Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਛੇਵੇਂ ਮਲਟੀਕਲਚਰਲ ਕੈਨੇਡਾ ਡੇਅ ਫੈਸਟੀਵਲ ਨੂੰ ਸੀਨੀਅਰਜ ਦਾ ਮਿਲਿਆ ਲਾਮਿਸਾਲ ਹੁੰਗਾਰਾ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਛੇਵੇਂ ਮਲਟੀਕਲਚਰਲ ਕੈਨੇਡਾ ਡੇਅ ਫੈਸਟੀਵਲ ਨੂੰ ਸੀਨੀਅਰਜ ਦਾ ਮਿਲਿਆ ਲਾਮਿਸਾਲ ਹੁੰਗਾਰਾ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਸਨਿਚਰਵਾਰ ਨੂੰ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵੱਲੋਂ ਬਰੈਂਪਟਨ ਦੀਆਂ 40 ਸੀਨੀਅਰਜ ਕਲੱਬਜ਼ ਦੇ ਸਹਿਯੋਗ ਨਾਲ ਸੇਵ ਮੈਕਸ ਸਪੋਰਟਸ ਸੈਂਟਰ ਵਿੱਚ ਮਲਟੀਕਲਚਰਲ ਕਨੇਡਾ ਡੇਅ ਫੈਸਟੀਵਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸਟੇਜ ਸਕੱਤਰ ਪ੍ਰੀਤਮ ਸਿੰਘ ਸਰਾਂ ਨੇ ਫੰਕਸ਼ਨ ਦੀ ਸ਼ੁਰੂਆਤ ਕਰਦਿਆਂ ਅੱਠਵੀਂ ਗਰੇਡ ਦੀ ਵਿਦਿਆਰਥਣ ਅਸ਼ਨੀਰ ਕੌਰ ਮਾਂਗਟ ਨੂੰ ਸਟੇਜ ‘ਤੇ ਆਉਣ ਲਈ ਕਿਹਾ, ਜਿਸਨੇ ਕੌਮੀ ਗੀਤ ‘ਓ ਕਨੇਡਾ’ ਗਾਇਆ ਤੇ ਸਾਰੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਸਦਾ ਸਾਥ ਦਿੱਤਾ। ‘ਦੇ
ਸ਼ਿਵਾ ਵਰ ਮੋਹੇ’, ਦਾ ਸ਼ਬਦ ਉਚਾਰਨ ਤੋਂ ਪਿਛੋਂ ਪਹਿਲਾਂ ਹੀ ਉਲੀਕੇ ਗਏ ਫੈਸਟੀਵਲ ਦੀਆਂ ਵੱਖ-ਵੱਖ ਵੰਨਗੀਆਂ ਨੇ ਆਪਣੇ ਰੰਗ ਵਖੇਰਨੇ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਸਾਹਮਣੇ ਫੂਡ ਟੇਬਲ ਵਲ ਨੂੰ ਆ ਰਹੀ ਦਰਸ਼ਕਾਂ ਦੀ ਲੰਬੀ ਲਾਈਨ ਨਾਂ ਤਾਂ ਛੋਟੀ ਹੋ ਰਹੀ ਸੀ ਤੇ ਨਾ ਹੀ ਪ੍ਰਿਤਪਾਲ ਸਿੰਘ ਗਰੇਵਾਲ ਤੇ ਇਕਬਾਲ ਸਿੰਘ ਵਿਰਕ ਦੀ ਨਿਗਰਾਨੀ ਹੇਠ ਕੰਮ ਕਰ ਰਹੀ ਟੀਮ ਨੇ ਫੂਡ ਟਰੱਕ ਰਾਹੀਂ ਆ ਰਹੇ ਗਰਮ ਫੂਡ ਸਪਲਾਈ ਵਿਚ ਵਿਘਨ ਪੈਣ ਦਿੱਤਾ। ਸਟੇਜ ‘ਤੇ ਸਭ ਤੋਂ ਪਹਿਲਾਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਬੀ ਨੇ ਸਾਰੇ ਮਹਿਮਾਨਾਂ ਤੇ ਸੀਨੀਅਰਜ਼ ਨੂੰ ਜੀ ਅਇਆਂ ਕਿਹਾ ਤੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਤੇ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਸੀਨੀਅਰਜ਼ ਦੀਆਂ ਮਾਨਸਿਕ ਤੇ ਸਿਹਤ ਸਬੰਧੀ ਲਗਾਏ ਸੈਮੀਨਾਰਾਂ ਤੇ ਯੋਗਾ ਕੈਂਪਾਂ ਦਾ ਵਰਨਣ ਕੀਤਾ ਗਿਆ। ਇਸ ਤੋਂ ਪਿਛੋਂ ਰਣਜੀਤ ਸਿੰਘ ਲਾਲ ਦੇ ਸੰਗੀਤਕ ਗਰੁੱਪ ਨੇ ਸੰਗੀਤ ਦੇ ਸਾਜਾਂ ਨਾਲ ਮਿੱਠੀ ਅਵਾਜ਼ ਵਿੱਚ ਆਪਣਾ ਤਰਾਨਾ ਪੇਸ਼ ਕੀਤਾ। ਇਸ ਵਿੱਚ ਜਿੱਥੇ ਉੱਚ ਦਰਜੇ ਦੇ ਸਹਿਤਕ ਗੀਤ ਸੰਗੀਤ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ, ਉਥੇ, ਸੀਨੀਅਰ ਲੇਡੀਜ ਵਲੋਂ ਪੰਜਾਬੀ ਸਭਿਆਚਾਰ ਦਾ ਅਟੁੱਟ ਅੰਗ ਗਿੱਧਾ ਤੇ ਜਾਗੋ ਦੀ ਪੇਸ਼ਕਾਰੀ ਕੀਤੀ ਗਈ। ਚਾਰ ਅੰਕਾਂ ਦੀ ਗਿਣਤੀ ਨੂੰ ਟੱਪ ਚੁੱਕੇ ਦਰਸ਼ਕਾਂ ਦੇ ਭਾਰੀ ਇੱਕਠ ਵਲੋਂ, ਖਾਸਕਰ ਵੱਡੀ ਗਿਣਤੀ ਵਿੱਚ ਪਹੁੰਚੀਆਂ ਲੇਡੀਜ ਵਲੋਂ, ਪ੍ਰਸੰਸਾ ਵਜੋਂ, ਆਪ ਮੁਹਾਰੇ ਲਗਾਤਾਰ ਵੱਜ ਰਹੀਆਂ ਤਾੜੀਆਂ ਨੇ, ਤੇ ਗਿੱਧੇ ਦੀ ਧਮਕ ਨੇ ਕੰਪਲੈਕਸ ਦੇ ਵੱਡੇ ਹਾਲ ਨੂੰ ਗੂੰਜਣ ਲਾ ਦਿਤਾ। ਇਸ ਦੇ ਨਾਲ ਹੀ ਵੱਖ-ਵੱਖ ਬੁਲਾਰਿਆਂ ਨੇ ਖਾਸਕਰ ਸਕੂਲ ਟਰੱਸਟੀ ਸਤਪਾਲ ਜੌਹਲ ਤੇ ਐਮ ਪੀ ਪੀ ਅਮਰਜੋਤ ਸਿੰਘ ਸੰਧੂ ਨੇ ਆਪਣੇ ਵਿਚਾਰ ਪੇਸ਼ ਕੀਤੇ। ਵੱਖ-ਵੱਖ ਸਿਟੀ ਕੌਸਲਰਜ਼ ਹਰਕੀਰਤ ਸਿੰਘ ਤੇ ਰਿਜਨਲ ਕੌਸਲਰ ਗੁਰਪ੍ਰਤਾਪ ਸਿੰਘ ਤੂਰ ਨੇ ਵੀ ਸੀਨੀਅਰਜ਼ ਨੂੰ ਪੇਸ਼ ਸਮੱਸਿਆਵਾਂ ਦੇ ਹੱਲ ਲਈ ਹੋਰ ਯਤਨਸ਼ੀਲ ਹੋਣ ਦਾ ਵਾਅਦਾ ਕੀਤਾ। ਹਰਬੰਸ ਸਿੰਘ ਤੇ ਦਵਿੰਦਰ ਸਿੰਘ ਤੂਰ ਨੇ ਬਲਦੇਵ ਔਲਖ ਦੇ ਸਹਿਯੋਗ ਨਾਲ ਅਗਾਂਹ ਵਧੂ ਲੋਕ ਸਹਿਤ ਰਚਨਾਵਾਂ ਨਾਲ ਸਬੰਧਤ ਕਿਤਾਬਾਂ ਦਾ ਸਟਾਲ ਲਾਇਆ ਹੋਇਆ ਸੀ , ਜਿੱਥੇ ਵੱਡੀ ਗਿਣਤੀ ਵਿੱਚ ਸੀਨੀਅਰਜ਼ ਦਿਲਚਸਪੀ ਲੈ ਕੇ ਖਰੀਦਾਰੀ ਕਰ ਰਹੇ ਸਨ। ਐਸੋਸੀਏਸ਼ਨ ਦੇ ਮੀਡੀਆ ਐਡਵਾਈਜ਼ਰ ਮਹਿੰਦਰ ਸਿੰਘ
ਮੋਹੀ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਪਰਵਾਸੀਆਂ ਦੀ ਸਭਿਆਚਾਰਕ ਭੁੱਖ ਪੂਰੀ ਕਰਨ ਲਈ ਪੰਜਾਬੀ ਵਿਰਸੇ ਨਾਲ ਸਬੰਧਤ ਉਸਾਰੂ ਸੇਧ ਦੇਣ ਵਾਲੇ ਫੈਸਟੀਵਲ ਮਨਾਉਣ ਤੇ ਜੋਰ ਦਿੱਤਾ। ਸਿਟੀ ਮੇਅਰ ਪੈਟ੍ਰਿਕ ਬ੍ਰਾਉਨ ਨੇ ਸੀਨੀਅਰਜ਼ ਨੂੰ ਫੈਸਟੀਵਲ ਦੀ ਵਧਾਈ
ਦਿੰਦਿਆਂ ਸਿਟੀ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਤੇ ਭਵਿੱਖ ਵਿੱਚ ਸੀਨੀਅਰਜ਼ ਦੇ ਹਿਤਾਂ ਦੀ ਪੂਰਤੀ ਲਈ ਹੋਰ ਕਦਮ ਚੁੱਕਣ ਦਾ ਵਾਅਦਾ ਕੀਤਾ। ਪਰਵਾਸੀ ਪੈਨਸ਼ਨਰ ਐਸੋਸੀਏਸ਼ਨ ਵਲੋਂ ਜੰਗੀਰ ਸਿੰਘ ਕਾਹਲੋਂ ਤੇ ਕਨੇਡਾ ਤਰਕਸ਼ੀਲ ਸੁਸਾਇਟੀ ਵਲੋਂ ਡਾ. ਬਲਜਿੰਦਰ ਸਿੰਘ ਸੇਖੋਂ ਤੇ ਹਰਬੰਸ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਐਸੋਸੀਏਸ਼ਨ ਨੂੰ ਇਸ ਵਿਸ਼ਾਲ ਫੈਸਟੀਵਲ ਨੂੰ ਉਲੀਕਣ ‘ਤੇ ਵਧੀਆ ਪ੍ਰਬੰਧ ਕਰਨ ਦੀ ਵਧਾਈ ਦਿੱਤੀ। ਕਨੇਡਾ ਦੇ ਡਾਈਵਰਸਿਟੀ ਦੇ ਮੰਤਰੀ ਕਮਲ ਖੈਰਾ ਨੇ ਵੀ ਸਮਾਗਮ ਵਿੱਚ ਪਹੁੰਚ ਕੇ ਉਹਨਾਂ ਵਲੋਂ ਸੀਨੀਅਰਜ ਦੇ ਮੰਤਰੀ ਹੋਣ ਵੇਲੇ ਉਹਨਾਂ ਦੇ ਹਿਤ ਵਿੱਚ ਕੀਤੇ ਗਏ ਫੈਸਲਿਆਂ ਬਾਰੇ ਵਿਸਥਾਰ ਨਾਲ ਦੱਸਿਆ।
ਸਾਰੇ ਸੀਨੀਅਰਜ਼ ਨੂੰ ਸ਼ਾਨਦਾਰ ਫੰਕਸ਼ਨ ਕਰਨ ‘ਤੇ ਵਧਾਈ ਦਿੱਤੀ। ਅਖੀਰ ਵਿੱਚ ਨਾਹਰ ਔਜਲਾ ਦੀ ਟੀਮ ਵੱਲੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਕਨੇਡਾ ਵਿੱਚ ਮਾਨਸਿਕ ਤੇ ਆਰਥਿਕ ਲੁੱਟ ‘ਤੇ ਚਾਨਣਾ ਪਾਉਣ ਵਾਲਾ ਨਾਟਕ ਖੇਡਿਆ ਗਿਆ। ਜਿਸਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ ਤੇ ਭਰਪੂਰ ਹੁੰਗਾਰਾ ਦਿੱਤਾ। ਅੰਤ ਵਿੱਚ ਜੰਗੀਰ ਸਿੰਘ ਸੈਂਬੀ ਨੇ ਸਾਰੇ ਸੀਨੀਅਰਜ਼ ਦਾ ਪੰਜ ਘੰਟੇ ਦੇ ਇਸ ਫੈਸਟੀਵਲ ਵਿੱਚ ਲਗਾਤਾਰ ਹਾਜਰ ਰਹਿਣ ਤੇ ਸਾਰੀਆਂ ਕਲੱਬਾਂ ਦੇ ਪ੍ਰਧਾਨਾਂ ਤੇ ਪ੍ਰਬੰਧਕਾ ਦਾ ਧੰਨਵਾਦ ਕੀਤਾ।

 

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …