Breaking News
Home / ਪੰਜਾਬ / ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 8 ਤੋਂ 11 ਨਵੰਬਰ ਤੱਕ ਕਰਵਾਇਆ ਜਾਵੇਗਾ ਡੇਰਾ ਬਾਬਾ ਨਾਨਕ ਉਤਸਵ : ਸੁਖਜਿੰਦਰ ਰੰਧਾਵਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 8 ਤੋਂ 11 ਨਵੰਬਰ ਤੱਕ ਕਰਵਾਇਆ ਜਾਵੇਗਾ ਡੇਰਾ ਬਾਬਾ ਨਾਨਕ ਉਤਸਵ : ਸੁਖਜਿੰਦਰ ਰੰਧਾਵਾ

ਰਾਗ ਦਰਬਾਰ, ਸ਼ਬਦ ਕੀਰਤਨ, ਢਾਡੀ/ਵਾਰਾਂ, ਕਵੀਸ਼ਰੀ, ਕਵੀ ਤੇ ਸਾਹਿਤ ਸੰਮੇਲਨ ਤੋਂ ਇਲਾਵਾ ਸਰਬ ਸਾਂਝੀਵਾਲਤਾ ਦਾ ਕਾਫਲਾ ਕੱਢਿਆ ਜਾਵੇਗਾ
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਦੀ ਆਓ ਭਗਤ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ
ਡੇਰਾ ਬਾਬਾ ਨਾਨਕ ਨੂੰ ਖੁਸ਼ਬੂਆਂ ਦਾ ਸ਼ਹਿਰ ਬਣਾਉਣ ਲਈ ਸਾਢੇ ਪੰਜ ਲੱਖ ਖੁਸ਼ਬੂ ਵਾਲੇ ਫੁੱਲਾਂ ਦੇ ਬੂਟੇ ਲਗਾਏ ਜਾਣਗੇ ਜਿਸ ਨਾਲ ਪੂਰਾ ਸ਼ਹਿਰ ਮਹਿਕੇਗਾ
ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਦੇਖਦਿਆਂ 8 ਤੋਂ 11 ਨਵੰਬਰ ਨੂੰ ਡੇਰਾ ਬਾਬਾ ਨਾਨਕ ਉਤਸਵ ਕਰਵਾਇਆ ਜਾਵੇਗਾ। ਉਤਸਵ ਦੌਰਾਨ ਰਾਗ ਦਰਬਾਰ, ਸ਼ਬਦ ਕੀਰਤਨ, ਢਾਡੀ/ਵਾਰਾਂ, ਕਵੀਸ਼ਰੀ ਤੋਂ ਇਲਾਵਾ ਸਾਹਿਤ ਤੇ ਕਵੀ ਸੰਮੇਲਨ ਕਰਵਾਇਆ ਜਾਵੇਗਾ। ਸਾਰੇ ਸਮਾਗਮਾਂ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਉਪਦੇਸ਼ਾਂ ਦੁਆਲੇ ਕੇਂਦਰਿਤ ਹੋਵੇਗਾ ਅਤੇ ਪ੍ਰਦਰਸ਼ਨੀਆਂ ਰਾਹੀਂ ਗੁਰੂ ਸਾਹਿਬ ਦੇ ਜੀਵਨ, ਉਦਾਸੀਆਂ ਤੇ ਸਾਖੀਆਂ ਨੂੰ ਦਿਖਾਇਆ ਜਾਵੇਗਾ।
ਇਹ ਖੁਲਾਸਾ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ। ਸ. ਰੰਧਾਵਾ ਵੱਲੋਂ ਡੇਰਾ ਬਾਬਾ ਨਾਨਕ ਉਤਸਵ ਦੀ ਅਧਿਕਾਰਤ ਵੈਬਸਾਈਟ ਅਤੇ ਫੇਸਬੁੱਕ, ਟਵਿੱਟਰ, ਇੰਸਟਾਗਰਾਮ ਆਦਿ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀ ਲਾਂਚ ਕੀਤੇ ਗਏ।
ਸ. ਰੰਧਾਵਾ ਨੇ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲਿਆ ਹੈ। ਇਸ ਮੌਕੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਨਾਲ ਨਾਨਕ ਨਾਮ ਲੇਵਾ ਸੰਗਤ ਦੀ ਵਰ੍ਹਿਆਂ ਤੋਂ ਕੀਤੀ ਜਾ ਰਹੀ ਅਰਦਾਸ ਵੀ ਪੂਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਡੇਰਾ ਬਾਬਾ ਨਾਨਕ ਦਰਸ਼ਨੀ ਢਿਉਡੀ ਸਮਾਨ ਹੈ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਦੇ ਨਾਲ ਡੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦਾ ਧੁਰਾ ਹੋਵੇਗਾ ਜਿਸ ਲਈ ਸਥਾਨਕ ਪ੍ਰਸ਼ਾਸ਼ਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸ਼ਰਧਾਲੂਆਂ ਦੀ ਆਓ ਭਗਤ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਸ. ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਉਤਸਵ ਦੇ ਸਮਾਗਮਾਂ ਲਈ 30 ਹਜ਼ਾਰ ਸ਼ਰਧਾਲੂਆਂ ਦੀ ਸਮਰੱਥਾ ਵਾਲਾ ਪੰਡਾਲ ਸਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 5000 ਸ਼ਰਧਾਲੂਆਂ ਦੇ ਠਹਿਰਨ ਦੀ ਸਮਰੱਥਾ ਵਾਲੀ ਟੈਂਟ ਸਿਟੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਰਧਾਲੂਆਂ ਲਈ ਠਹਿਰਨ, ਲੰਗਰ, ਪਾਰਕਿੰਗ ਆਦਿ ਦੀ ਸਹੂਲਤ ਤੋਂ ਇਲਾਵਾ ਹੋਰਨਾਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਜਾਵੇ। ਉਤਸਵ ਦੌਰਾਨ ਪਾਰਕਿੰਗ ਵਾਲੀ ਥਾਂ ਤੋਂ ਮੁੱਖ ਪੰਡਾਲ ਤੱਕ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਨੂੰ ਖੁਸ਼ਬੂਆਂ ਦਾ ਸ਼ਹਿਰ ਬਣਾਉਣ ਲਈ ਸਾਢੇ ਪੰਜ ਲੱਖ ਖੁਸ਼ਬੂ ਵਾਲੇ ਫੁੱਲਾਂ ਦੇ ਬੂਟੇ ਲਗਾਏ ਜਾਣਗੇ ਜਿਸ ਨਾਲ ਪੂਰਾ ਸ਼ਹਿਰ ਮਹਿਕੇਗਾ। ਇਹ ਸੇਵਾ ਸ੍ਰੀ ਗੰਗਾ ਨਰਸਰੀ ਜ਼ੀਰਕਪੁਰ ਦੇ ਮਨਜੀਤ ਸਿੰਘ ਵੱਲੋਂ ਕੀਤੀ ਜਾਵੇਗੀ।
ਉਤਸਵ ਦੌਰਾਨ ਕਰਵਾਏ ਜਾਣ ਵਾਲੇ ਅਤੇ ਅਗੇਤੇ ਪ੍ਰੋਗਰਾਮਾਂ ਦੇ ਵੇਰਵੇ ਦਿੰਦਿਆਂ ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਪ੍ਰੀ ਫੈਸਟੀਵਲ ਸਮਾਗਮਾਂ ਦੀ ਸ਼ੁਰੂਆਤ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਜਾਣਗੇ ਜਿਨ੍ਹਾਂ ਵਿੱਚ ਆਨਲਾਈਨ ਯੁਵਕ ਮੇਲਾ ਕਰਵਾਇਆ ਜਾਵੇਗਾ ਜਿਸ ਵਿੱਚ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਟੀਮਾਂ 3 ਗਰੁੱਪ ਅਤੇ 10 ਵਿਅਕਤੀਗਤ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ। ਸ਼ਬਦ ਗਾਇਨ, ਢਾਡੀ/ਵਾਰਾਂ, ਕਵੀਸ਼ਰੀ, ਪੇਂਟਿੰਗ ਆਦਿ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ 1 ਤੋਂ 20 ਅਕਤੂਬਰ ਤੱਕ ਵੈਬਸਾਈਟ ਰਾਹੀਂ ਆਪਣੀ ਪੇਸ਼ਕਾਰੀ ਦੇਣਗੀਆਂ ਜਿਨ੍ਹਾਂ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਦੀ ਡੇਰਾ ਬਾਬਾ ਨਾਨਕ ਉਤਸਵ ਦੌਰਾਨ 8 ਨਵੰਬਰ ਤੋਂ ਮੁੱਖ ਸਟੇਜ ਤੋਂ ਪੇਸ਼ਕਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਗਰੁੱਪ ਮੁਕਾਬਲੇ ਵਿੱਚ ਪਹਿਲੇ ਸਥਾਨ ਵਾਲੀ ਟੀਮ ਨੂੰ 71 ਹਜ਼ਾਰ ਰੁਪਏ, ਦੂਜੇ ਸਥਾਨ ਲਈ 51 ਹਜ਼ਾਰ ਰੁਪਏ ਤੇ ਤੀਜੇ ਸਥਾਨ ਲਈ 31 ਹਜ਼ਾਰ ਰੁਪਏ ਜਦੋਂ ਕਿ ਵਿਅਕਤੀਗਤ ਮੁਕਾਬਲੇ ਲਈ ਪਹਿਲੇ ਸਥਾਨ ਲਈ 51 ਹਜ਼ਾਰ ਰੁਪਏ, ਦੂਜੇ ਸਥਾਨ ਲਈ 31 ਹਜ਼ਾਰ ਰੁਪਏ ਤੇ ਤੀਜੇ ਸਥਾਨ ਲਈ 21 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਲਘੂ ਫਿਲਮਾਂ ਦਾ ਫੈਸਟੀਵਲ ਵੀ ਆਨਲਾਈਨ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 20 ਸਤੰਬਰ ਤੋਂ ਡੇਰਾ ਬਾਬਾ ਨਾਨਕ ਦੇ 100 ਪਿੰਡਾਂ ਵਿੱਚ ਨੁੱਕੜ ਨਾਟਕ ਖੇਡੇ ਜਾਇਆ ਕਰਨਗੇ। ਇਸੇ ਤਰ੍ਹਾਂ ਸਾਰੇ ਪਿੰਡਾਂ ਤੋਂ ਰਵਾਇਤੀ ਟਰਾਂਸਪੋਰਟ ਸਾਧਨਾਂ ਜਿਵੇਂ ਕਿ ਟਰੈਕਟਰਾਂ, ਗੱਡਿਆਂ ਆਦਿ ਰਾਹੀਂ ਸਰਬ ਸਾਂਝੀਵਾਲਤਾ ਕਾਫਲਾ ਕੱਢਿਆ ਜਾਵੇਗਾ।
ਸ. ਰੰਧਾਵਾ ਨੇ ਅੱਗੇ ਦੱਸਿਆ ਕਿ 8 ਤੋਂ 11 ਨਵੰਬਰ ਤੱਕ ਚੱਲਣ ਵਾਲੇ ਡੇਰਾ ਬਾਬਾ ਨਾਨਕ ਉਤਸਵ ਦੌਰਾਨ ਪ੍ਰਸਿੱਧ ਰਾਗੀਆਂ ਵੱਲੋਂ ਰਾਗ ਦਰਬਾਰ, ਕੀਰਤਨੀ ਜੱਥਿਆਂ ਵੱਲੋਂ ਸ਼ਬਦ ਕੀਰਤਨ, ਢਾਡੀ/ਕਵੀਸ਼ਰਾਂ ਵੱਲੋਂ ਵੱਲੋਂ ਢਾਡੀ/ਵਾਰਾਂ, ਕਵੀਸ਼ਰ ਦਰਬਾਰ ਲਗਾਇਆ ਜਾਵੇਗਾ। ਇਸ ਮੌਕੇ ਕਥਾ ਦਰਬਾਰ ਵੀ ਸਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੁਰਲੱਭ ਬੀੜਾਂ ਦੇ ਵੀ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਬਹੁਭਾਸ਼ੀ ਕਵੀ ਦਰਬਾਰ ਵਿੱਚ ਦੇਸ਼ ਦੀਆਂ 24 ਭਾਸ਼ਾਵਾਂ ਦੇ ਕਵੀ ਸ਼ਾਮਲ ਹੋਣਗੇ। ਸਾਹਿਤ ਮੇਲੇ ਵਿੱਚ ਵੱਡੇ ਸਾਹਿਤਕਾਰ ਤੇ ਸਿੱਖ ਵਿਦਵਾਨ ਪੈਨਲ ਚਰਚਾ ਅਤੇ ਆਪਣੇ ਪੇਪਰ ਪੜ੍ਹਨਗੇ। ਆਰਟ ਫੈਸਟੀਵਲ ਵਿੱਚ ਸ਼ਿਲਪਕਾਰ ਆਪਣੀਆਂ ਕਲਾ ਕ੍ਰਿਤਾਂ ਸਜਾਉਣਗੇ। ਇਸੇ ਤਰ੍ਹਾਂ ਥਿਏਟਰ ਫੈਸਟੀਵਲ ਵਿੱਚ ਉੱਘੇ ਰੰਗਕਰਮੀ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਆ ਦਾ ਬੁੱਤ ਵੀ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਅਤੇ ਆਲੇ ਦੁਆਲੇ ਨੂੰ ਵਿਰਾਸਤੀ ਦਿੱਖ ਦਿੱਤੀ ਜਾ ਰਹੀ ਹੈ।
ਮੁਹਾਲੀ ‘ਚ ਲਾਈਟ ਐਂਡ ਸਾਊਂਡ ਜ਼ਰੀਏ ਦੇਖਿਆ ਬਾਬੇ ਨਾਨਕ ਦਾ ਜੀਵਨ
ਮੁਹਾਲੀ : ਮੁਹਾਲੀ ਵਿਖੇ ਸੋਮਵਾਰ ਨੂੰ ਲਾਈਟ ਐਂਡ ਸਾਊਂਡ ਪ੍ਰੋਗਰਾਮ ਰਾਹੀਂ ਸੰਗਤ ਨੇ ਨਾ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ ਨੂੰ ਅੱਖਾਂ ਸਾਹਮਣੇ ਜੀਵਿਆ, ਬਲਕਿ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਵੀ ਲਈ। ਇਹ ਪ੍ਰੋਗਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਮੁਹਾਲੀ ਦੇ ਸੈਕਟਰ 78 ਸਥਿਤ ਸਪੋਰਟਸ ਕੰਪਲੈਕਸ ‘ਚ ਲਾਈਟ ਐਂਡ ਸਾਊਂਡ ਮਿਊਜ਼ੀਅਮ ਦੇ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਜੋਤੀ ਜੋਤ ਦਿਵਸ ਤੱਕ ਦੇ ਸਫਰ ਦੇ ਰੂਬਰੂ ਹੋਈ। ਇਸ ਮੌਕੇ ਬਲਬੀਰ ਸਿੱਧੂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਇਹ ਪ੍ਰੋਗਰਾਮ ਪੂਰੇ ਸੂਬੇ ਵਿਚ ਕਰਵਾਇਆ ਜਾ ਰਿਹਾ ਹੈ।ਸਿੱਧੂ ਨੇ ਕਿਹਾ ਕਿ ਐਸਜੀਪੀਸੀ ਤੇ ਸਰਕਾਰ ਮਿਲ ਕੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੀ ਹੈ। ਉਧਰ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸਰਕਾਰ ਵਲੋਂ ਜੋ ਯਤਨ ਕੀਤੇ ਗਿਆ, ਉਸ ਦਾ ਲੋਕ ਸਵਾਗਤ ਕਰ ਰਹੇ ਹਨ। ਵੱਡੀ ਗਿਣਤੀ ਵਿਚ ਲੋਕ ਡਿਜ਼ੀਟਲ ਸ਼ੋਅ ਦੇਖਣ ਲਈ ਪਹੁੰਚ ਰਹੇ ਹਨ। ਇਸ ਦੌਰਾਨ ਲੋਕਾਂ ਨੇ ਡਿਜ਼ੀਟਲ ਸ਼ੋਅ ਦਾ ਖੂਬ ਆਨੰਦ ਲਿਆ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …