Breaking News
Home / ਕੈਨੇਡਾ / ਗਿਆਨ ਸਿੰਘ ਦਰਦੀ ਆਪਣੇ ਦੋ ਗ਼ਜ਼ਲ-ਸੰਗ੍ਰਹਿ ਚੰਡੀਗੜ੍ਹ ਵਿਚ ਲੋਕ-ਅਰਪਿਤ ਕਰਵਾ ਕੇ ਬਰੈਂਪਟਨ ਪਰਤੇ

ਗਿਆਨ ਸਿੰਘ ਦਰਦੀ ਆਪਣੇ ਦੋ ਗ਼ਜ਼ਲ-ਸੰਗ੍ਰਹਿ ਚੰਡੀਗੜ੍ਹ ਵਿਚ ਲੋਕ-ਅਰਪਿਤ ਕਰਵਾ ਕੇ ਬਰੈਂਪਟਨ ਪਰਤੇ

ਬਰੈਂਪਟਨ/ਡਾ. ਝੰਡ : ਗ਼ਜ਼ਲਗੋ ਗਿਆਨ ਸਿੰਘ ਦਰਦੀ ਆਪਣੇ ਦੋ ਨਵੇਂ ਗ਼ਜ਼ਲ-ਸੰਗ੍ਰਹਿ ‘ਸ਼ਬਦ ਨਾਦ’ ਤੇ ‘ਅਕਾਸ਼ ਗੰਗਾ’ ਜੂਨ ਮਹੀਨੇ ਪੰਜਾਬ ਕਲਾ ਕੇਂਦਰ, ਚੰਡੀਗੜ੍ਹ ਵਿਚ ਲੋਕ-ਅਰਪਿਤ ਕਰਵਾ ਕੇ ਪਿਛਲੇ ਹਫ਼ਤੇ ਬਰੈਂਪਟਨ ਵਾਪਸ ਆ ਗਏ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਸਾਹਿਤ ਵਿਗਿਆਨ ਕੇਂਦਰ ਵੱਲੋਂ ਆਯੋਜਿਤ ਕੀਤੇ ਗਏ ਇਸ ਸਮਾਗ਼ਮ ਵਿਚ ਇਹ ਦੋਵੇਂ ਪੁਸਤਕਾਂ ਗ਼ਜ਼ਲ, ਕਵਿਤਾ ਤੇ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿਚ ਲੋਕ-ਅਰਪਿਤ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਕਵਿਤਾਵਾਂ ਦੀਆਂ ਦੋ ਪੁਸਤਕਾਂ ‘ਕੇਸਰ ਦੇ ਫੁੱਲ’ ਤੇ ‘ਆਥਣ ਦੀ ਲੋਅ’ ਅਤੇ ਗ਼ਜਲ ਸੰਗ੍ਰਹਿ ‘ਪੰਧ ਹੱਯਾਤੀ’ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ।
ਚੰਡੀਗੜ੍ਹ ਵਿਚ ਹੋਏ ਸਮਾਗ਼ਮ ਦੇ ਮੁੱਖ-ਮਹਿਮਾਨ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਸਨ ਅਤੇ ਇਸ ਦੀ ਪ੍ਰਧਾਨਗੀ ਪ੍ਰਸਿੱਧ ਲੇਖਕ ਤੇ ਗ਼ਜ਼ਲਗੋ ਸਿਰੀਰਾਮ ਅਰਸ਼ ਨੇ ਕੀਤੀ, ਜਦਕਿ ਗ਼ਜ਼ਲਗੋ ਗੁਰਚਰਨ ਕੌਰ ਕੋਛੜ ਇਸ ਸਮਾਗ਼ਮ ਦੇ ਵਿਸ਼ੇਸ਼ ਮਹਿਮਾਨ ਸਨ। ਪ੍ਰਧਾਨਗੀ-ਮੰਡਲ ਵਿਚ ਉਨ੍ਹਾਂ ਦੇ ਨਾਲ ਗੁਰਦਰਸ਼ਨ ਸਿੰਘ ਮਾਵੀ ਵੀ ਮੌਜੂਦ ਸਨ ਅਤੇ ਪੁਸਤਕਾਂ ਦੇ ਲੋਕ-ਅਰਪਣ ਸਮੇਂ ਸੇਵੀ ਸਾਹਿਤ ਸਭਾ ਦੇ ਪ੍ਰਧਾਨ ਅਤੇ ਗ਼ਜ਼ਲਗੋ ਜਸਪਾਲ ਸਿੰਘ ਦਸੂਵੀ ਵੀ ਉਨ੍ਹਾਂ ਦੇ ਨਾਲ ਸ਼ਾਮਲ ਹੋਏ।
ਗਿਆਨ ਸਿੰਘ ਦਰਦੀ ਦੀਆਂ ਗ਼ਜ਼ਲਾਂ ਦੀ ਸਰਾਹਨਾ ਕਰਦਿਆਂ ਹੋਇਆਂ ਸੁਲੱਖਣ ਸਰਹੱਦੀ ਨੇ ਇਨ੍ਹਾਂ ਨੂੰ ਦਰਦੀ ਹੁਰਾਂ ਦੀ ਉੱਚੇਰੀ ਸੋਚ ਸਦਕਾ ਗ਼ਜ਼ਲ ਦੇ ਮਿਆਰਾਂ ਤੇ ਮਾਪ-ਦੰਡਾਂ ‘ਤੇ ਪੂਰਾ ਉੱਤਰਦੀਆਂ ਹੋਈਆਂ ਦੱਸਿਆ। ਸਿਰੀਰਾਮ ਅਰਸ਼ ਅਤੇ ਗੁਰਚਰਨ ਕੌਰ ਕੋਛੜ ਵੱਲੋਂ ਵੀ ਇਨ੍ਹਾਂ ਦੀ ਕਾਫ਼ੀ ਤਾਰੀਫ਼ ਕੀਤੀ ਗਈ। ਉਨ੍ਹਾਂ ਵੱਲੋਂ ਇਨ੍ਹਾਂ ਦੋਹਾਂ ਪੁਸਤਕਾਂ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ ਗ਼ਜ਼ਲ ਦੇ ਖ਼ੇਤਰ ਵਿਚ ਖ਼ੂਬਸੂਰਤ ਵਾਧਾ ਦੱਸਿਆ ਗਿਆ। ਇਸ ਮੌਕੇ ਪੁਸਤਕਾਂ ਸਬੰਧੀ ਹੋਈ ਵਿਚਾਰ-ਚਰਚਾ ਵਿਚ ਡਾ. ਅਵਤਾਰ ਸਿੰਘ ਪਤੰਗ, ਦਰਸ਼ਨ ਸਿੰਘ ਸਿੱਧੂ, ਸਤਬੀਰ ਕੌਰ, ਸਿਮਰਜੀਤ ਕੌਰ ਗਰੇਵਾਲ ਅਤੇ ਦਵਿੰਦਰ ਕੌਰ ਢਿੱਲੋਂ ਵੱਲੋਂ ਭਾਗ ਲਿਆ ਗਿਆ। ਕੁਲ ਮਿਲਾ ਕੇ ਇਹ ਸਮਾਗ਼ਮ ਬਹੁਤ ਵਧੀਆ ਰਿਹਾ ਅਤੇ ਗਿਆਨ ਸਿੰਘ ਦਰਦੀ ਹੁਰਾਂ ਲਈ ਯਾਦਗਾਰੀ ਬਣ ਗਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …