Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਜੂਨ ਮਹੀਨੇ ਦੇ ਸਮਾਗਮ ‘ਚ ਪੁਸਤਕਾਂ ‘ਤਰਕ ਅਤਰਕ’ ਤੇ ‘ਪੰਜਾਬੀ ਲੋਕ-ਨਾਟਕ’ ਲੋਕ ਅਰਪਿਤ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਜੂਨ ਮਹੀਨੇ ਦੇ ਸਮਾਗਮ ‘ਚ ਪੁਸਤਕਾਂ ‘ਤਰਕ ਅਤਰਕ’ ਤੇ ‘ਪੰਜਾਬੀ ਲੋਕ-ਨਾਟਕ’ ਲੋਕ ਅਰਪਿਤ

ਬਰੈਂਪਟਨ/ਡਾ. ਝੰਡ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ 17 ਜੂਨ ਨੂੰ 21 ਕੋਵੈਂਟਰੀ ਰੋਡ, ਬਰੈਂਪਟਨ ਸਥਿਤ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ (ਐੱਫ਼.ਬੀ.ਆਈ.) ਸਕੂਲ ਵਿਚ ਹੋਏ ਭਰਪੂਰ ਸਮਾਗ਼ਮ ਵਿਚ ਸਭਾ ਦੇ ਸਰਗ਼ਰਮ ਮੈਂਬਰ ਕਰਨ ਅਜਾਇਬ ਸਿੰਘ ਸੰਘਾ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਤਰਕ-ਅਤਰਕ’ ਅਤੇ ਪ੍ਰਿੰਸੀਪਲ (ਡਾ.) ਬਰਿੰਦਰ ਕੌਰ ਦੀ ਪੁਸਤਕ ‘ਪੰਜਾਬੀ ਲੋਕ-ਨਾਟਕ: ਪਾਠ ਅਤੇ ਪਰਦਰਸ਼ਨ ਸ਼ਾਸਤਰ’ ਲੋਕ ਅਰਪਿਤ ਕੀਤੀਆਂ ਗਈਆਂ। ਇਸ ਮੌਕੇਂ ਪ੍ਰਧਾਨਗੀ ਮੰਡਲ ਵਿਚ ਇਨ੍ਹਾਂ ਪੁਸਤਕਾਂ ਦੇ ਲੇਖਕਾਂ ਕਰਨ ਅਜਾਇਬ ਸਿੰਘ ਸੰਘਾ ਅਤੇ ਪ੍ਰਿੰਸੀਪਲ ਬਰਿੰਦਰ ਕੌਰ ਦੇ ਨਾਲ ਪ੍ਰਸਿੱਧ ਕਹਾਣੀਕਾਰ ਕੁਲਜੀਤ ਮਾਨ ਅਤੇ ਕਵੀ ਤੇ ਆਲੋਚਕ ਜਸਬੀਰ ਕਾਲਰਵੀ ਸੁਸ਼ੋਭਿਤ ਸਨ।
ਮਲੂਕ ਸਿੰਘ ਕਾਹਲੋਂ ਵੱਲੋਂ ਆਏ ਹੋਏ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਪੁਸਤਕ ‘ਤਰਕ ਅਤਰਕ’ ਉੱਪਰ ਕੁਲਜੀਤ ਮਾਨ ਅਤੇ ਜਸਬੀਰ ਕਾਲਰਵੀ ਵੱਲੋਂ ਆਪਣੇ ਵਿਚਾਰ ਪੇਪਰਾਂ ਰਾਹੀਂ ਪੇਸ਼ ਕੀਤੇ ਗਏ। ਕੁਲਜੀਤ ਮਾਨ ਨੇ ਆਪਣੇ ਪਰਚੇ ਵਿਚ ਕਿਹਾ ਕਿ ਕਰਨ ਅਜਾਇਬ ਸਿੰਘਾ ਦੀ ਕਵਿਤਾ ਅਤੇ ਉਸ ਦੀ ਸ਼ਖ਼ਸੀਅਤ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਅਤੇ ਅਤਰਕ ਦੀ ਨਵੀਨਤਾ ਨੇ ਹੀ ਨਵਾਂ ਤਰਕ ਪੈਦਾ ਕਰਨਾ ਹੈ ਜਿਸਦੀ ਲੋੜ ਅੱਜ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਕੁਲਜੀਤ ਮਾਨ ਅਨੁਸਾਰ,”ਸਮਾਜ ਦੇ ਸ਼ੀਸ਼ੇ ਦੀ ਸਫ਼ਾਈ ਦੀ ਜ਼ਰੂਰਤ ਹੈ। ਉਹ ਸ਼ੀਸ਼ਾ ਜੋ ਅੱਜ ਸਮੇਂ ਦੀ ਧੂੜ ਨਾਲ ਪੱਥਰ ਬਣ ਗਿਆ ਹੈ।” ਉਨ੍ਹਾਂ ਪੁਸਤਕ ਵਿੱਚੋਂ ਕੁਝ ਟੂਕਾਂ ਦਾ ਹਵਾਲਾ ਦੇ ਕੇ ਆਪਣੇ ਇਸ ਕਥਨ ਦੀ ਪ੍ਰੋੜ੍ਹਤਾ ਕੀਤੀ ਅਤੇ ਕਿਹਾ ਕਿ ਅੱਜ ਸਾਨੂੰ ਕਬੂਤਰ ਦੀ ਅੱਖ ਦੀ ਨਹੀਂ, ਸਗੋਂ ਬਾਜ਼ ਦੀ ਅੱਖ ਲੋੜੀਂਦੀ ਹੈ।
ਜਸਬੀਰ ਕਾਲਰਵੀ ਨੇ ਆਪਣੇ ਪੇਪਰ ਵਿਚ ਕਰਨ ਅਜਾਇਬ ਸੰਘਾ ਦੀ ਕਵਿਤਾ ਨੂੰ ਸਮੇਂ ਦੀ ਹਾਣੀ ਅਤੇ ਪੰਜਾਬ ਦੀ ਅਜੋਕੀ ਸਿਆਸੀ ਅਤੇ ਸਮਾਜਿਕ ਹਾਲਤ ਦੀ ਸਹੀ ਤਸਵੀਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੰਘਾ ਸਾਹਿਬ ਦੀ ਇਸ ਕਾਵਿ-ਪੁਸਤਕ ਵਿਚ ਵਿਸ਼ੇ ਦੇ ਪੱਧਰ ‘ਤੇ ਬਹੁਤ ਸਾਰੀ ਵਿਭਿੰਨਤਾ ਵਿਖਾਈ ਦਿੰਦੀ ਹੈ। ਜਿੱਥੇ ਉਨ੍ਹਾਂ ਦੀਆਂ ਪਹਿਲੀਆਂ ਪੁਸਤਕਾਂ ਦੀਆਂ ਕਵਿਤਾਵਾਂ ਵਿਚ ਅਧਿਆਤਮਵਾਦ ਅਤੇ ਵਿਅੰਗਮਈ ਸਮਾਜਿਕ ਹਾਲਤਾਂ ਦੀ ਵਧੇਰੇ ਝਲਕ ਪੈਂਦੀ ਹੈ, ਉੱਥੇ ਇਸ ਪੁਸਤਕ ਵਿਚ ਨਵੀਆਂ ਕਦਰਾਂ-ਕੀਮਤਾਂ ਦੀ ਸਥਾਪਤੀ ਦੇ ਦੌਰ ਵਿਚ ਹੋ ਰਹੀ ਸਮਾਜਿਕ ਟੁੱਟ-ਭੱਜ ਅਤੇ ਅਜੋਕੇ ਚੱਲ ਰਹੇ ਮਾੜੇ ਸਿਆਸੀ ਹਾਲਾਤ ਦਾ ਬਾਖ਼ੂਬੀ ਜ਼ਿਕਰ ਹੈ। ਉਪਰੰਤ, ਇਨ੍ਹਾਂ ਪੇਪਰਾਂ ਉੱਪਰ ਹੋਈ ਚਰਚਾ ਵਿਚ ਪ੍ਰੋ. ਰਾਮ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ, ਗੁਰਦੇਵ ਸਿੰਘ ਚੌਹਾਨ ਅਤੇ ਬਲਦੇਵ ਦੂਹੜੇ ਨੇ ਭਾਗ ਲਿਆ।
ਪ੍ਰਿੰਸੀਪਲ ਬਰਿੰਦਰ ਕੌਰ ਦੀ ਪੁਸਤਕ ‘ਪੰਜਾਬੀ ਲੋਕ-ਨਾਟਕ: ਪਾਠ ਅਤੇ ਪਰਦਰਸ਼ਨ ਸ਼ਾਸਤਰ ਬਾਰੇ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਸੰਖੇਪ ਜਾਣਕਾਰੀ ਦਿੰਦਿਆਂ ਹੋਇਆਂ ਇਸ ਨੂੰ ਪੰਜਾਬੀ ਨਾਟਕ ਦੇ ਆਲੋਚਨਾ ਅਤੇ ਪਰਦਰਸ਼ਨ ਦੇ ਖ਼ੇਤਰ ਵਿਚ ਨਿੱਗਰ ਵਾਧਾ ਕਿਹਾ। ਡਾ. ਬਰਿੰਦਰ ਕੌਰ ਨੇ ਆਪਣੀ ਪੁਸਤਕ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਕਈ ਲੋਕਧਾਰਾ ਸ਼ਾਸਤਰੀ ਲੋਕ-ਨਾਟਕ ਨੂੰ ਲੋਕ-ਸਾਹਿਤ ਦਾ ਹਿੱਸਾ ਮੰਨਣ ਨੂੰ ਹੀ ਤਿਆਰ ਨਹੀਂ ਹਨ। ਉਨ੍ਹਾਂ ਆਪਣੀ ਪੁਸਤਕ ਵਿਚ ਵੱਖ-ਵੱਖ ਪੰਜਾਬੀ ਲੋਕ-ਨਾਟਕੀ ਰੂਪਾਂ ਰਾਮ ਲੀਲ੍ਹਾ, ਰਾਸ ਲੀਲ੍ਹਾ, ਨਕਲ , ਜਲਸਾ, ਖਿਉੜੇ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ। ਉਪਰੰਤ, ਦੋਹਾਂ ਪੁਸਤਕਾਂ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਦੇ ਮੈਂਬਰਾਂ ਅਤੇ ਕੁਝ ਮਹਿਮਾਨਾਂ ਵੱਲੋਂ ਇਕੱਠਿਆ ਲੋਕ-ਅਰਪਿਤ ਕੀਤਾ ਗਿਆ। ਬਲਰਾਜ ਚੀਮਾ ਨੇ ਆਪਣੀਆਂ ਬੜੀਆਂ ਖ਼ੂਬਸੂਰਤ ਟਿੱਪਣੀਆਂ ਨਾਲ ਦੋਹਾਂ ਪੁਸਤਕਾਂ ਦੇ ਲੋਕ-ਅਰਪਿਤ ਹੋਣ ਦੀ ਕਾਰਵਾਈ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਮੇਟਿਆ। ਸਮਾਗ਼ਮ ਦੇ ਇਸ ਭਾਗ ਦਾ ਸੰਚਾਲਨ ਤਲਵਿੰਦਰ ਸਿੰਘ ਮੰਡ ਵੱਲੋਂ ਕੀਤਾ ਗਿਆ। ਸਮਾਗ਼ਮ ਦੇ ਦੂਸਰੇ ਭਾਗ ਵਿਚ ਹੋਏ ਕਵੀ-ਦਰਬਾਰ ਵਿਚ ਮੰਚ-ਸੰਚਾਲਕ ਪਰਮਜੀਤ ਸਿੰਘ ਢਿੱਲੋਂ ਵੱਲੋਂ ਸੱਭ ਤੋਂ ਪਹਿਲਾਂ ਕਮਲਜੀਤ ਕੌਰ ਨੂੰ ਆਪਣੀ ਕਵਿਤਾ ਸੁਨਾਉਣ ਲਈ ਸੱਦਾ ਦਿੱਤਾ ਗਿਆ ਜਿਸ ਨੇ ਭਰੂਣ-ਹੱਤਿਆ ਬਾਰੇ ਬੜੀ ਭਾਵੁਕ ਕਵਿਤਾ ਪੇਸ਼ ਕੀਤੀ। ਉਪਰੰਤ, ਇਕਬਾਲ ਬਰਾੜ, ਸੰਨੀ ਸ਼ਿਵਰਾਜ, ਅਨੂਪ ਔਜਲਾ ਅਤੇ ਰਿੰਟੂ ਭਾਟੀਆ ਵੱਲੋਂ ਖ਼ੂਬਸੂਰਤ ਗੀਤ ਪੇਸ਼ ਕੀਤੇ ਗਏ ਅਤੇ ਫਿਰ ਵਾਰੋ-ਵਾਰੀ ਅਜੀਤ ਸਿੰਘ, ਅਵਤਾਰ ਸਿੰਘ ਅਰਸ਼ੀ, ਗਿਆਨ ਸਿੰਘ ਦਰਦੀ, ਮਕਸੂਦ ਚੌਧਰੀ, ਪਰਮਜੀਤ ਸਿੰਘ ਗਿੱਲ, ਅਮਰ ਸਿੰਘ ਢੀਂਡਸਾ ਤੇ ਹਰਦਿਆਲ ਝੀਤਾ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਸਮਾਗ਼ਮ ਦੇ ਇਸ ਭਾਗ ਦੇ ਪ੍ਰਧਾਨਗੀ-ਮੰਡਲ ਵਿਚ ਸ਼ਾਮਲ ਰਾਜਦੀਪ ਤੂਰ ਅਤੇ ਅਮਰਜੀਤ ਕੌਰ ਵਿਰਕ ਨੇ ਵੀ ਆਪਣੀਆਂ ਗ਼ਜ਼ਲਾਂ ਤੇ ਕਵਿਤਾਵਾਂ ਸੁਣਾਈਆਂ, ਜਦ ਕਿ ਇਸ ਦੇ ਤੀਸਰੇ ਮੈਂਬਰ ਪ੍ਰਸਿੱਧ ਪੱਤਰਕਾਰ ਸੱਤਪਾਲ ਜੌਹਲ ਨੇ ਆਪਣੇ ਸੰਬੋਧਨ ਰਾਹੀਂ ਕੈਨੇਡਾ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਚੱਲ ਰਹੀਆਂ ਕਈ ਘਟਨਾਵਾਂ ਦਾ ਜ਼ਿਕਰ ਕਰਦਿਆਂ ਹੋਇਆਂ ਇਨ੍ਹਾਂ ਤੋਂ ਸਬਕ ਸਿੱਖਣ ਦੀ ਗੱਲ ਕੀਤੀ। ਸਮੁੱਚੇ ਸਮਾਗ਼ਮ ਵਿਚ ਫ਼ੋਟੋਗਰਾਫ਼ੀ ਦੀ ਸੇਵਾ ਰਾਜਪਾਲ ਹੋਠੀ ਵੱਲੋਂ ਨਿਭਾਈ ਗਈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …