1986 ‘ਚ ਰਾਜੀਵ ਗਾਂਧੀ ਦੇ ਕਹਿਣ ‘ਤੇ ਆਏ ਸਨ ਰਾਜਨੀਤੀ ਖੇਤਰ ਵਿਚ
ਨਵੀਂ ਦਿੱਲੀ/ਬਿਊਰੋ ਨਿਊਜ਼
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਅੱਜ ਦੇਹਾਂਤ ਹੋ ਗਿਆ। ਅਜੀਤ ਜੋਗੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਹ 20 ਦਿਨ ਤੋਂ ਰਾਏਪੁਰ ਦੇ ਹਸਪਤਾਲ ਵਿਚ ਭਰਤੀ ਸਨ ਤੇ ਕੋਮਾ ਵਿਚ ਸਨ। ਅਜੀਤ ਜੋਗੀ ਦਾ 74 ਸਾਲ ਦੀ ਉਮਰ ਵਿਚ ਦੇਹਾਂਤ ਹੋਇਆ। ਅਜੀਤ ਜੋਗੀ ਨੇ 2016 ਵਿਚ ਕਾਂਗਰਸ ਛੱਡ ਦਿੱਤੀ ਸੀ ਤੇ ਆਪਣੀ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦੀ ਸਥਾਪਨਾ ਕੀਤੀ ਸੀ।ਅਜੀਤ ਜੋਗੀ ਦਾ ਪੂਰਾ ਨਾਮ ਅਜੀਤ ਪ੍ਰਮੋਦ ਕੁਮਾਰ ਜੋਗੀ ਸੀ। ਉਨ੍ਹਾਂ ਦਾ ਜਨਮ ਛੱਤੀਸਗੜ੍ਹ ਦੇ ਬਿਲਾਸਪੁਰ ਦੇ ਪੇਂਡਰਾ ‘ਚ 29 ਅਪ੍ਰੈਲ 1946 ਨੂੰ ਹੋਇਆ। 1986 ‘ਚ ਰਾਜੀਵ ਗਾਂਧੀ ਦੇ ਕਹਿਣ ‘ਤੇ ਅਜੀਤ ਜੋਗੀ ਨੇ ਕਲੈਕਟਰ ਦੀ ਨੌਕਰੀ ਛੱਡ ਕੇ ਕਾਂਗਰਸ ਪਾਰਟੀ ਨਾਲ ਜੁੜ ਕੇ ਆਪਣਾ ਰਾਜਨੀਤਿਕ ਕੈਰੀਅਰ ਸ਼ੁਰੂ ਕੀਤਾ। ਅਜੀਤ ਜੋਗੀ 1986 ਤੋਂ 1998 ਤੱਕ ਰਾਜ ਸਭਾ ਦੇ ਮੈਂਬਰ ਰਹੇ ਅਤੇ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਦੇ ਰਹੇ।