ਬਰੈਂਪਟਨ/ਬਿਊਰੋ ਨਿਊਜ਼ : ਲੰਮੇ ਸਮੇਂ ਤੋਂ ਸ਼ੂਗਰ ਦੀ ਰੋਕਥਾਮ ਤੇ ਇਲਾਜ ਦੇ ਲਈ ਕੰਮ ਕਰ ਰਹੇ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਡਾਇਬਟੀਜ਼ ਰੋਗੀਆਂ ਲਈ ਨੈਸ਼ਨਲ ਫਰੇਮਵਰਕ ਬਣਾਉਣ ਲਈ ਸੰਸਦ ਵਿਚ ਬਿੱਲ ਸੀ-237 ਪੇਸ਼ ਕੀਤਾ ਗਿਆ ਹੈ। ਬਿੱਲ ਪਾਸ ਹੋਣ ‘ਤੇ ਇਹ ਸ਼ੂਗਰ ਦੇ ਰੋਗੀਆਂ ਲਈ ਇੱਕ ਨਵੀਂ ਆਸ ਦੀ ਕਿਰਨ ਵਾਂਗ ਸਾਬਤ ਹੋਵੇਗਾ ਕਿਉਂਕਿ ਇਸਦੇ ਤਹਿਤ ਸ਼ੂਗਰ ਦੇ ਮਰੀਜ਼ਾਂ ਲਈ ਰਾਸ਼ਟਰੀ ਪੱਧਰ ‘ਤੇ ਫਰੇਮਵਰਕ ਬਣਾਇਆ ਜਾਵੇਗਾ ਜੋ ਕਿ ਉਹਨਾਂ ਦੀ ਬਿਹਤਰ ਅਤੇ ਸਿਹਤਮੰਦ ਜ਼ਿੰਦਗੀ ਦੇ ਨਾਲ ਨਾਲ, ਡਾਇਬਟੀਜ਼ ਦੇ ਇਲਾਜ਼ ਅਤੇ ਰੋਕਥਾਮ ਦੀਆਂ ਹੋਰ ਪੁਖਤਾ ਕੋਸ਼ਿਸ਼ਾਂ ਨੂੰ ਯਕੀਨੀ ਬਣਾਵੇਗਾ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਡਾਇਬਟੀਜ਼ ਰੋਗ ਕੈਨੇਡੀਅਨਾਂ ਖਾਸਕਰ ਸਾਊਥ ਏਸ਼ੀਅਨ ਭਾਈਚਾਰੇ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਜਿੱਥੇ ਇਹ ਰੋਗ ਕਈ ਹੋਰ ਬਿਮਾਰੀਆਂ ਦੀ ਜੜ੍ਹ ਬਣਦਾ ਹੈ, ਉਥੇ ਹੀ ਅਸੀਂ ਇਸ ਦੀ ਰੋਕਥਾਮ ਅਤੇ ਗੰਭੀਰਤਾ ਨੂੰ ਅਣਗੌਲਿਆਂ ਕਰ ਦਿੰਦੇ ਹਾਂ ਜੋ ਅੱਗੇ ਜਾ ਕੇ ਸਿਹਤ ਸਬੰਧੀ ਕਈ ਗੰਭੀਰ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਉਹਨਾਂ ਨੇ ਕਿਹਾ ਕਿ ਹੁਣ ਤੋਂ ਠੀਕ 100 ਸਾਲ ਪਹਿਲਾਂ ਕੈਨੇਡਾ ਵਿਚ ਹੀ ਇਨਸੁਲਿਨ ਦੀ ਖੋਜ ਹੋਈ ਸੀ ਅਤੇ ਹੁਣ ਸਮਾਂ ਹੈ ਕਿ ਅਸੀਂ ਇਸਦੀ ਰੋਕਥਾਮ ਅਤੇ ਇਲਾਜ ਲੱਭਣ ਵਿਚ ਵੀ ਸਾਰੇ ਵਿਸ਼ਵ ‘ਚੋਂ ਮੋਹਰੀ ਹੋਈਏ, ਜਿਸਦੇ ਕਾਰਨ ਮੈਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਇਸ ਖੇਤਰ ਵਿਚ ਲਗਾਤਾਰ ਕੰਮ ਕਰ ਰਹੀ ਹਾਂ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੋਨੀਆ ਸਿੱਧੂ ਵੱਲੋਂ ਪੇਸ਼ ਕੀਤੇ ਗਏ ਬਿੱਲ ਸੀ-237 ਨੂੰ ਕੈਨੇਡਾ ਦੀ ਪ੍ਰਮੁੱਖ ਸੰਸਥਾ ਡਾਇਬਟੀਜ਼ ਕੈਨੇਡਾ ਸਮੇਤ ਸ਼ੂਗਰ ਦੇ ਇਲਾਜ ਅਤੇ ਰੋਕਥਾਮ ਪ੍ਰਤੀ ਗੰਭੀਰ ਹੋਰ ਸਖਸ਼ੀਅਤਾਂ ਅਤੇ ਸੰਸਥਾਵਾਂ ਵੱਲੋਂ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ।
Home / ਕੈਨੇਡਾ / ਸ਼ੂਗਰ ਦੇ ਰੋਗੀਆਂ ਦੀ ਬਿਹਤਰੀ ਅਤੇ ਸਿਹਤਯਾਬੀ ਲਈ ਨਵੀਂ ਆਸ ਬੰਨ੍ਹੇਗਾ ਸੋਨੀਆ ਸਿੱਧੂ ਵਲੋਂ ਲਿਆਂਦਾ ਬਿੱਲ ਸੀ-237
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …