12.4 C
Toronto
Friday, October 17, 2025
spot_img
Homeਕੈਨੇਡਾਮਿਸੀਸਾਗਾ ਸੀਨੀਅਰਜ਼ ਕਲੱਬ ਵੱਲੋਂ ਸੀਨੀਅਰਜ਼ ਨਾਈਟ ਦਾ ਅਨੂਠਾ ਜਸ਼ਨ

ਮਿਸੀਸਾਗਾ ਸੀਨੀਅਰਜ਼ ਕਲੱਬ ਵੱਲੋਂ ਸੀਨੀਅਰਜ਼ ਨਾਈਟ ਦਾ ਅਨੂਠਾ ਜਸ਼ਨ

ਮਿਸੀਸਾਗਾ : 5 ਨਵੰਬਰ ਦੀ ਸ਼ਾਮ ਮਿਸੀਸਾਗਾ ਸੀਨੀਅਰਜ਼ ਕਲੱਬ ਵੱਲੋਂ ਸੀਨੀਅਰਜ਼ ਨਾਈਟ ਜਸ਼ਨ ਨੂੰ ਸਮਰਪਿਤ ਕੀਤੀ ਗਈ। ਇਹ ਸ਼ਾਮ ਪਾਇਲ ਬੈਂਕੁਇਟ ਹਾਲ ਮਿਸੀਸਾਗਾ ਦੇ ਵਿਸ਼ਾਲ ਹਾਲ ਵਿੱਚ ਮਨਾਈ ਗਈ। ਮੈਂਬਰਾਂ, ਉਨਾਂ ਦੇ ਪਰਿਵਾਰਾਂ, ਸਨੇਹੀਆਂ ਤੇ ਸੰਗੀਆਂ-ਸਾਥੀਆਂ ਨੇ (ਲੱਗਭਗ 400) ਆਪਣੇ ਰੰਗ-ਬਰੰਗੇ ਪਰ ਆਕਰਸ਼ਕ ਵਸਤਰਾਂ ਵਿੱਚ ਰੰਗੀਨ ਤੇ ਰਮਣੀਕ ਸ਼ਾਮ ਦੀਆਂ ਆਸਾਂ ਨਾਲ ਟਹਿਕਦੇ ਤੇ ਚਮਕਦੇ ਚਿਹਰਿਆਂ ਨਾਲ 5:30 ਪਹੁੰਚ ਕੇ ਭਰਵਾਂ ਹੁੰਗਾਰਾ ਦਿੱਤਾ। ਮੇਲ-ਮੁਲਾਕਾਤੀ ਤੇ ਮੁਸਕਰਾਤੀ ਮੁੱਢਲੀ ਰਸਮੀਂ ਹੈਲੋ-ਹੈਲੋ ਪਿੱਛੋਂ ਹਾਲ ਦੇ ਦੋਹਾਂ ਪਾਸੇ ਲੱਗੇ ਰਿਫਰੈਸ਼ਮੈਂਟ ਦੇ ਟੇਬਲਾਂ ਤੋਂ ਸਵਾਦਿਸ਼ਟ ਆਈਟਮ ਪਲੇਟਾਂ ਲੈ ਕੇ ਆਪਣੇ ਆਪਣੇ ਟੇਬਲਾਂ ‘ਤੇ ਸਸ਼ੋਭਤ ਹੋਣੇ ਸ਼ੁਰੂ ਹੋ ਗਏ। ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਮਠੋਨ ਅਤੇ ਸੈਕਟਰੀ ਗੁਰਬ੍ਰਿੰਦਰ ਬੈਂਸ ਵੱਲੋਂ ਜੀ ਆਇਆਂ ਤੇ ਸਵਾਗਤੀ ਸ਼ਬਦਾਂ ਨਾਲ ਅਰੰਭ ਕੀਤਾ ਗਿਆ। ਮਿਸੀਸਾਗਾ ਦੀ ਮੇਅਰ ਅਤੇ ਸ਼ਾਮਲ ਸ਼ਖਸੀਅਤਾਂ ਨੇ ਮੌਕੇ ‘ਤੇ ਮਾਹੌਲ ਮੁਤਾਬਕ ਸ਼ੁਭ ਇਛਾਵਾਂ ਦੇ ਸੁਨੇਹੇ ਦੇ ਕੇ ਸ਼ਾਮ ਦੀ ਸੁਹਾਉਣੀ ਛੱਬ ਨੂੰ ਹੋਰ ਰੁਸ਼ਨਾਇਆ। ਮੈਂਬਰਾਂ ਵੱਲੋਂ ਪੇਸ਼ਕਸ਼ ‘ਆਓ ਜੀ, ਜੀ ਆਇਆਂ ਨੂੰ'” ਨੇ ਸ਼ਾਮ ਦੀ ਰੰਗੀਨੀ ਦਾ ਮੁੱਢ ਬੰਨ ਦਿੱਤਾ। ਕਲੱਬ ਦੀ ਮੈਂਬਰ ਨੇ ਸੋਲੋ ਆਈਟਮ ਪੇਸ਼ ਕੀਤਾ ਤੇ ਸ਼ਲਾਘਾ ਹਾਸਲ ਕੀਤੀ। ਪ੍ਰੋਫੈਸ਼ਨਲ ਸੰਗੀਤ ਗਰੁੱਪ ਦੇ ਤਨਵੀਰ ਬਦਰ ਤੇ ਸਾਥੀ ਕਲਾਕਾਰਾਂ ਨੇ ਸੰਗੀਤਕ ਸੁਰਾਂ ਨਾਲ ਮਾਹੌਲ ਵਿੱਚ ਜਾਦੂ ਭਰ ਦਿੱਤਾ ਜਿਸ ਤੋਂ ਪ੍ਰੇਰਨਾ ਲੈ ਕੇ ਕਈ ਮੈਂਬਰ ਡਾਂਸ ਫਲੋਰ ‘ਤੇ ਉੱਤਰ ਆਏ।
ਫ਼ਿਰ, ਸਰਵਨ ਸਿੰਘ ਲਿੱਧੜ ਦੀ ਅਗਵਾਈ ਵਿੱਚ ਇਸ ਸ਼ਾਮ ਦੇ ਭੰਗੜੇ ਨੇ ਬਾਕੀ ਦੇ ਮੈਂਬਰਾਂ ਨੂੰ ਨੱਚਣ ਲਾ ਦਿੱਤਾ। ਯਾਦ ਰਹੇ ਕਿ ਪਹਿਲੇ ਫ਼ੰਕਸ਼ਨਾਂ ਵਾਂਗ, ਇਸ ਵਾਰੀ ਵੀ ਉਂਕਾਰ ਮਠਾਰੂ ਅਤੇ ਸੁਰਜੀਤ ਬਾਠ ਦੇ ਅਣਥੱਕ ਯਤਨਾਂ ਕਰਕੇ ਸਾਰੇ ਸਮਾਗਮ ਦਾ ਪ੍ਰਬੰਧ ਸਮੁੱਚੇ ਤੌਰ ‘ਤੇ ਸਫ਼ਲ ਅਤੇ ਹਰ ਪੱਖੋਂ ਨਵਾਂ ਤੇ ਨਿੱਗਰ ਸਾਬਤ ਹੋਇਆ। ਜਿਸ ਲਈ ਪ੍ਰਬੰਧਕ ਉਨਾਂ ਦੇ ਖਾਸ ਤੌਰ ‘ਤੇ ਰਿਣੀ ਹਨ। ਇੰਜ ਐਕਸ਼ਨ ਭਰਪੂਰ ਯਾਦਗੀਰੀ ਸ਼ਾਮ ਦੇ ਅੰਤ ‘ਤੇ ਕੋਈ 9 ਵਜੇ ਸਵਾਦਿਸ਼ਟ ਡਿਨਰ ਤੇ ਡਿਜ਼ਰਟ ਦਾ ਅਨੰਦ ਮਾਨ ਕੇ ਸਾਰੇ ਮੈਂਬਰ ਤੇ ਮਹਿਮਾਨਾਂ ਨੇ ਪ੍ਰਬੰਧਕਾਂ ਦੀ ਕੁਸ਼ਲ ਕਾਰਵਾਈ ਦਾ ਧੰਨਵਾਦ ਕੀਤਾ। ਪ੍ਰਧਾਨ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਅੰਤ ਨੂੰ, ਚਾਵਾਂ ਲੱਦੀ ਭਾਵਨਾ ਨਾਲ ਸੰਤੁਸ਼ਟ ਸਮੂਹ ਮੈਂਬਰ ਤੇ ਮਹਿਮਾਨ ਘਰੋ-ਘਰੀਂ ਰੁਖ਼ਸਤ ਹੋਏ।

RELATED ARTICLES

ਗ਼ਜ਼ਲ

POPULAR POSTS