ਅੱਤਵਾਦ ‘ਤੇ ਠੋਸ ਕਾਰਵਾਈ ਕਰਨ ਲਈ ਤਿਆਰ ਹੋਣ ਗੁੱਟ ਨਿਰਪੇਖ ਦੇਸ਼
ਪੋਰਲਾਮਾਰ/ਬਿਊਰੋ ਨਿਊਜ਼
ਭਾਰਤ ਚਾਹੁੰਦਾ ਹੈ ਕਿ ਗੁੱਟ ਨਿਰਪੇਖ ਸੰਮੇਲਨ ਰਾਹੀਂ ਅੱਤਵਾਦ ਖ਼ਿਲਾਫ਼ ਲੜਾਈ ਦਾ ਸਖ਼ਤ ਸੰਦੇਸ਼ ਦੁਨੀਆਂ ਨੂੰ ਦਿੱਤਾ ਜਾਵੇ ਤੇ ਅਸੀ ਆਪਸ ਵਿਚ ਮਿਲ ਕੇ ਅੱਤਵਾਦ ਖ਼ਿਲਾਫ਼ ਠੋਸ ਕਰਵਾਈ ਦੀ ਰੂਪਰੇਖਾ ਤਿਆਰ ਕਰੀਏ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੰਮੇਲਨ ਵਿਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਪ੍ਰਧਾਨਗੀ ਕਰਨ ਵਾਲੇ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਕਹੇ। ਸੰਮੇਲਨ ਵਿਚ ਅੰਸਾਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਤਵਾਦ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦਾ ਸਭ ਤੋਂ ਵੱਡਾ ਦੋਸ਼ੀ ਹੈ। ਕੁਝ ਦੇਸ਼ ਅੱਤਵਾਦ ਨੂੰ ਆਪਣੀ ਰਾਸ਼ਟਰੀ ਨੀਤੀ ਵਿਚ ਸ਼ਾਮਲ ਕਰਕੇ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤਰ੍ਹਾਂ ਦੇ ਦੇਸ਼ਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਖ਼ਿਲਾਫ਼ ਇਸ ਤਰ੍ਹਾਂ ਦੀ ਪ੍ਰਭਾਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨਾਲ ਗੁੱਟ ਨਿਰਪੇਖ ਦੇਸ਼ਾਂ ਦੀ ਤਾਕਤ ਤੇ ਮਹੱਤਵ ਦਾ ਪਤਾ ਲੱਗ ਸਕੇ। ਅੱਤਵਾਦ ਸਾਡੇ ਵਿਕਾਸ, ਸੁਰੱਖਿਆ ਤੇ ਪ੍ਰਭੂਸੱਤਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਸੰਮੇਲਨ ਵਿਚ ਕੁਝ ਦੇਸ਼ਾਂ ਵੱਲੋਂ ਅੱਤਵਾਦ ਦੀ ਨੀਤੀ ਅਪਣਾਉਣ ਦੀ ਗੱਲ ਕਹਿ ਕੇ ਭਾਰਤ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਮੰਚ ‘ਤੇ ਪਾਕਿਸਤਾਨ ਨੂੰ ਘੇਰਿਆ ਹੈ। ਇਸ ਤੋਂ ਪਹਿਲਾਂ ਚੀਨ ਵਿਚ ਜੀ-20 ਸੰਮੇਲਨ ‘ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਂ ਲਏ ਬਗੈਰ ਪਾਕਿਸਤਾਨ ‘ਤੇ ਨਿਸ਼ਾਨਾ ਲਾਇਆ ਸੀ।
ਚਾਬਹਾਰ ਨਾਲ ਮਜਬੂਤ ਹੋਈ ਭਾਰਤ-ਈਰਾਨ ਦੀ ਦੋਸਤੀ : ਭਾਰਤ ਤੇ ਈਰਾਨ ਦੇ ਰਿਸ਼ਤਿਆਂ ਵਿਚ ਚਾਬਹਾਰ ਬੰਦਰਗਾਹ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚ ਹੋਏ ਸਮਝੌਤੇ ਨੂੰ ਮਹੱਤਰਪੂਰਨ ਦੱਸਦੇ ਹੋਏ ਉੱਪ ਰਾਸ਼ਟਰਪਤੀ ਅੰਸਾਰੀ ਨੇ ਇਸ ਨੂੰ ਆਪਸੀ ਰਿਸ਼ਤਿਆਂ ਦਾ ਅਹਿਮ ਮੋੜ ਦੱਸਿਆ। ਉਨ੍ਹਾਂ ਨੇ ਇਹ ਗੱਲ ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨਾਲ ਮੁਲਾਕਾਤ ਦੌਰਾਨ ਕਹੀ।
ਗੁੱਟ ਨਿਰਪੇਖ ਦੇਸ਼ ਅੱਤਵਾਦ ਖ਼ਿਲਾਫ਼ ਲੈਣਗੇ ਸੰਕਲਪ
ਪੋਰਲਾਮਾਰ : ਵੇਨੇਜੁਏਲਾ ਵਿਚ ਗੁੱਟ ਨਿਰਪੇਖ ਦੇਸ਼ਾਂ ਦੇ ਸੰਮੇਲਨ ਦੌਰਾਨ ਭਾਰਤ ਨੇ ਅੱਤਵਾਦ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਕ ਦੇਸ਼ ਅੱਤਵਾਦ ਖ਼ਿਲਾਫ਼ ਬਣਨ ਵਾਲੇ ਮਸੌਦੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਦੇਸ਼ ਆਪ ਅੱਤਵਾਦ ਦੀ ਹਮਾਇਤ ਕਰਨ ਦੇ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਭਾਰਤ ਨੇ ਕਿਹਾ ਕਿ ਅੱਤਵਾਦ ਨਾਲ ਲੜਣ ਲਈ ਐਲਾਨਨਾਮੇ ਦੀ ਰੂਪਰੇਖਾ ਤਿਆਰ ਕੀਤੀ ਜੀ ਰਹੀ ਹੈ। ਇਸ ‘ਚ ਅੱਤਵਾਦ ‘ਤੇ ਕੰਟਰੋਲ ਕਰਨ ਲਈ ਉਸ ਦੀ ਆਰਥਿਕ ਮਦਦ ਤੇ ਨਾਜਾਇਜ਼ ਕਾਰੋਬਾਰ ਰੋਕਣ ਸਬੰਧੀ ਗੱਲਾਂ ਵੀ ਹੋਣਗੀਆਂ।