Breaking News
Home / ਕੈਨੇਡਾ / ਕਾਮਰੇਡ ਪਾਸਲਾ ਦੇ ਵਿਚਾਰ ਸੁਣਨ ਲਈ ਖੱਬੇ ਪੱਖੀਆਂ ਦੀ ਮੱਲ੍ਹੀ ਫਾਰਮ ਤੇ ਇਕੱਤਰਤਾ

ਕਾਮਰੇਡ ਪਾਸਲਾ ਦੇ ਵਿਚਾਰ ਸੁਣਨ ਲਈ ਖੱਬੇ ਪੱਖੀਆਂ ਦੀ ਮੱਲ੍ਹੀ ਫਾਰਮ ਤੇ ਇਕੱਤਰਤਾ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਸ਼ੁਕਰਵਾਰ ਦੀ ਸ਼ਾਮ ਜਦ ਦੇਸ਼ ਭਰ ਵਿਚ ਕੈਨੇਡਾ ਦਿਵਸ ਮਨਾਇਆ ਜਾ ਰਿਹਾ ਸੀ, ਹਰਬੰਸ ਮੱਲ੍ਹੀ ਦੇ ਸੱਦੇ ਉਪਰ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਕਾਫੀ ਗਿਣਤੀ ਵਿਚ ਵਿਅਕਤੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੇ ਵਿਚਾਰ ਸੁਣਨ ਲਈ ਮੱਲ੍ਹੀ ਫਾਰਮ ‘ਤੇ ਇਕੱਠੇ ਹੋਏ। ਉਨ੍ਹਾਂ ਦੇ ਇਸ ਫਾਰਮ ਨੇ ਕੈਨੇਡਾ ਦੇ ਗਰਮੀਆਂ ਦੇ ਵਧੀਆ ਮੌਸਮ ਵਿਚ ਹਰੇ ਭਰੇ ਸੰਘਣੇ ਜੰਗਲ ਵਿਚਕਾਰ ਵਿਚਾਰ ਵਟਾਂਦਰੇ ਲਈ ਬਹੁਤ ਹੀ ਖੁਸ਼ਗਵਾਰ ਮਾਹੌਲ ਪ੍ਰਦਾਨ ਕੀਤਾ। ਮੀਟਿੰਗ ਤੋਂ ਬਾਅਦ ਪਰਿਵਾਰ ਵਲੋਂ ਖਾਣ ਪੀਣ ਦੇ ਖੁਲ੍ਹੇ ਡੁੱਲ੍ਹੇ ਪ੍ਰਬੰਧ ਨੇ ਇਸ ਮੀਟਿੰਗ ਨੂੰ ਹੋਰ ਵੀ ਵਧੀਆ ਬਣਾਇਆ।
ਮਟਿੰਗ ਦੀ ਪ੍ਰਧਾਨਗੀ ਹਰਿੰਦਰ ਹੁੰਦਲ ਨੇ ਕੀਤੀ। ਕਾਮਰੇਡ ਪਾਸਲਾ ਨੇ ਕਿਹਾ ਕਿ ਕਮਿਊਨਿਸਟ ਪਾਰਟੀਆਂ ਵੱਡੀ ਗਿਣਤੀ ਵਿਚ ਦਲਿਤਾਂ ਨੂੰ ਨਾਲ ਲੇਣ ਵਿਚ ਨਾਕਾਮਯਾਬ ਰਹੀਆਂ ਹਨ ਅਤੇ ਸਾਡੀ ਪਾਰਟੀ ਇਸ ਘਾਟ ਨੂੰ ਪੂਰਾ ਕਰਨ ਵਿਚ ਯਤਨਸ਼ੀਲ ਹੈ। ਇਸ ਦੇ ਨਾਲ ਹੀ ਇਸ ਲਹਿਰ ਨੂੰ ਹੋਰ ਤਕੜਾ ਕਰਨ ਲਈ ਸਾਰੀਆਂ ਖੱਬੇ ਪੱਖੀ, ਲੋਕ ਪੱਖੀ, ਜਮਹੂਰੀ, ਧਰਮ ਨਿਰਪੱਖ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਵੀ ਲੋੜ ਹੈ। ਉਨ੍ਹਾਂ ਮੁਤਾਬਿਕ ਕਿਸਾਨਾਂ ਦੀ ਲਹਿਰ ਦੀ ਕਾਮਯਾਬੀ ਬਾਅਦ ਨੌਜਵਾਨ ਵੀ ਸੰਗਿਠਤ ਹੋ ਕੇ ਅਪਣੀ ਹੱਕੀ ਮੰਗਾਂ ਲਈ ਜਥੇਬੰਦ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਇਨਕਲਾਬ ਲਈ ਲੜਾਈ ਲੰਬੀ ਹੈ ਪਰ ਆਖਿਰ ਜਿੱਤ ਇਨਕਲਾਬੀਆਂ ਦੀ ਹੀ ਹੋਣੀ ਹੈ। ਡਾ. ਬਲਜਿੰਦਰ ਸੇਖੋਂ ਨੇ ਅਪਣੇ ਵਿਚਾਰ ਰੱਖਦਿਆਂ ਕਿਹਾ ਕਿ ਬੇਸ਼ਕ ਅਸੀਂ ਇਨਕਲਾਬ ਨਹੀਂ ਲਿਆ ਸਕੇ ਅਤੇ ਇਸ ਲਈ ਹੋਰ ਵੀ ਲੰਬਾ ਸਮਾਂ ਲੱਗਣਾ ਹੈ ਪਰ ਖੱਬੇ ਪੱਖੀ ਧਿਰਾਂ ਨੂੰ ਜ਼ੋਰ ਲਾਉਣਾ ਚਾਹੀਦਾ ਹੈ ਕਿ ਸਰਕਾਰਾਂ ਜੋ ਅੰਨ੍ਹੇਵਾਹ ਨਵਉਦਾਰਵਾਦੀ ਨੀਤੀਆਂ ਵਿਚ ਅਮਰੀਕਾ ਦੀ ਨਕਲ ਮਾਰ ਰਹੀਆਂ ਹਨ, ਉਸਦੀ ਥਾਂ ਉਹ ਘੱਟੋ-ਘੱਟ ਕੈਨੇਡਾ, ਸਵੀਡਨ, ਨਾਰਵੇ ਵਰਗੇ ਦੇਸ਼ਾਂ ਦੀਆਂ ਨੀਤੀਆਂ ਲਾਗੂ ਕਰਨ ਤਾਂ ਜੋ ਆਮ ਲੋਕਾਂ ਦਾ ਬਚਪਨ, ਬੁਢਾਪਾ ਸਰਕਾਰ ਸਾਂਭੇ ਅਤੇ ਵਿਦਿਆ ਅਤੇ ਸਿਹਤ ਸੇਵਾਵਾਂ ਵੀ ਸਰਕਾਰੀ ਅਦਾਰੇ ਹੀ ਦੇਣ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਮੈਂਬਰ ਅਮ੍ਰਿਤ ਢਿਲੋਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ਸਾਂਝੀਆਂ ਕੀਤੀਆਂ। ਤਰਕਸ਼ੀਲ ਸੋਸਾਇਟੀ ਦੇ ਕੋਆਰਡੀਨੇਟਰ ਬਲਰਾਜ ਸ਼ੌਕਰ ਨੇ ਵੀ ਅਪਣੇ ਵਿਚਾਰ ਰੱਖੇ। ਬਲਜੀਤ ਬੈਂਸ ਨੇ ਅਪਣੀ ਸੁਰੀਲੀ ਆਵਾਜ਼ ਵਿਚ ਇਨਕਲਾਬੀ ਗੀਤ ઑ’ਸੱਚ ਦੇ ਸੰਗਰਾਮ ਨੇ ਹਰਨਾ ਨਹੀਂ਼’ ਗਾਇਆ। ਸਟੇਜ ਦੀ ਜ਼ਿੰਮੇਵਾਰੀ ਹਰਬੰਸ ਮੱਲ੍ਹੀ ਨੇ ਬਾਖੂਬੀ ਨਿਭਾਈ।

 

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …