0.8 C
Toronto
Tuesday, January 6, 2026
spot_img
Homeਕੈਨੇਡਾਚਾਚਾ ਅਜੀਤ ਸਿੰਘ ਦੇ ਜਨਮ-ਦਿਵਸ ਨੂੰ ਸਮਰਪਿਤ ਜੂਮ ਮੀਟਿੰਗ

ਚਾਚਾ ਅਜੀਤ ਸਿੰਘ ਦੇ ਜਨਮ-ਦਿਵਸ ਨੂੰ ਸਮਰਪਿਤ ਜੂਮ ਮੀਟਿੰਗ

ਬਰੈਂਪਟਨ/ਡਾ. ਝੰਡ : ਨੌਰਥ ਅਮੈਰੀਕਨ ਤਰਕਸ਼ੀਲ ਸੋਸਾਇਟੀ ਆਫ਼ ਓਨਟਾਰੀਓ ਵੱਲੋਂ ਸ਼ਹੀਦ ਭਗਤ ਸਿੰਘ ਦੇ ਸਤਿਕਾਰਯੋਗ ਚਾਚਾ ਜੀ ਦੇ 140ਵੇਂ ਜਨਮ-ਦਿਨ ਨੂੰ ਸਮੱਰਪਿਤ ਭਰਵੀਂ ਜ਼ੂਮ-ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿਚ ਮੁੱਖ-ਬੁਲਾਰੇ ਪੰਜਾਬ ਤੋਂ ਡਾ. ਚਮਨ ਲਾਲ ਸਨ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਰਗੀਆਂ ਮਿਆਰੀ ਯੂਨੀਵਰਸਿਟੀਆਂ ਵਿਚ ਬਤੌਰ ਪ੍ਰੋਫ਼ੈਸਰ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਬਾਰੇ ਉੱਪਰ ਡੂੰਘੀ ਖੋਜ ਉਪਰੰਤ ਕਈ ਪੁਸਤਕਾਂ ਲਿਖੀਆਂ ਹਨ। ਜ਼ੂਮ-ਮੀਟਿੰਗ ਦੀ ਸ਼ੁਰੂਆਤ ਤਰਕਸ਼ੀਲ ਸੋਸਾਇਟੀ ਦੇ ਕਨਵੀਨਰ ਬਲਦੇਵ ਸਿੰਘ ਰਹਿਪਾ ਵੱਲੋਂ ਪੰਜਾਬ ਤੋਂ ਮੀਟਿੰਗ ਦੇ ਮੁੱਖ-ਬੁਲਾਰੇ ਅਤੇ ਹਾਜ਼ਰ ਮੈਂਬਰਾਂ ਕਹੇ ਗਏ ਸੁਆਗਤੀ ਸ਼ਬਦਾਂ ਨਾਲ ਕੀਤੀ ਗਈ। ਉਪਰੰਤ, ਕਿਸਾਨ ਅੰਦੋਲਨ ਸ਼ਹੀਦ ਹੋਏ ਕਿਸਾਨਾਂ ਅਤੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਬਾਨੀ ਤੇ ਕਿਰਤੀ ਕਿਸਾਨ ਯੁਨੀਅਨ ਦੇ ਆਗੂ ਮਾਸਟਰ ਦਾਤਾਰ ਸਿੰਘ ਦੇ ਬੇਵਕਤ ਅਕਾਲ-ਚਲਾਣਾ ਕਰ ਜਾਣ ઑਤੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਨ ਲਈ ਇਕ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਇਸ ਤੋਂ ਬਾਅਦ ਮੀਟਿੰਗ ਦੇ ਸੰਚਾਲਕ ਡਾ. ਬਲਜਿੰਦਰ ਸੇਖੋਂ ਵੱਲੋਂ ਡਾ. ਚਮਨ ਲਾਲ ਹੋਰਾਂ ਨੂੰ ਚਾਚਾ ਅਜੀਤ ਸਿੰਘ ਸਬੰਧੀ ਆਪਣਾ ਭਾਸ਼ਨ ਆਰੰਭ ਕਰਨ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਅਜੀਤ ਸਿੰਘ ਜੀ ਦੇ ਪਿਛੋਕੜ ਵੱਲ ਝਾਤੀ ਪਵਾਉਂਦਿਆਂ ਦੱਸਿਆ ਕਿ ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਾਰਲੀ ਨਾਲ ਸਬੰਧਿਤ ਹੈ ਜਿੱਥੇ 23 ਫ਼ਰਵਰੀ 1881 ਨੂੰ ਉਨ੍ਹਾਂ ਦਾ ਜਨਮ ਹੋਇਆ। ਹੋਰ ਜਾਣਕਾਰੀ ਸਾਂਝੀ ਕਰਦਿਆਂ ਡਾ. ਚਮਨ ਲਾਲ ਨੇ ਦੱਸਿਆ ਕਿ 1909 ਵਿਚ ਅਜੀਤ ਸਿੰਘ ਅਰਬ, ਇਰਾਨ, ਤੁਰਕੀ, ਰੂਸ, ਫ਼ਰਾਂਸ, ਫਿਨਲੈਂਡ,ਇਟਲੀ, ਜਰਮਨੀ, ਆਦਿ ਦੇਸ਼ਾਂ ਵਿਚ ਗਏ ਅਤੇ ਉੱਥੇ ਕਿਸਾਨੀ ਨਾਲ ਜੁੜੇ ਲੋਕਾਂ ਦੀਆਂ ਮੀਟਿੰਗਾਂ ਵਿਚ ਸ਼ਿਰਕਤ ਕਰਦੇ ਰਹੇ।
ਡਾ. ਚਮਨ ਲਾਲ ਹੁਰਾਂ ਦੇ ਭਾਸ਼ਨ ਤੋਂ ਬਾਅਦ ਉਨ੍ਹਾਂ ਨੂੰ ਮੀਟਿੰਗ ਵਿਚ ਸ਼ਾਮਲ ਕਈ ਸਾਥੀਆਂ ਵੱਲੋਂ ਸੁਆਲ ਪੁੱਛੇ ਗਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਬੜੇ ਤਹੱਮਲ ਨਾਲ ਦਿੱਤੇ ਗਏ। ਸੁਆਲ ਕਰਨ ਵਾਲਿਆਂ ਵਿਚ ਵੈਨਕੂਵਰ ਤੋਂ ਡਾ. ਸਾਧੂ ਬਿਨਿੰਗ, ਕੈਮਲੂਪਸ ਤੋਂ ਡਾ.ਸੁਰਿੰਦਰ ਧੰਜਲ, ਵਿੰਨੀਪੈੱਗ ਤੋਂ ਜਸਵੀਰ ਮੰਗੂਵਾਲ, ਨਿਊਯਾਰਕ ਤੋਂ ਹਰਜੀਤ ਸਿੰਘ ਸੰਧੂ, ਬਾਲਟੀਮੋਰ (ਅਮਰੀਕਾ) ਤੋਂ ਰਵਿੰਦਰ ਸਹਿਰਾਅ, ਬਰੈਂਪਟਨ ਤੋਂ ਬਲਵਿੰਦਰ ਸਿੰਘ ਬਰਨਾਲਾ ਤੇ ਕਈ ਹੋਰ ਸ਼ਾਮਲ ਸਨ। ਜ਼ੂਮ-ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਦਿੱਲੀ ਕਿਸਾਨ ਮੋਰਚੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ, ਪੱਤਰਕਾਰਾਂ ਅਤੇ ਵਾਤਾਵਰਣ-ਪ੍ਰੇਮੀ ਦਿਸ਼ਾ ਰਵੀ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਨ ਹਮਾਇਤ ਕੀਤੀ ਗਈ। ਅਖ਼ੀਰ ਵਿਚ ਡਾ. ਬਲਜਿੰਦਰ ਸੇਖੋਂ ਵੱਲੋਂ ਮੁੱਖ-ਬੁਲਾਰੇ ਡਾ. ਚਮਨ ਲਾਲ ਅਤੇ ਇਸ ਜੂਮ-ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS