Breaking News
Home / ਕੈਨੇਡਾ / ਕੈਨੇਡਾ ਵਿੱਚ ਹੋਇਆ ‘ਮਿਸ ਵਰਲਡ ਪੰਜਾਬਣ ਸੁੰਦਰਤਾ’ ਮੁਕਾਬਲਾ

ਕੈਨੇਡਾ ਵਿੱਚ ਹੋਇਆ ‘ਮਿਸ ਵਰਲਡ ਪੰਜਾਬਣ ਸੁੰਦਰਤਾ’ ਮੁਕਾਬਲਾ

ਹਰਿਆਣੇ ਦੀ ਗੁਰਪ੍ਰੀਤ ਕੌਰ ਨੇ ਜਿੱਤਿਆ ‘ਮਿਸ ਵਰਲਡ ਪੰਜਾਬਣ ਸੁੰਦਰਤਾ’ ਦਾ ਖਿਤਾਬ
ਬਰੈਂਪਟਨ/ਹਰਜੀਤ ਬਾਜਵਾ : ਵਤਨੋਂ ਦੂਰ ਟੀ ਵੀ/ਰੇਡੀਓ ਦੇ ਸੰਚਾਲਕ ਸੁੱਖੀ ਨਿੱਝਰ, ਤਲਵਿੰਦਰ ਕੌਰ ਨਿੱਝਰ ਵੱਲੋਂ ਸੱਭਿਆਚਾਰਕ ਸੱਥ ਪੰਜਾਬ ਦੇ ਨਿਰਦੇਸ਼ਕ ਜਸਮੇਰ ਸਿੰਘ ਢੱਟ ਦੀ ਨਿਰਦੇਸ਼ਨਾਂ ਹੇਠ ਸਲਾਨਾਂ ‘ਮਿਸ ਵਰਲਡ ਪੰਜਾਬਣ’ ਸੁੰਦਰਤਾ ਮੁਕਾਬਲਾ ਲੰਘੇ ਦਿਨੀ ਮਿਸੀਸਾਗਾ ਦੇ ਲੀਵਿੰਗ ਆਰਟ ਸੈਂਟਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜਿੱਥੇ ਮਹਿਮਾਨਾਂ ਵਿੱਚ ਸਿਆਸੀ ਅਤੇ ਗੈਰ ਸਿਆਸੀ ਲੋਕ ਪਹੁੰਚੇ ਹੋਏ ਸਨ ਉੱਥੇ ਹੀ ਪੰਜਾਬ ਦੀ ਪ੍ਰਸਿੱਧ ਗਾਇਕਾ ਅਮਰ ਨੂਰੀ ਵਿਸ਼ੇਸ਼ ਤੌਰ ‘ਤੇ ਪਹੁੰਚੀ ਹੋਈ ਸੀ ਜਿਸ ਨੇ ਪੰਜਾਬੀ ਫਿਲਮਾਂ ਦੇ ਨਿਰਦੇਸ਼ਕ ਗੁਰਬੀਰ ਗਰੇਵਾਲ ਅਤੇ ਪਾਕਿਸਤਾਨੀ ਗਾਇਕਾ ਫਰਵਾ ਖਾਨ ਨਾਲ ਮਿਲ ਕੇ ਜੱਜਾਂ ਦੀ ਜ਼ਿੰਮੇਵਾਰੀ ਵੀ ਨਿਭਾਈ। ਇਸ ਸਮਾਗਮ ਦੌਰਾਨ ਨੀਲੀਬਾਰ ਸਟੋਰ ਵੱਲੋਂ ਵੱਖ-ਵੱਖ ਪੁਸ਼ਾਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਜਦੋਂ ਕਿ ਮੰਡੇਰ ਭਰਾਵਾਂ ਅਤੇ ਗਾਇਕ ਦਿਲਜਾਨ ਨੇ ਆਪੋ ਆਪਣੇ ਗੀਤਾਂ ਨਾਲ ਵਧੀਆ ਹਾਜ਼ਰੀ ਲੁਆਈ। ਸਟੇਜ ਸੰਚਾਲਕ ਦੀ ਭੂਮਿਕਾ ਵਿੱਚ ਪ੍ਰਸਿੱਧ ਰੰਗਕਰਮੀ ਅਤੇ ਸ਼ਬਦਾਂ ਦਾ ਜਾਦੂਗਰ ਨਿਰਮਲ ਜੌੜਾ ਸਾਰੇ ਸਮਾਗਮ ਵਿੱਚ ਛਾਇਆ ਰਿਹਾ। ਸਮਾਗਮ ਦੌਰਾਨ ਹੋਏ ਵੱਖ-ਵੱਖ ਪੜਾਵਾਂ ਦੇ ਸੁੰਦਰਤਾ ਮੁਕਾਬਲਿਆਂ ਵਿੱਚ ਹਰਿਆਣਾ ਸੂਬੇ ਦੀ ਉੱਚੀ ਲੰਮੀ ਮੁਟਿਆਰ ਗੁਰਪ੍ਰੀਤ ਕੌਰ ਆਪਣੀ ਦਿਲਕਸ਼ ਅਦਾਕਾਰੀ ਨਾਲ 14ਵਾਂ ‘ਮਿਸ ਵਰਲਡ ਪੰਜਾਬਣ 2017’ ਦਾ ਮੁੱਖ ਸੁੱਦਰਤਾ ਖਿਤਾਬ ਜਿੱਤ ਕੇ ਲੈ ਗਈ। ਸ਼ੁਰੂਆਤ ਤੋਂ ਅੰਤ ਤੱਕ ਤਿੰਨ-ਚਾਰ ਹਿੱਸਿਆਂ ਵਿੱਚ ਵੰਡਿਆ ਇਹ ਮੁਕਾਬਲਾ ਜਿੱਥੇ ਕਾਫੀ ਖਿੱਚ ਦਾ ਕੇਂਦਰ ਰਿਹਾ ਉੱਥੇ ਹੀ ਪਹਿਲੇ ਹਿੱਸੇ ਵਿੱਚ ਡੋਲੀ ਦੀ ਭੁਮਿਕਾ ਵਿੱਚ ਕਈ ਮੁਟਿਆਰਾਂ ਨੇ ‘ਧੀਆਂ ਨੇ ਕੀ ਲੇਖ ਲਿਖਾਏ’ ਗੀਤ ਤੇ ਆਪਣੇ ਆਪ ਨੂੰ ਪੇਸ਼ ਕਰਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਦੂਜੇ ਹਿੱਸੇ ਵਿੱਚ ਵੱਖ-ਵੱਖ ਗੀਤਾਂ ‘ਤੇ ਮੁਟਿਆਰਾਂ ਵੱਲੋਂ ਪੇਸ਼ ਇਕਹਰੇ ਨਾਚ ਨੇ ਵੀ ਦਰਸ਼ਕਾਂ ਦੇ ਦਿਲਾਂ ‘ਤੇ ਚੰਗੀ ਛਾਪ ਛੱਡੀ।
ਸਮਾਗਮ ਦੇ ਆਖਰੀ ਦੌਰ ਵਿੱਚ ਤਾਂ ਗਿੱਧੇ ਵਿੱਚ ਇਹਨਾਂ ਮੁਟਿਆਰਾਂ ਨੇ ਨੱਚ-ਨੱਚ ਕੇ ਸਟੇਜ ਥੱਲੜੀ ਥਾਂ ਹੀ ਪੋਲੀ ਕਰ ਦਿੱਤੀ ਜਿਸ ਵਿੱਚ ਮੁਟਿਆਰਾਂ ਦੀ ਚੰਗੀ ਸ਼ਲਾਘਾ ਹੋਈ। ਪੰਜਾਬੀ ਸੱਭਿਆਚਾਰ ਵਿੱਚ ਪੈਂਦੀਆਂ ਬਾਤਾਂ, ਨਿੱਤ ਵਰਤੋਂ ਵਿੱਚ ਆਉਂਣ ਵਾਲੀਆਂ ਚੀਜ਼ਾਂ, ਕਹਾਵਤਾਂ, ਖੇਤਾਂ, ਖੂਹਾਂ, ਹਲਾਂ, ਟੱਲੀਆਂ, ਰੱਸਿਆਂ, ਤੰਦੂਰਾਂ ਭੱਠੀਆਂ ਟਿੱਬਿਆਂ, ਖਾਲਿਆਂ, ਛੱਪੜਾਂ, ਬੰਬੀਆਂ, ਜਹੀਆਂ ਵਿਰਸੇ ਦੀਆਂ ਬਾਤਾਂ ਚੋਂ ਪੁੱਛੇ ਗਏ ਸਵਾਲ/ਜਵਾਬ ਵੀ ਸੁੱਦਰਤਾ ਮੁਕਾਬਲੇ ਦੀ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਵੱਖ-ਵੱਖ ਦੇਸ਼ਾਂ ਤੋਂ ਇਲਾਵਾ ਕਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਆ ਕੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਵਿੱਚੋਂ ਪ੍ਰਭਦੀਪ ਵਿੰਨੀਪੈੱਗ ਨੂੰ ‘ਖੂਬਸੂਰਤ ਚਿਹਰਾ’ ਟੋਰਾਂਟੋਂ ਦੀ ਹਰਪ੍ਰੀਤ ਕੌਰ ਨੂੰ ‘ਖੂਬਸੂਰਤ ਮੁਸਕਾਨ’,ਮਿਸੀਸਾਗਾ ਦੀ ਰਾਬੀਆ ਰੰਧਾਵਾ ਨੂੰ ‘ਮ੍ਰਿਗ ਨੈਣੀ’, ਅਮਰੀਕਾ ਦੀ ਗੁਰਲੀਨ ਨੂੰ ‘ਲੰਮ ਸੁਲੰਮੀ ਗੁੱਤ’, ਬਰੈਂਪਟਨ ਦੀ ਜਸਪ੍ਰੀਤ ਮਾਂਗਟ ਨੂੰ ‘ਸੁੰਦਰ ਤਵੱਚਾ’, ਓਟਵਾ ਦੀ ਰਜਿੰਦਰ ਖੁਹਰਾ ਨੂੰ ‘ਗੁਣਵੰਤੀ ਪੰਜਾਬਣ’ ਜਰਮਨ ਦੀ ਏਕਲਪ੍ਰੀਤ ਨੂੰ ‘ਸੁੰਦਰ ਲਾੜੀ’ ਆਸਟਰੇਲੀਆ ਦੀ ਖਾਹਸ਼ ਕਾਹਲੋਂ ਨੂੰ’ ਨਿਪੁੰਨ ਪੰਜਾਬਣ’, ਵੈਨਕੂਵਰ ਦੀ ਸੁਖਪਿੰਦਰ ਮਾਨ ਨੂੰ ‘ਗਿੱਧਿਆਂ ਦੀ ਰਾਣੀ’ ਅਤੇ ਬੰਗਲੌਰ ਦੀ ਹਰਨੀਤ ਕੌਰ ਨੂੰ ‘ਖੂਬਸੂਰਤ ਡਾਂਸ’ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਅਮਰ ਨੂਰੀ ਨੇ ਆਖਿਆ ਕਿ ਇਹ ਸੁੰਦਰਤਾ ਮੁਕਾਬਲੇ ਇਕੱਲੇ ਚਿਹਰਿਆਂ ਦੀ ਸੁੰਦਰਤਾ ਨੂੰ ਹੀ ਨਹੀ ਬਲਕਿ ਲਿਆਕਤ, ਸੁੱਚਜਤਾ, ਬੋਲ-ਚਾਲ, ਮਿਲਣਸਾਰਤਾ, ਮਿੱਠਬੋਲੜਾ ਹੋਣਾ ਅਤੇ ਸਾਊ ਅਤੇ ਨਿਮਰ ਸੁਭਾਅ ਦੀ ਵੀ ਪਰਖ ਕਰਦੇ ਹਨ ਜਿਹੜੇ ਕਿ ਜ਼ਿੰਦਗੀ ਦੀ ਹਰ ਕਸੌਟੀ ਤੇ ਕੰਮ ਆਉਂਦੇ ਹਨ। ਇਸ ਮੌਕੇ ਮੈਂਬਰ-ਪਾਰਲੀਮੈਟ ਸੋਨੀਆ ਸਿੱਧੂ ਵੱਲੋਂ ਪ੍ਰਬੰਧਕਾਂ ਨੂੰ ਪ੍ਰਸੰਸਾ ਪੱਤਰ ਵੀ ਭੇਟ ਕੀਤਾ ਗਿਆ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …