Breaking News
Home / ਭਾਰਤ / ਬਦਲਦੇ ਹਾਲਾਤ ਮੁਤਾਬਕ ਹੋਵੇ ਸੰਵਿਧਾਨ ਦੀ ਵਿਆਖਿਆ : ਚੀਫ ਜਸਟਿਸ ਚੰਦਰਚੂੜ

ਬਦਲਦੇ ਹਾਲਾਤ ਮੁਤਾਬਕ ਹੋਵੇ ਸੰਵਿਧਾਨ ਦੀ ਵਿਆਖਿਆ : ਚੀਫ ਜਸਟਿਸ ਚੰਦਰਚੂੜ

ਮੁੰਬਈ/ਬਿਊਰੋ ਨਿਊਜ਼ : ਦੇਸ਼ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਹੈ ਕਿ ਕਿਸੇ ਵੀ ਜੱਜ ਦਾ ਹੁਨਰ ਸੰਵਿਧਾਨ ਦੀ ਆਤਮਾ ਕਾਇਮ ਰਖਦਿਆਂ ਬਦਲਦੇ ਹਾਲਾਤ ਨਾਲ ਉਸ ਦੀ ਢੁੱਕਵੀਂ ਵਿਆਖਿਆ ਕਰਨ ‘ਚ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅੱਗੇ ਦਾ ਰਾਹ ਗੁੰਝਲਦਾਰ ਹੋਵੇ ਤਾਂ ਭਾਰਤੀ ਸੰਵਿਧਾਨ ਦਾ ਮੂਲ ਢਾਂਚਾ ਆਪਣੇ ਵਿਆਖਿਆਕਾਰਾਂ ਅਤੇ ਉਸ ਨੂੰ ਲਾਗੂ ਕਰਨ ਵਾਲਿਆਂ ਨੂੰ ਮਾਰਗ ਦਰਸ਼ਨ ਅਤੇ ਰਾਹ ਦਿਖਾਉਂਦਾ ਹੈ। ਚੀਫ ਜਸਟਿਸ ਨੇ ਕਿਹਾ, ”ਹਾਲੀਆ ਦਹਾਕਿਆਂ ‘ਚ ਨਿਯਮਾਂ ਦਾ ਗਲ ਘੁੱਟਣ, ਖਪਤਕਾਰ ਕਲਿਆਣ ਨੂੰ ਉਤਸ਼ਾਹਿਤ ਕਰਨ ਅਤੇ ਵਪਾਰਕ ਲੈਣ-ਦੇਣ ਦੀ ਹਮਾਇਤ ਕਰਨ ਦੇ ਪੱਖ ‘ਚ ਭਾਰਤ ਦੇ ਕਾਨੂੰਨੀ ਦ੍ਰਿਸ਼ ‘ਚ ਇਕ ਅਹਿਮ ਬਦਲਾਅ ਆਇਆ ਹੈ।”
ਇਥੇ ਨਾਨੀ ਏ ਪਾਲਕੀਵਾਲਾ ਯਾਦਗਾਰੀ ਭਾਸ਼ਨ ਨੂੰ ਸੰਬੋਧਨ ਕਰਦਿਆਂ ਜਸਟਿਸ ਚੰਦਰਚੂੜ ਨੇ ਕਿਹਾ ਕਿ ਸੰਵਿਧਾਨ ਦਾ ਬੁਨਿਆਦੀ ਢਾਂਚਾ ਧਰੂ ਤਾਰੇ ਵਾਂਗ ਸੰਵਿਧਾਨ ਦੇ ਵਿਆਖਿਆਕਾਰਾਂ ਅਤੇ ਉਸ ਨੂੰ ਲਾਗੂ ਕਰਨ ਵਾਲਿਆਂ ਨੂੰ ਗੁੰਝਲਦਾਰ ਰਾਹ ‘ਚੋਂ ਨਿਕਲਣ ਦੀ ਸੇਧ ਦਿੰਦਾ ਹੈ। ‘ਸਾਡੇ ਸੰਵਿਧਾਨ ਦਾ ਮੂਲ ਢਾਂਚਾ ਸੰਵਿਧਾਨ ਦੀ ਸਰਵਉੱਚਤਾ, ਕਾਨੂੰਨ ਦਾ ਸ਼ਾਸਨ, ਸ਼ਕਤੀਆਂ ਦੀ ਵੰਡ, ਨਿਆਂਇਕ ਸਮੀਖਿਆ, ਧਰਮਨਿਰਪੱਖਤਾ, ਸੰਘਵਾਦ, ਆਜਾਦੀ, ਵਿਅਕਤੀ ਦੇ ਮਾਣ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ‘ਤੇ ਆਧਾਰਿਤ ਹੈ।’ ਚੀਫ ਜਸਟਿਸ ਨੇ ਕਿਹਾ ਕਿ ਉਭਰਦੇ ਆਲਮੀ ਅਰਥਚਾਰੇ ਨੇ ਕੌਮੀ ਸਰਹੱਦਾਂ ਮਿਟਾ ਦਿੱਤੀਆਂ ਹਨ ਅਤੇ ਕੰਪਨੀਆਂ ਹੁਣ ਸਰਹੱਦ ‘ਤੇ ਨਹੀਂ ਰੁਕਦੀਆਂ ਹਨ।
ਉਨ੍ਹਾਂ ਕਿਹਾ ਕਿ ਸੰਵਿਧਾਨ ਸਰਕਾਰ ਨੂੰ ਸਮਾਜਿਕ ਮੰਗਾਂ ਪੂਰੀਆਂ ਕਰਨ ਲਈ ਕਾਨੂੰਨੀ ਅਤੇ ਆਰਥਿਕ ਨੀਤੀਆਂ ਬਦਲਣ ਤੇ ਵਿਕਸਤ ਕਰਨ ਦੀ ਇਜਾਜਤ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕੰਪੀਟਿਸ਼ਨ ਲਾਅ ਅਤੇ ਦੀਵਾਲੀਆ ਕੋਡ ਨਾਲ ਸਬੰਧਤ ਕਾਨੂੰਨ ਮੰਡੀ ਦੇ ਢੁੱਕਵੇਂ ਮੁਕਾਬਲੇ ਲਈ ਤਿਆਰ ਕੀਤੇ ਗਏ ਹਨ। ‘ਜੀਐੱਸਟੀ ਨੇ ਦੇਸ਼ ‘ਚ ਵਸਤਾਂ ਅਤੇ ਸੇਵਾਵਾਂ ਦੀ ਸਪਲਾਈ ਬਾਰੇ ਅਸਿੱਧੇ ਟੈਕਸਾਂ ਨੂੰ ਤਰਕਸੰਗਤ ਬਣਾਇਆ ਹੈ।’
ਜਸਟਿਸ ਚੰਦਰਚੂੜ ਨੇ ਕਿਹਾ,”ਅਸੀਂ ਉਸ ਸਮੇਂ ਤੋਂ ਲੰਬਾ ਸਫਰ ਤੈਅ ਕਰ ਚੁੱਕੇ ਹਾਂ ਜਦੋਂ ਇਕ ਜ਼ਰੂਰੀ ਫੋਨ ਲੈਣ ਲਈ ਤੁਹਾਨੂੰ ਇਕ ਦਹਾਕੇ ਤੱਕ ਉਡੀਕ ਕਰਨੀ ਪੈਂਦੀ ਸੀ ਅਤੇ ਕਈ ਵਾਰ ਆਪਣੀ ਕਾਰ ਖਰੀਦਣ ‘ਚ ਵੀ ਵਧੇਰੇ ਸਮਾਂ ਲੱਗ ਜਾਂਦਾ ਸੀ। ਅਸੀਂ ਪੂੰਜੀਗਤ ਮੁੱਦਿਆਂ ਦੇ ਕੰਟਰੋਲ ਦੇ ਸਮੇਂ ਤੋਂ ਲੰਬਾ ਸਫਰ ਤੈਅ ਕਰ ਚੁੱਕੇ ਹਾਂ।”
ਅਦਾਲਤੀ ਫੈਸਲਿਆਂ ਦੇ ਅਨੁਵਾਦ ਲਈ ਏਆਈ ਦੀ ਕੀਤੀ ਜਾ ਸਕਦੀ ਹੈ ਵਰਤੋਂ
ਮੁੰਬਈ : ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਸੰਕੇਤ ਦਿੱਤੇ ਹਨ ਕਿ ਅਦਾਲਤੀ ਫੈਸਲਿਆਂ ਦੀਆਂ ਕਾਪੀਆਂ ਸਾਰੀਆਂ ਭਾਰਤੀ ਭਾਸ਼ਾਵਾਂ ‘ਚ ਅਨੁਵਾਦ ਕਰਨ ਲਈ ਮਸਨੂਈ ਬੌਧਿਕਤਾ (ਏਆਈ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਮਹਾਰਾਸ਼ਟਰ ਅਤੇ ਗੋਆ ਬਾਰ ਕੌਂਸਲ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ ਕੇਸਾਂ ਦੀ ਸੁਣਵਾਈ ਦੇ ਸਿੱਧੇ ਪ੍ਰਸਾਰਣ ਦੇ ਲਾਭ ਗਿਣਾਏ ਅਤੇ ਕਿਹਾ ਕਿ ਕਾਨੂੰਨ ਦੇ ਅਧਿਆਪਕ ਅਤੇ ਵਿਦਿਆਰਥੀ ਇਨ੍ਹਾਂ ਦਾ ਪ੍ਰਸਾਰਣ ਦੇਖ ਕੇ ਉਨ੍ਹਾਂ ‘ਤੇ ਵਿਚਾਰ ਵਟਾਂਦਰਾ ਕਰ ਸਕਦੇ ਹਨ। ਤਕਨਾਲੋਜੀ ਦੀ ਅਹਿਮੀਅਤ ‘ਤੇ ਜੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਤਕਨਾਲੋਜੀ ਨੂੰ ਹਰੇਕ ਤੱਕ ਪਹੁੰਚਾਉਣਾ ਉਨ੍ਹਾਂ ਦਾ ਮਿਸ਼ਨ ਹੈ। ਉਨ੍ਹਾਂ ਅਲਾਮਾ ਇਕਬਾਲ ਦੇ ਸ਼ੇਅਰ ‘ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈਂ, ਅਭੀ ਇਸ਼ਕ ਕੇ ਇਮਤਿਹਾਨ ਔਰ ਭੀ ਹੈਂ, ਤੂ ਸ਼ਾਹੀਨ ਹੈ ਪਰਵਾਜ ਹੈ, ਕਾਮ ਤੇਰਾ ਭੀ ਆਸਮਾਨ ਹੈ’ ਨਾਲ ਆਪਣੇ ਭਾਸ਼ਨ ਦੀ ਸਮਾਪਤੀ ਕੀਤੀ।

 

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …