Breaking News
Home / ਕੈਨੇਡਾ / ਬੀਸੀ ਵਿਧਾਨ ਸਭਾ ਵਿਕਟੋਰੀਆ ‘ਚ ਪੰਜਾਬੀ ਪ੍ਰੈੱਸ ਕਲੱਬ ਆਫ ਬੀ.ਸੀ. ਦਾ ਸ਼ਾਨਦਾਰ ਸਵਾਗਤ

ਬੀਸੀ ਵਿਧਾਨ ਸਭਾ ਵਿਕਟੋਰੀਆ ‘ਚ ਪੰਜਾਬੀ ਪ੍ਰੈੱਸ ਕਲੱਬ ਆਫ ਬੀ.ਸੀ. ਦਾ ਸ਼ਾਨਦਾਰ ਸਵਾਗਤ

ਸਰੀ/ਡਾ. ਗੁਰਵਿੰਦਰ ਸਿੰਘ : ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਪਾਉਣ ਦੇ ਹੱਕ ਦੀ 75ਵੀਂ ਵਰ੍ਹੇਗੰਢ ਅਤੇ ਖਾਲਸਾ ਸਾਜਨਾ ਨੂੰ ਸਮਰਪਿਤ ‘ਸਿੱਖ ਵਿਰਾਸਤੀ ਮਹੀਨੇ’ ‘ਤੇ ਬੀਸੀ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਨੇ ਵਿਸ਼ੇਸ਼ ਉਪਰਾਲਾ ਕਰਦਿਆਂ, ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਮੀਡੀਏ ਦੀ ਮੁੱਖ ਸੰਸਥਾ ‘ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ’ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ। ਬੀਸੀ ਵਿਧਾਨ ਸਭਾ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਪੰਜਾਬੀ ਪ੍ਰੈੱਸ ਕਲੱਬ ਨੂੰ ਸੰਸਥਾ ਦੇ ਰੂਪ ਵਿੱਚ ਅਜਿਹਾ ਸਨਮਾਨ ਦਿੱਤਾ ਗਿਆ। ਬੀਸੀ ਵਿਧਾਨ ਸਭਾ ਵਿੱਚ ਸੱਤਾਧਾਰੀ ਨਿਊ ਡੈਮੋਕਰੈਟਿਕ ਪਾਰਟੀ ਦੀ ਵਰਣਨ- ਮੌਨੇਸ਼ੀ ਤੋਂ ਵਿਧਾਇਕਾ ਹਰਵਿੰਦਰ ਕੌਰ ਸੰਧੂ ਨੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਜਰਨਲਿਜ਼ਮ ਦੇ ਉੱਚ-ਕੋਟੀ ਦੇ ਮਿਆਰ ਕਾਇਮ ਰੱਖ ਕੇ ਅਤੇ ਲੋਕਤੰਤਰਿਕ ਢੰਗ ਨਾਲ ਆਵਾਜ਼ ਬੁਲੰਦ ਕਰਕੇ, ਆਪਣੇ 13 ਪ੍ਰਮੁਖ ਅਸੂਲਾਂ ‘ਤੇ ਪਹਿਰਾ ਦਿੰਦਾ ਹੋਇਆ ਇਕ ਸ਼ਾਨਦਾਰ ਸੰਸਥਾ ਵਜੋਂ ਕਾਰਜ ਕਰਦਾ ਹੈ। ਉਨ੍ਹਾਂ ਬੀਸੀ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਚ ਮੌਜੂਦ, ਪੰਜਾਬੀ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਵਿੱਚ ਸ਼ਾਮਲ ਸ਼ਖ਼ਸੀਅਤਾਂ ਬਲਜਿੰਦਰ ਕੌਰ (ਸਾਂਝਾ ਟੀਵੀ ਅਤੇ ਰੇਡੀਓ ਪੰਜਾਬ), ਖੁਸ਼ਪਾਲ ਸਿੰਘ ਗਿੱਲ (ਸੱਚ ਦੀ ਆਵਾਜ਼) ਅਖ਼ਬਾਰ, ਬਲਦੇਵ ਸਿੰਘ ਮਾਨ (ਰੈੱਡ ਐਫਐਮ ਰੇਡੀਓ), ਡਾ ਗੁਰਵਿੰਦਰ ਸਿੰਘ ਧਾਲੀਵਾਲ (ਚੈਨਲ ਪੰਜਾਬੀ), ਕਮਲਜੀਤ ਸਿੰਘ ਰੰਧਾਵਾ (ਐਸ ਵਾਈ ਮੀਡੀਆ ਗਰੁੱਪ), ਰਛਪਾਲ ਸਿੰਘ ਗਿੱਲ (ਪੰਜਾਬੀ ਟ੍ਰਿਬਿਊਨ), ਬਖਸ਼ਿੰਦਰ ਖੇਲਾ (ਫ੍ਰੀਲਾਂਸ ਜਰਨਲਿਸਟ), ਵਿੰਨੀ ਕੈਂਬੋ (ਕੁਨੈਕਟ ਐਫ ਐਮ) ਰੇਡੀਓ, ਕੁਲਦੀਪ ਸਿੰਘ (ਐਫ ਵਾਈ ਆਈ ਮੀਡੀਆ ਸਾਂਝਾ ਟੀਵੀ ਪੰਜਾਬ ਰੇਡੀਓ) ਅਤੇ ਸੰਤੋਖ ਸਿੰਘ ਸਿੰਘ ਮੰਡੇਰ (ਇੰਡੋ ਕੈਨੇਡੀਅਨ ਟਾਈਮਜ਼) ਨੂੰ ਜੀ ਆਇਆ ਆਖਿਆ। ਇਸ ਮਗਰੋਂ ਵਿਰੋਧੀ ਧਿਰ ਲਿਬਰਲ ਪਾਰਟੀ ਅਤੇ ਗਰੀਨ ਪਾਰਟੀ ਦੇ ਬੁਲਾਰਿਆਂ ਨੇ ਵੀ ਬੀਸੀ ਵਿਧਾਨ ਸਭਾ ਦੇ ਰਿਕਾਰਡ ਵਿੱਚ, ਪੰਜਾਬੀ ਪ੍ਰੈੱਸ ਕਲੱਬ ਬੀਸੀ ਦੇ ਸਨਮਾਨ ਵਿੱਚ ਪ੍ਰਸ਼ੰਸਾਯੋਗ ਸ਼ਬਦ ਇਸਤੇਮਾਲ ਕਰਦਿਆਂ, ਇਹ ਪਲ ਯਾਦਗਾਰੀ ਬਣਾਏ। ਇਸ ਮੌਕੇ ‘ਤੇ ਮਾਨਯੋਗ ਸਪੀਕਰ ਰਾਜ ਚੌਹਾਨ ਵੱਲੋਂ ਪੰਜਾਬੀ ਪ੍ਰੈੱਸ ਕਲੱਬ ਲਈ ਵਿਸ਼ੇਸ਼ ਤੌਰ ‘ਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਅਤੇ ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਪਾਉਣ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿਚ ਵਿਸਥਾਰ ਸਹਿਤ ਵਿਚਾਰ ਸਾਂਝੇ ਕੀਤੇ।
ਇਸ ਦੌਰਾਨ ਬੀਸੀ ਵਿਧਾਨ ਸਭਾ ਦੀ ਚੱਲਦੀ ਕਾਰਵਾਈ ਮੌਕੇ ਹਾਜ਼ਰ ਪੰਜਾਬੀ ਪ੍ਰੈੱਸ ਕਲੱਬ ਦੀਆਂ ਸ਼ਖ਼ਸੀਅਤਾਂ ਨੇ, ਬੀਸੀ ਵਿਧਾਨ ਸਭਾ ਵਿੱਚ ਐਨਡੀਪੀ ਵਿਧਾਇਕਾ ਅਤੇ ਨਸਲਵਾਦ ਵਿਰੋਧੀ ਮਾਮਲਿਆਂ ਸਬੰਧੀ ਸੰਸਦੀ ਸਕੱਤਰ ਰਚਨਾ ਸਿੰਘ ਵੱਲੋਂ ਸਿੱਖ ਹੈਰੀਟੇਜ ਮਹੀਨੇ ਅਤੇ ਵੋਟ ਪਾਉਣ ਦੇ ਹੱਕ ਦੇ ਸੰਘਰਸ਼ ਬਾਰੇ ਵਡਮੁੱਲੀ ਜਾਣਕਾਰੀ ਹਾਸਲ ਕੀਤੀ।
ਪੰਜਾਬੀ ਪ੍ਰੈੱਸ ਕਲੱਬ ਆਫ਼ ਬੀਸੀ ਦੇ ਮੈਂਬਰਾਂ ਨਾਲ ਨਿੱਘੀ ਮਿਲਣੀ ਵਿੱਚ ਸ਼ਾਮਲ ਸ਼ਖ਼ਸੀਅਤਾਂ ਵਿੱਚ ਡਿਪਟੀ ਪ੍ਰੀਮੀਅਰ ਮਾਈਕ ਫਾਰਨ ਵਰਥ, ਵਿਰੋਧੀ ਧਿਰ ਲਿਬਰਲ ਪਾਰਟੀ ਦੇ ਆਗੂ ਕੇੈਵਿਨ ਫਾਲਕਨ, ਸ਼ਰਲੀ ਬੌਂਡ, ਕਿਰਤ ਮੰਤਰੀ ਹੈਰੀ ਬੈਂਸ, ਕੌਕਸ ਲੀਡਰ ਜਗਰੂਪ ਸਿੰਘ ਬਰਾੜ, ਮੰਤਰੀ ਰਵੀ ਕਾਹਲੋਂ, ਵਿਧਾਇਕ ਅਮਨ ਸਿੰਘ ਅਤੇ ਜਿੰਨੀ ਸਿਮਜ਼ ਸਮੇਤ ਕਈ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ। ਸਿੱਖ ਵਿਰਾਸਤੀ ਮਹੀਨੇ ਦੇ ਮੱਦੇ-ਨਜ਼ਰ ਪੰਜਾਬੀ ਪ੍ਰੈੱਸ ਕਲੱਬ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਡਾ. ਗੁਰਬਖਸ਼ ਸਿੰਘ ਦੀ ਸਿੱਖ ਵਿਰਾਸਤ ਬਾਰੇ ਲਿਖੀ ਅੰਗਰੇਜ਼ੀ ਦੀ ਕਿਤਾਬ ਭੇਟ ਕੀਤੀ ਗਈ। ਪੰਜਾਬੀ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਖੁਸ਼ਪਾਲ ਸਿੰਘ ਗਿੱਲ ਨੇ ਬੀਸੀ ਵਿਧਾਨ ਸਭਾ ਦੇ ਸਮੂਹ ਧਿਰਾਂ ਦਾ ਪੰਜਾਬੀ ਪ੍ਰੈੱਸ ਕਲੱਬ ਨੂੰ ਵਿਸ਼ੇਸ਼ ਸੱਦਾ ਅਤੇ ਸਨਮਾਨ ਕਰਨ ਲਈ ਧੰਨਵਾਦ ਕੀਤਾ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …