ਪ੍ਰਧਾਨ ਮੰਤਰੀ ਨੇ ਇੰਤਜ਼ਾਰ ਕਰਨ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਪਿਛਲੇ ਦਿਨਾਂ ਵਿਚ ਹੋਏ ਦੋ ਵੱਡੇ ਰੇਲ ਹਾਦਸਿਆਂ ਤੋਂ ਬਾਅਦ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਰੇਲ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਖੁਦ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਅਜੇ ਸੁਰੇਸ਼ ਪ੍ਰਭੂ ਨੂੰ ਇੰਤਜ਼ਾਰ ਕਰਨ ਲਈ ਕਿਹਾ ਹੈ। ਟਵੀਟ ਕਰਦਿਆਂ ਸੁਰੇਸ਼ ਪ੍ਰਭੂ ਨੇ ਲਿਖਿਆ ਹੈ ਕਿ ਯਾਤਰੀਆਂ ਦੀ ਜਾਨ ਚਲੇ ਜਾਣ ਕਾਰਨ ਦੁਖੀ ਹਾਂ। ਰੇਲ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਵੱਲੋਂ ਰੇਲਵੇ ਦੀ ਬਿਹਤਰੀ ਲਈ ਖੂਨ-ਪਸੀਨਾ ਇੱਕ ਕੀਤਾ ਹੈ। ਉਨ੍ਹਾਂ ਵੱਲੋਂ ਰੇਲਵੇ ਦੇ ਸਾਰੇ ਖੇਤਰਾਂ ਵਿਚ ਸੁਧਾਰ ਲਈ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਰੇਲ ਮੰਤਰੀ ਦੇ ਅਸਤੀਫੇ ਬਾਰੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਵਿੱਚ ਜਵਾਬਦੇਹੀ ਚੰਗੀ ਗੱਲ ਹੈ। ਚੇਤੇ ਰਹੇ ਕਿ ਰੇਲਵੇ ਬੋਰਡ ਦੇ ਚੇਅਰਮੈਨ ਏ ਕੇ ਮਿੱਤਲ ਨੇ ਵੀ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਦੀ ਜਗ੍ਹਾ ‘ਤੇ ਅਸ਼ਵਨੀ ਲੋਹਾਨੀ ਨੂੰ ਚੇਅਰਮੈਨ ਬਣਾਇਆ ਗਿਆ ਹੈ।