Breaking News
Home / ਭਾਰਤ / ਭਾਰਤ ਨੂੰ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਤੋਂ ਮੁਕਤ ਕਰਨ ਦੀ ਲੋੜ : ਪ੍ਰਧਾਨ ਮੰਤਰੀ

ਭਾਰਤ ਨੂੰ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਤੋਂ ਮੁਕਤ ਕਰਨ ਦੀ ਲੋੜ : ਪ੍ਰਧਾਨ ਮੰਤਰੀ

ਨਰਿੰਦਰ ਮੋਦੀ ਨੇ 9ਵੀਂ ਵਾਰ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਵਾਸੀਆਂ ਕੀਤਾ ਸੰਬੋਧਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 25 ਸਾਲਾਂ ਵਿੱਚ ਭਾਰਤ ਨੂੰ ਵਿਕਸਤ ਮੁਲਕ ਬਣਾਉਣ ਲਈ ‘ਪੰਜ ਪ੍ਰਣ’ (ਪੰਜ ਸੰਕਲਪਾਂ) ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਜਦੋਂ ਦੇਸ਼ ਨੂੰ ਭ੍ਰਿਸ਼ਟਾਚਾਰ ਤੇ ਭਾਈ-ਭਤੀਜਾਵਾਦ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਨ੍ਹਾਂ ਜੌੜੀਆਂ ਅਲਾਮਤਾਂ, ਜਿਨ੍ਹਾਂ ਦੀ ਹੋਂਦ ਸਿਆਸਤ ਤੋਂ ਵੀ ਪਾਰ ਹੈ, ਖਿਲਾਫ਼ ‘ਨਫ਼ਰਤ’ ਦਾ ਜਜ਼ਬਾ ਰੱਖਣ ਦੀ ਲੋੜ ਹੈ। ਮੋਦੀ ਸੋਮਵਾਰ ਨੂੰ ਲਾਲ ਕਿਲੇ ਦੀ ਫਸੀਲ ਤੋਂ ਦੇਸ਼ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ ਲਗਾਤਾਰ 9ਵੀਂ ਵਾਰ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਮੋਦੀ ਨੇ ਕਿਹਾ, ”ਰਾਸ਼ਟਰ ਨੂੰ ਹੁਣ ਸਿਰਫ਼ ਵੱਡੇ ਟੀਚੇ ਸਥਾਪਤ ਕਰਨੇ ਚਾਹੀਦੇ ਹਨ। ਇਹ ਵੱਡਾ ਟੀਚਾ ਵਿਕਸਤ ਭਾਰਤ ਦਾ ਹੈ ਤੇ ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ।” ਉਨ੍ਹਾਂ ਆਪਣੀ ਤਕਰੀਰ ਵਿੱਚ ਪਰਿਵਾਰਵਾਦੀ ਸਿਆਸਤ ਕਰਕੇ ਦਰਪੇਸ਼ ਚੁਣੌਤੀਆਂ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਰਾਸ਼ਟਰ ਨੂੰ ਦਰਪੇਸ਼ ਦੋ ਮੁੱਖ ਚੁਣੌਤੀਆਂ ਹਨ। ਭ੍ਰਿਸ਼ਟਾਚਾਰ ‘ਦੇਸ਼ ਨੂੰ ਸਿਉਂਕ ਵਾਂਗ ਖਾ ਰਿਹਾ ਹੈ’, ਤੇ ਭਾਰਤ ਇਸ ਖਿਲਾਫ਼ ਲੜਾਈ ਦੇ ਫੈਸਲਾਕੁਨ ਦੌਰ ਵਿੱਚ ਦਾਖ਼ਲ ਹੋ ਗਿਆ ਹੈ। ਰਵਾਇਤੀ ਕੁੜਤੇ ਤੇ ਚੂੜੀਦਾਰ ਪਜਾਮੇ, ਨੀਲੀ ਜੈਕੇਟ ਤੇ ਸਿਰ ‘ਤੇ ਸਫ਼ੇਦ ਪੱਗੜੀ, ਜਿਸ ‘ਤੇ ਤਿਰੰਗੇ ਵਾਲੀਆਂ ਧਾਰੀਆਂ ਸਨ, ਵਿਚ ਸਜੇ ਪ੍ਰਧਾਨ ਮੰਤਰੀ ਮੋਦੀ ਨੇ 21 ਤੋਪਾਂ ਦੀ ਸਲਾਮੀ ਦੌਰਾਨ ਕੌਮੀ ਝੰਡਾ ਲਹਿਰਾਇਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਇਤਿਹਾਸਕ ਹੈ ਤੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਇਹ ਦੇਸ਼ ਲਈ ਨਵੇਂ ਦ੍ਰਿੜ ਸੰਕਲਪ ਨਾਲ ਅੱਗੇ ਵਧਣ ਦਾ ਸਮਾਂ ਹੈ। ਉਨ੍ਹਾਂ ਸਹਿਕਾਰੀ ਸੰਘਵਾਦ, ਵੰਨ-ਸੁਵੰਨਤਾ, ਨਾਗਰਿਕਾਂ ਵਿੱਚ ਏਕਾ, ਲਿੰਗ ਸਮਾਨਤਾ, ਖੋਜ ਤੇ ਨਵੀਆਂ ਕਾਢਾਂ ਦੀ ਮਜ਼ਬੂਤੀ ਨਾਲ ਵਕਾਲਤ ਕੀਤੀ। 82 ਮਿੰਟਾਂ ਦੀ ਆਪਣੀ ਤਕਰੀਰ ਦੌਰਾਨ ਪ੍ਰਧਾਨ ਮੰਤਰੀ ਨੇ ਕਿਸੇ ਨਵੇਂ ਪੇਸ਼ਕਦਮੀ ਜਾਂ ਸਕੀਮ ਦਾ ਐਲਾਨ ਨਹੀਂ ਕੀਤਾ। ਮਹਿਲਾਵਾਂ ਦੀ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਦੀ ਤਰੱਕੀ ਵਿੱਚ ਮਹਿਲਾਵਾਂ ਨੂੰ ਸਤਿਕਾਰ ਦੇਣਾ ਅਹਿਮ ਥੰਮ੍ਹ ਹੈ। ਉਨ੍ਹਾਂ ਕਿਹਾ ਕਿ ਆਪਣੀ ਗੱਲਬਾਤ ਤੇ ਵਿਹਾਰ ਦੌਰਾਨ ‘ਅਸੀਂ ਅਜਿਹਾ ਕੋਈ ਕੰਮ ਨਾ ਕਰੀਏ ਜਿਸ ਨਾਲ ਮਹਿਲਾਵਾਂ ਦਾ ਮਾਣ-ਸਤਿਕਾਰ ਘਟੇ।” ਉਨ੍ਹਾਂ ਦੇਸ਼ ਵਾਸੀਆਂ ਨੂੰ ਖ਼ਬਰਦਾਰ ਕੀਤਾ ਕਿ ਉਹ ਪਿਛਲੇ 75 ਸਾਲਾਂ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਢਿੱਲ ਜਾਂ ਸੁਸਤੀ ਨਾ ਵਰਤਣ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਹੁਣ ਅਗਲੇ 25 ਸਾਲਾਂ ਵਿੱਚ ‘ਪੰਜ ਪ੍ਰਣ’ ਪੂਰੇ ਕਰਨ ਵੱਲ ਸਾਰੀ ਤਾਕਤ ਕੇਂਦਰਤ ਕਰਨੀ ਹੋਵੇਗੀ। ਉਨ੍ਹਾਂ ਜਿਹੜੇ ਪੰਜ ਸੰਕਲਪ ਦਿੱਤੇ, ਉਨ੍ਹਾਂ ਵਿੱਚ ਵਿਕਸਤ ਭਾਰਤ ਦਾ ਨਿਸ਼ਚਾ, ਬਸਤੀਵਾਦੀ ਮਾਨਸਿਕਤਾ ਦੇ ਕਿਸੇ ਵੀ ਨਿਸ਼ਾਨ ਨੂੰ ਮਿਟਾਉਣਾ, ਆਪਣੀ ਵਿਰਾਸਤ ‘ਤੇ ਮਾਣ ਮਹਿਸੂਸ ਕਰਨਾ, ਸਾਡੀ ਏਕੇ ਦੀ ਤਾਕਤ ਅਤੇ ਨਾਗਰਿਕਾਂ, ਜਿਸ ਵਿੱਚ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੀ ਸ਼ਾਮਲ ਹਨ, ਵਜੋਂ ਆਪਣੇ ਫ਼ਰਜ਼ਾਂ ਨੂੰ ਨਿਭਾਉਣਾ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੰਜ ਸੰਕਲਪਾਂ ਨੂੰ ਦਿਮਾਗ ਵਿੱਚ ਰੱਖ ਕੇ ਅਗਲੇ 25 ਸਾਲਾਂ ਵਿੱਚ ਆਪਣੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ। ‘ਅਮ੍ਰਿਤ ਕਾਲ’ ਇਨ੍ਹਾਂ ਸੁਪਨਿਆਂ ਤੇ ਟੀਚਿਆਂ ਨੂੰ ਪੂਰਾ ਕਰਨ ਦਾ ਸੁਨਹਿਰੀ ਮੌਕਾ ਹੈ। ਈਡੀ ਜਿਹੀਆਂ ਸੰਘੀ ਏਜੰਸੀਆਂ ਦੀ ਵਰਤੋਂ ਕਰਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਲੱਗ ਰਹੇ ਦੋਸ਼ਾਂ ਬਾਰੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਲੋਕਾਂ ਨੇ ਅੱਖੀਂ ਵੇਖਿਆ ਹੈ ਕਿ ਕੁਝ ਲੋਕਾਂ ਕੋਲ ਕਾਲਾ ਧਨ ਲੁਕਾਉਣ ਲਈ ਥਾਂ ਨਹੀਂ ਹੈ, ਜਦੋਂਕਿ ਵੱਡੀ ਗਿਣਤੀ ਲੋਕਾਂ ਕੋਲ ਰਹਿਣ ਲਈ ਥਾਂ ਨਹੀਂ ਹੈ। ਉਨ੍ਹਾਂ ਕਿਹਾ, ”ਭ੍ਰਿਸ਼ਟਾਚਾਰ ਸਿਉਂਕ ਵਾਂਗ ਦੇਸ਼ ਨੂੰ ਖਾ ਰਿਹਾ ਹੈ ਤੇ ਸਾਨੂੰ ਪੂਰੀ ਤਾਕਤ ਨਾਲ ਇਸ ਦਾ ਟਾਕਰਾ ਕਰਨਾ ਹੋਵੇਗਾ। ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਦੇਸ਼ ਨੂੰ ਲੁੱਟਿਆ ਹੈ, ਅਸੀਂ ਇਹ ਯਕੀਨੀ ਬਣਾਈਏ ਕਿ ਉਨ੍ਹਾਂ ਨੂੰ ਉਹ ਸਭ ਕੁਝ ਮੋੜਨਾ ਪਏ।”

Check Also

ਸ਼ਰਧਾਲੂਆਂ ਦੇ ਲਈ ਬੰਦ ਹੋਏ ਗੰਗੋਤਰੀ ਧਾਮ ਦੇ ਕਿਵਾੜ

17 ਨਵੰਬਰ ਨੂੰ ਬੰਦ ਕੀਤੇ ਜਾਣਗੇ ਬਦਰੀਨਾਥ ਧਾਮ ਦੇ ਕਿਵਾੜ ਗੜ੍ਹਵਾਲ : ਗੰਗੋਤਰੀਧਾਮ ਦੇ ਕਿਵਾੜ …