੀ ਉੱਪਰ ਜਾ ਕੇ ਲਿਬਰਲ ਅਤੇ ਡੈਮੋਕਰੈਟਿਕ ਅਧਿਕਾਰਾਂ ਦੇ ਲਈ ਸੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਹਵਾ, ਪਾਣੀ, ਦਰਿਆਵਾਂ ਅਤੇ ਸਮੁੰਦਰਾਂ ਨਾਲ ਵੈਰ ਪਾ ਕੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਗੰਧਲਾ ਕਰ ਛੱਡਿਆ ਹੈ ਜਿਸ ਨੂੰ ਸਾਫ਼ ਰੱਖਣ ਦੀ ਅਤਿਅੰਤ ਜ਼ਰੂਰਤ ਹੈ।
ਇਸ ਦੌਰਾਨ ਉਨ੍ਹਾਂ ਦਿੱਲੀ ਵਿਚ ਚੱਲ ਰਹੇ ਕਿਸਾਨੀ ਮੋਰਚੇ ਨੂੰ ਦੇਸ਼ ਵਿਚ ਪੂੰਜੀਵਾਦ ਦੇ ਵਿਰੱਧ ਲੜਾਈ ਨਾਲ ਜੋੜਦਿਆਂ ਹੋਇਆਂ ਕਿਹਾ ਕਿ ਜਿੱਥੇ ਇਹ ਮੋਰਚਾ ਦੇਸ਼ ਵਿਚ ਛੋਟੀ ਕਿਸਾਨੀ ਅਤੇ ਕਿਸਾਨਾਂ ਦੀ ਹੋਂਦ ਦਾ ਸੁਆਲ ਹੈ, ਉੱਥੇ ਇਹ ਅੰਬਾਨੀ, ਅਡਾਨੀ ਵਰਗੇ ਪੂੰਜੀਪਤੀਆਂ ਵੱਲੋਂ ਦੇਸ਼ ਦੀ ਲੁੱਟ-ਖਸੁੱਟ ਕਰਕੇ ਸੰਸਾਰ ਦੇ ਸੱਭ ਤੋਂ ਉੱਪਰਲੇ ਧਨਾਡਾਂ ਦੀ ਦੌੜ ਵਿਚ ਸ਼ਾਮਲ ਹੋਣ ਵਾਲਿਆਂ ਲਈ ਖੁੱਲ੍ਹਾ ਚੈਲਿੰਜ ਵੀ ਬਣਿਆ ਹੋਇਆ ਹੈ। ਇਸੇ ਦੌਰਾਨ ਸਰੋਤਿਆਂ ਵਿੱਚੋਂ ਡਾ. ਸੁਖਦੇਵ ਸਿੰਘ ਝੰਡ, ਇੰਜੀ. ਬਲਦੇਵ ਸਿੰਘ ਬਰਾੜ, ਹਰਿੰਦਰ ਹੁੰਦਲ, ਪਿਆਰਾ ਸਿੰਘ ਕੁੱਦੋਵਾਲ ਅਤੇ ਹਰਜਸਪ੍ਰੀਤ ਗਿੱਲ ਵੱਲੋਂ ਗਰੇਵਾਲ ਨੂੰ ਮਸ਼ੀਨਾਂ ਦੀ ਪ੍ਰੋਗਰਾਮਿੰਗ ਵਿਚ ਗੜਬੜੀ, ਦੁਰਵਰਤੋਂ, ਹੈਕਿੰਗ, ਸਵੈਮਾਣ ਅਤੇ ਸਮਾਜ ਦੀ ਅਜੋਕੀ ਦੁਰਦਸ਼ਾ ਬਾਰੇ ਕਈ ਸੁਆਲ ਵੀ ਪੁੱਛੇ ਗਏ ਜਿਨ੍ਹਾਂ ਦੇ ਜਵਾਬ ਉਨ੍ਹਾਂ ਵੱਲੋਂ ਬੜੇ ਵਿਸਥਾਰ ਵਿਚ ਤਸੱਲੀ-ਪੂਰਵਕ ਦਿੱਤੇ ਗਏ। ਸਮਾਗ਼ਮ ਦੇ ਅਖ਼ੀਰ ਵਿਚ ਹਰਜਸਪ੍ਰੀਤ ਗਿੱਲ ਅਤੇ ਸੁਰਜੀਤ ਕੌਰ ਵੱਲੋਂ ਸਮਾਗ਼ਮ ਦੇ ਮੁੱਖ-ਵਕਤਾ ਗਰੇਵਾਲ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS