ਸੰਘਣੀ ਧੁੰਦ ਪੈਣ ਕਰਕੇ ਉਡਾਣਾਂ ਵਿੱਚ ਦੇਰੀ
ਸਿੰਧੀਆ ਨੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੇ ਹੁਕਮ
ਯਾਤਰੀਆਂ ਵੱਲੋਂ ਹਵਾਈ ਪੱਟੀ ‘ਤੇ ਖਾਣਾ ਖਾਣ ਦਾ ਲਿਆ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਘਣੀ ਧੁੰਦ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰਨਾਂ ਹਵਾਈ ਅੱਡਿਆਂ ਤੋਂ ਉਡਾਣਾਂ ਵਿਚ ਦੇਰੀ ਕਰਕੇ ਪੂਰੇ ਦੇਸ਼ ‘ਚ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਰਮਿਆਨ ਸਰਕਾਰ ਨੇ ਦਿੱਲੀ ਤੇ ਮੁੰਬਈ ਸਣੇ ਮੈਟਰੋ ਸ਼ਹਿਰਾਂ ਵਿਚਲੇ ਹੋਰਨਾਂ ਹਵਾਈ ਅੱਡਿਆਂ ‘ਤੇ ‘ਵਾਰ ਰੂਮ’ ਸਥਾਪਤ ਕਰਨ ਅਤੇ ਸਿਫ਼ਰ ਦਿਸਣ ਹੱਦ ਵਿੱਚ ਜਹਾਜ਼ਾਂ ਦੀ ਲੈਂਡਿੰਗ ਲਈ ਰਨਵੇਅ ‘ਤੇ ਕੈਟ-3 ਸਿਸਟਮ ਚਾਲੂ ਕਰਨ ਸਣੇ ਹੋਰ ਕਈ ਉਪਰਾਲਿਆਂ ਦਾ ਐਲਾਨ ਕੀਤਾ ਹੈ। ਕਾਬਿਲੇਗੌਰ ਹੈ ਕਿ ਉਡਾਣਾਂ ਵਿੱਚ ਦੇਰੀ ਕਰਕੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ। ਗੁੱਸੇ ਵਿੱਚ ਭਰੇ ਪੀਤੇ ਇੱਕ ਯਾਤਰੀ ਵੱਲੋਂ ਜਹਾਜ਼ ਦੇ ਸਹਿ-ਪਾਇਲਟ ‘ਤੇ ਹਮਲਾ ਤੇ ਯਾਤਰੀਆਂ ਵੱਲੋਂ ਹਵਾਈ ਪੱਟੀ ‘ਤੇ ਖਾਣਾ ਖਾਧੇ ਜਾਣ ਦੀਆਂ ਵੀਡੀਓਜ਼ ਮਗਰੋਂ ਸਰਕਾਰ ਹਰਕਤ ਵਿੱਚ ਆ ਗਈ ਹੈ। ਮੁੰਬਈ ਹਵਾਈ ਅੱਡੇ ‘ਤੇ ਕੁਝ ਯਾਤਰੀਆਂ ਵੱਲੋਂ ਹਵਾਈ ਪੱਟੀ ‘ਤੇ ਖਾਣਾ ਖਾਂਦਿਆਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਮੰਗਲਵਾਰ ਰਾਤ ਕਰੀਬ 12:30 ਵਜੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋੜੀਂਦੀਆਂ ਹਦਾਇਤਾਂ ਕੀਤੀਆਂ। ਬੈਠਕ ਤੋਂ ਫੌਰੀ ਮਗਰੋਂ ਏਵੀਏਸ਼ਨ ਨਿਗਰਾਨ ਬੀਸੀਏਐੱਸ ਨੇ ਇੰਡੀਗੋ ਤੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਐੱਮਆਈਏਐੱਲ) ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਸਿੰਧੀਆ ਨੇ ਕਿਹਾ, ”ਸੰਘਣੀ ਧੁੰਦ ਕਰਕੇ ਹਵਾਈ ਉਡਾਣਾਂ ਵਿੱਚ ਦੇਰੀ ਦਰਮਿਆਨ ਦਿੱਲੀ, ਮੁੰਬਈ, ਹੈਦਰਾਬਾਦ, ਬੰਗਲੂਰੂ, ਚੇਨੱਈ ਤੇ ਕੋਲਕਾਤਾ ਦੇ ਹਵਾਈ ਅੱਡਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੀਆਂ ਘਟਨਾਵਾਂ ਬਾਰੇ ਦਿਨ ‘ਚ ਤਿੰਨ ਵਾਰ ਰਿਪੋਰਟ ਦੇਣ ਅਤੇ ਹਵਾਈ ਅੱਡੇ ਤੇ ਏਅਰਲਾਈਨਾਂ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ‘ਵਾਰ ਰੂਮ’ ਸਥਾਪਤ ਕਰਨ।” ਸਿੰਧੀਆ ਨੇ ਕਿਹਾ ਕਿ ਹਵਾਈ ਅੱਡਿਆਂ ‘ਤੇ ਉਚਿਤ ਸੀਆਈਐੱਸਐੱਫ ਅਮਲੇ ਦੀ 24 ਘੰਟੇ ਤਾਇਨਾਤੀ ਯਕੀਨੀ ਬਣਾਈ ਜਾਵੇਗੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …