Breaking News
Home / ਕੈਨੇਡਾ / ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦਾ ਸਮਾਗ਼ਮ ਹੋਇਆ

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦਾ ਸਮਾਗ਼ਮ ਹੋਇਆ

canadian-punjabi-sahit-sabha-torontoਪ੍ਰਗਤੀਵਾਦੀ ਪੰਜਾਬੀ ਕਵੀ ਪ੍ਰੋ. ਮੋਹਨ ਸਿੰਘ ਦੀਆਂ ਕਾਵਿ-ਕਿਰਤਾਂ ‘ਤੇ ਚਰਚਾ ਹੋਈ
ਮੰਗਲ ਹਠੂਰ ਦਾ ਗੀਤ-ਸੰਗ੍ਰਹਿ ‘ਜਿਗਰ’ ਲੋਕ-ਅਰਪਿਤ ਅਤੇ ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਇਸ ਮਹੀਨੇ ਦੇ ਸਮਾਗ਼ਮ ਵਿੱਚ ਉੱਘੇ ਪੰਜਾਬੀ ਪ੍ਰਗਤੀਵਾਦੀ ਸ਼ਾਇਰ ਪ੍ਰੋ. ਮੋਹਨ ਸਿੰਘ ਜਿਨ੍ਹਾਂ ਨੇ ਆਧੁਨਿਕ ਪੰਜਾਬੀ ਕਵਿਤਾ ਦਾ ਇੱਕ ਨਵੇਂ ਅਧਿਆਇ ਦੀ ਸ਼ੁਰਆਤ ਕੀਤੀ, ਦੀਆਂ ਰਚਨਾਵਾਂ ਨੂੰ ਚਰਚਾ ਦਾ ਵਿਸ਼ਾ ਬਣਾਇਆ। ਇਸ ਮਹੀਨੇ 20 ਤਰੀਕ ਨੂੰ ਪ੍ਰੋ. ਮੋਹਨ ਸਿੰਘ ਦੇ ਜਨਮ-ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਸਭਾ ਵੱਲੋਂ ਇਹ ਸਮਾਗ਼ਮ ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮੱਰਪਿਤ ਸੀ। ਸਮਾਗ਼ਮ ਵਿੱਚ ਮੁੱਖ-ਵੱਕਤਾ ਵਜੋਂ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਵਿਸਥਾਰ-ਪੂਰਵਕ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬੇਸ਼ਕ ਪ੍ਰੋ. ਮੋਹਨ ਸਿੰਘ ਦੀ ਪਹਿਲੀ ਕਾਵਿ-ਪੁਸਤਕ ‘ਚਾਰ ਹੰਝੂ’ ਸੀ, ਪ੍ਰੰਤੂ ਪ੍ਰਸਿੱਧੀ ਉਨ੍ਹਾਂ ਨੂੰ ‘ਸਾਵੇ ਪੱਤਰ’ ਤੋਂ ਹੀ ਮਿਲੀ ਜਿਸ ਵਿੱਚ ਪਹਿਲੀ ਪੁਸਤਕ ਦੀਆਂ ਕਵਿਤਾਵਾਂ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪ੍ਰੋ. ਸਾਹਿਬ ਦੀ ਕਵਿਤਾ ‘ਬਸੰਤ’ ਵਿਚਲੀ ਸਤਰ ”ਮੋਹਨ ਕਿੰਜ ਤੂੰ ਬਣਦਾ ਸ਼ਾਇਰ ਜੇਕਰ ਮੈਂ ਨਾ ਮਰਦੀ” ਤੋਂ ਪਹਿਲਾਂ ਵੀ ਮੋਹਨ ਸਿੰਘ ਸ਼ਾਇਰ ਸਨ। ਤਾਂ ਹੀ ਉਹ ਏਨੀ ਖ਼ੂਬਸੂਰਤ ਕਵਿਤਾ ਲਿਖ ਸਕੇ।
ਇਸ ਦੌਰਾਨ ਉਨ੍ਹਾਂ ਦੀਆਂ ਦੇਸ਼-ਪਿਆਰ ਦੀਆਂ ਕਵਿਤਾਵਾਂ ‘ਸਿਪਾਹੀ ਦਾ ਦਿਲ’ ਅਤੇ ‘ਹਰੀ ਸਿੰਘ ਨਲੂਆ’ ਅਤੇ ਹੋਰ ਕਈ ਕਵਿਤਾਵਾਂ, ਰੁਬਾਈਆਂ, ਗੀਤ, ਕਹਾਣੀਆਂ ਅਤੇ ਪੁਸਤਕਾਂ ਵੀ ਪ੍ਰੋ. ਕਾਹਲੋਂ ਵੱਲੋਂ ਛੇੜੀ ਗਈ ਚਰਚਾ ਦਾ ਵਿਸ਼ਾ ਬਣੀਆਂ।  ਉੱਘੇ ਗਜ਼ਲਗੋ ਪ੍ਰੋ.ਮਹਿੰਦਰਦੀਪ ਗਰੇਵਾਲ ਨੇ ਪ੍ਰੋ.ਮੋਹਨ ਸਿੰਘ ਦੀ ਸੰਗਤ ਵਿੱਚ ਬਿਤਾਏ ਦਿਨਾਂ ਅਤੇ ਪੰਜਾਬੀ ਸੱਭਿਆਚਾਰ ਦੇ ‘ਥੰਮ੍ਹ’ ਵਜੋਂ ਜਾਣੇ ਜਾਂਦੇ ਜਗਦੇਵ ਸਿੰਘ ਜੱਸੋਵਾਲ ਵੱਲੋਂ ਲੁਧਿਆਣੇ ਵਿੱਚ ‘ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ’ ਸ਼ੁਰੂ ਕਰਨ ਸਮੇਂ ਦੀਆਂ ਯਾਦਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆ। ਡਾ. ਸੁਖਦੇਵ ਸਿੰਘ ਝੰਡ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚਲੇ ਆਪਣੇ ਵਿਦਿਆਰਥੀ ਜੀਵਨਂ ਨੂੰ ਯਾਦ ਕਰਦਿਆਂ ਡਾ. ਮਹਿੰਦਰ ਸਿੰਘ ਰੰਧਾਵਾ ਦੇ ਵਿਸ਼ੇਸ਼ ਯਤਨਾਂ ਨਾਲ ਇਸ ਯੂਨੀਵਸਿਟੀ ਵਿੱਚ ਸਥਾਪਿਤ ਕੀਤੇ ਗਏ ‘ਪੰਜਾਬੀ ਲੈਂਗੂਏਜ, ਹਿਸਟਰੀ ਐਂਡ ਕਲਚਰ’ ਵਿਭਾਗ ਦੇ ਬਾਨੀ ਪ੍ਰੋ.ਮੋਹਨ ਸਿੰਘ ਦੇ ਦਫ਼ਤਰ ਵਿੱਚ ਸੁਰਜੀਤ ਪਾਤਰ ਸਮੇਤ ਕੀਤੀ ਗਈ ਸੰਖੇਪ ਮਿਲਣੀ ਅਤੇ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਗ਼ਜ਼ਲਾਂ ਦਾ ਜ਼ਿਕਰ ਕੀਤਾ। ਪ੍ਰੋ.ਅਤੈ ਸਿੰਘ ਨੇ ਪ੍ਰੋ. ਮੋਹਨ ਸਿੰਘ ਦੀਆਂ ਕਵਿਤਾਵਾਂ ਵਿੱਚ ਖ਼ੂਬਸੂਰਤ ‘ਦ੍ਰਿਸ਼-ਵਰਨਣ’ ਦਾ ਬਾਖ਼ੂਬੀ ਜ਼ਿਕਰ ਕਰਦਿਆਂ ‘ਨਿਸਚੇ’ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਤਲਵਿੰਦਰ ਮੰਡ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਵਿੱਚ ਜਜ਼ਬਾਤ ਭਾਰੂ ਹਨ, ਜਦ ਕਿ ਪ੍ਰੋ.ਮੋਹਨ ਸਿੰਘ ਦੀ ਕਵਿਤਾ ਨੇ ਪੰਜਾਬੀ ਕਵਿਤਾ ਵਿੱਚ ਪ੍ਰਗਤੀਵਾਦੀ-ਲਹਿਰ ਨੂੰ ਜਨਮ ਦਿੱਤਾ। ਸਭਾ ਦੇ ਚੇਅਰਮੈਨ ਬਲਰਾਜ ਚੀਮਾ ਨੇ ਇਸ ਸੈਸ਼ਨ ਦੀ ਕਾਰਵਾਈ ਨੂੰ ਸਮੇਟਦਿਆਂ ਕਿਹਾ ਕਿ ‘ਸਾਵੇ ਪੱਤਰ’ ਪ੍ਰੋ. ਮੋਹਨ ਸਿੰਘ ਦੇ ਨਾਲ ‘ਅਗੇਤਰ’ ਵਾਂਗ ਜੁੜ ਗਿਆ ਹੈ ਅਤੇ ਬਹੁਤੇ ਪੰਜਾਬੀ ਉਨ੍ਹਾਂ ਨੂੰ ‘ਸਾਵੇ ਪੱਤਰ ਵਾਲਾ ਮੋਹਨ ਸਿੰਘ’ ਹੀ ਕਹਿ ਕੇ ਯਾਦ ਕਰਦੇ ਹਨ। ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਭਾਈ ਵੀਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਦੀਆਂ ਕਵਿਤਾਵਾਂ ਵਿੱਚ ਅਧਿਆਤਮਵਾਦ, ਅਲਬੇਲਾਪਨ ਤੇ ਖੁੱਲ੍ਹਾਪਨ ਵਧੇਰੇ ਹੈ। ਪ੍ਰੋ. ਮੋਹਨ ਸਿੰਘ ਨੇ ਉਸ ਸਮੇਂ ਦੀ ਕਵਿਤਾ ਵਿੱਚ ਨਵਾਂ ਮੋੜ ਲਿਆ ਕੇ ਪ੍ਰਗਤੀਵਾਦੀ ਲਹਿਰ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਸਭਾ ਦੇ ਸੀਨੀਅਰ ਮੈਂਬਰ ਜੋਗਿੰਦਰ ਸਿੰਘ ਅਣਖੀਲਾ, ਪ੍ਰਸਿੱਧ ਕਵੀ ਸੁਖਮਿੰਦਰ ਰਾਮਪੁਰੀ, ਗੀਤਕਾਰ ਮੰਗਲ ਹਠੂਰ, ਖੇਡ-ਲੇਖਕ ਪ੍ਰਿੰ. ਸਰਵਣ ਸਿੰਘ ਅਤੇ ਕਵਿੱਤਰੀ ਸੁਖਚਰਨਜੀਤ ਕੌਰ ਗਿੱਲ ਬਿਰਾਜਮਾਨ ਸਨ ਅਤੇ ਇਸ ਸੈਸ਼ਨ ਦੀ ਕਾਰਵਾਈ ਮਲੂਕ ਸਿੰਘ ਕਾਹਲੋਂ ਨੇ ਬਾਖ਼ੂਬੀ ਨਿਭਾਈ।
ਦੂਸਰੇ ਸੈਸ਼ਨ ਵਿੱਚ ਮੰਗਲ ਹਠੂਰ ਦੀ ਪੁਸਤਕ ‘ਜਿਗਰੇ’ ਪ੍ਰਧਾਨਗੀ-ਮੰਡਲ ਅਤੇ ਸਭਾ ਦੇ ਐਗਜ਼ੈਕਟਿਵ ਮੈਂਬਰਾਂ ਵੱਲੋਂ ਲੋਕ-ਅਰਪਿਤ ਕੀਤੀ ਗਈ। ਇਸ ਮੌਕੇ ਪੁਸਤਕ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਕਿਹਾ ਕਿ 79 ਗੀਤਾਂ ਦੇ ਇਸ ਸੰਗ੍ਰਹਿ ਵਿੱਚੋਂ 61 ਗੀਤ ‘ਵਾਰਿਸ-ਭਰਾਵਾਂ’ ਮਨਮੋਹਣ ਵਾਰਿਸ, ਕਮਲ ਹੀਰ ਤੇ ਸੰਗਤਾਰ ਦੇ ਗਾਏ ਹੋਏ ਹਨ ਜਦ ਕਿ ਬਾਕੀ ਦੇ 18 ਗੀਤ ਵੀ ਨਾਮਵਰ-ਗਾਇਕਾਂ ਗਿੱਲ ਹਰਦੀਪ, ਹੈਰੀ ਸੰਧੂ, ਰਵਿੰਦਰ ਗਰੇਵਾਲ, ਈਦੂ ਸ਼ਰੀਫ਼ ਆਦਿ ਦੇ ਗਾਏ ਹੋਏ ਹਨ। ਉਪਰੰਤ, ਤੀਸਰੇ ਭਾਗ ਵਿੱਚ ਕਵੀ ਦਰਬਾਰ ਹੋਇਆ ਜਿਸ ਵਿੱਚ ਕਵੀਆਂ ਅਤੇ ਗਾਇਕਾਂ ਵੱਲੋਂ ਪ੍ਰੋ. ਮੋਹਨ ਸਿੰਘ ਦੀਆਂ ਰਚਨਾਵਾਂ ਅਤੇ ਹੋਰ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ। ਜਿੱਥੇ ਇਕਬਾਲ ਬਰਾੜ, ਪਰਮਜੀਤ ਢਿੱਲੋਂ, ਹੈਰੀ ਸੰਧੂ, ਸੁਖਮਿੰਦਰ ਰਾਮਪੁਰੀ ਅਤੇ ਸੁਖਚਰਨਜੀਤ ਗਿੱਲ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਗੀਤ ਪੇਸ਼ ਕੀਤੇ ਉੱਥੇ ਕਵੀਆਂ ਵਿੱਚ ਕਰਨ ਅਜਾਇਬ ਸਿੰਘ ਸੰਘਾ, ਜੋਗਿੰਦਰ ਸਿੰਘ ਅਣਖੀਲਾ, ਪ੍ਰੋ. ਆਸ਼ਿਕ ਰਹੀਲ, ਮਹਿੰਦਰਦੀਪ ਗਰੇਵਾਲ, ਮਕਸੂਦ ਚੌਧਰੀ, ਸੁਰਜੀਤ ਕੌਰ, ਪਰਮ ਸਰਾਂ, ਅਮਰੀਕ ਰਵੀ, ਹਰਦਿਆਲ ਝੀਤਾ, ਹਰਜੀਤ ਬਾਜਵਾ, ਜਰਨੈਲ ਸਿੰਘ ਬੁੱਟਰ, ਪ੍ਰਿੰ. ਗੁਰਦੀਪ ਸਿੰਘ ਰੰਧਾਵਾ, ਸੁਰਿੰਦਰ ਸ਼ਰਮਾ ਅਤੇ ਕਈ ਹੋਰ ਸ਼ਾਮਲ ਸਨ।
ਅਖ਼ੀਰ ਵਿੱਚ ਪ੍ਰਿੰ. ਸਰਵਣ ਸਿੰਘ ਨੇ ਪ੍ਰਧਾਨਗੀ ਭਾਸ਼ਨ ਵਿੱਚ ਸਮੁੱਚੇ ਸਮਾਗ਼ਮ ਬਾਰੇ ਬੋਲਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀਆਂ ‘ਸਾਵੇ ਪੱਤਰ’ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਦੇਵ ਜੀ ਬਾਰੇ ਪੁਸਤਕ ‘ਨਾਨਕਾਇਣ’ ਤੱਕ ਉਨ੍ਹਾਂ ਦੀ ਆਧੁਨਿਕ ਪੰਜਾਬੀ ਸਾਹਿਤ ਨੂੰ ਵੱਡਮੁੱਲੀ ਦੇਣ ਹੈ ਅਤੇ ਉਹ ਪੰਜਾਬੀ ਕਵਿਤਾ ਵਿੱਚ ਪ੍ਰਗਤੀਵਾਦ ਦੀ ਸ਼ੁਰੂਆਤ ਕਰਨ ਵਾਲੇ ਮੋਢੀ ਕਵੀ ਹਨ। ਇਸ ਸੈਸ਼ਨ ਦੀ ਕਾਵਾਈ ਪਰਮਜੀਤ ਢਿੱਲੋਂ ਨੇ ਬਾਖ਼ੂਬੀ ਨਿਭਾਈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …